ਟਿੱਡੀ ਦਲ ਦੇ ਹਮਲੇ ਤੋਂ ਬਚਣ ਦੇ ਲਈ ਪੰਜਾਬ ਖੇਤੀਬਾੜੀ ਵਿਭਾਗ Alert 'ਤੇ,ਕਿਸਾਨਾਂ ਨੂੰ ਇਹ ਨਿਰਦੇਸ਼

ਰਾਜਸਥਾਨ ਵਿੱਚ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੀ ਅਲਰਟ 

ਟਿੱਡੀ ਦਲ ਦੇ ਹਮਲੇ ਤੋਂ ਬਚਣ ਦੇ ਲਈ ਪੰਜਾਬ ਖੇਤੀਬਾੜੀ ਵਿਭਾਗ  Alert 'ਤੇ,ਕਿਸਾਨਾਂ ਨੂੰ ਇਹ ਨਿਰਦੇਸ਼
ਰਾਜਸਥਾਨ ਵਿੱਚ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੀ ਅਲਰਟ

 ਦੇਵਾਨੰਦ ਸ਼ਰਮਾ/ਫ਼ਰੀਦਕੋਟ : ਕੋਰੋਨਾ ਵਾਇਰਸ ਦੇ ਨਾਲ ਪੰਜਾਬ ਦੇ ਕਿਸਾਨਾਂ ਲਈ ਟਿੱਡੀ ਦਲ ਦੇ ਹਮਲੇ ਦਾ ਖ਼ਦਸ਼ਾ ਵੱਡਾ ਸਿਰਦਰਦ ਬਣ ਗਿਆ ਹੈ, ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਟਿੱਡੀ ਦਲ ਕਿਸਾਨਾਂ ਦੀ ਕਈ ਏਕੜ ਫ਼ਸਲ ਬਰਬਾਦ ਕਰ ਚੁੱਕਿਆ ਹੈ, ਹੁਣ ਰਾਜਸਥਾਨ ਨਾਲ ਲੱਗ ਦੀ ਪੰਜਾਬ ਦੀ ਸਰਹੱਦ ਦੇ ਕਿਸਾਨਾਂ ਨੂੰ ਵੀ ਟਿੱਡੀ ਦਲ ਦੇ ਹਮਲੇ ਦਾ ਡਰ ਸਤਾਉਣ ਲੱਗਿਆ ਹੈ, ਫ਼ਰੀਦਕੋਟ ਖੇਤੀਬਾੜੀ ਵਿਭਾਗ ਟਿੱਡੀਆਂ ਦੇ ਹਮਲੇ ਨੂੰ ਲੈਕੇ ਅਲਰਟ ਹੋ ਗਿਆ ਹੈ, ਖੇਤੀਬਾੜੀ ਅਫ਼ਸਰ ਡਾਕਟਰ ਹਰਨੇਕ ਸਿੰਘ ਰੋੜੇ ਦੀ ਪ੍ਰਧਾਨਗੀ ਵਿੱਚ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾਂ ਪੱਧਰ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਅਤੇ ਟਿੱਡੀਆਂ ਦੇ ਹਮਲੇ ਤੋਂ ਬਚਣ ਦੇ ਲਈ ਰਣਨੀਤੀ 'ਤੇ ਵਿਚਾਰ ਕੀਤਾ ਗਿਆ

ਫ਼ਰੀਦਕੋਟ ਵਿੱਚ ਖੇਤੀਬਾੜੀ ਵਿਭਾਗ ਦੀ ਰਣਨੀਤੀ 
 
ਖੇਤੀਬਾੜੀ ਵਿਭਾਗ ਦੇ ਅਫ਼ਸਰ ਡਾਕਟਰ ਹਰਨੇਕ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਸਾਦਿਕ ਖੇਤਰ ਨੂੰ ਡਾਰਕ ਜ਼ੋਨ ਵਿੱਚ ਰੱਖਿਆ ਗਿਆ ਹੈ, ਇਸ ਖੇਤਰ ਵਿੱਚ ਵਿਭਾਗ ਵੱਲੋਂ ਕਿਸਾਨਾਂ ਦੇ ਨਾਲ ਪੰਚਾਇਤਾਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈ ਨਾਲ ਹੀ ਵਿਭਾਗ ਨੇ ਟਿੱਡੀ ਦਲ ਦੇ ਬਚਾਅ ਦੇ ਲਈ  ਜਾਗਰੂਕ ਪੋਸਟਰ ਵੀ ਤਿਆਰ ਕੀਤੇ  ਨੇ ਜਿਸ ਨੂੰ ਜ਼ਿਲ੍ਹੇ ਦੇ ਹਰ ਕਿਸਾਨ ਤੱਕ ਪਹੁੰਚਾਇਆ ਜਾ ਰਿਹਾ ਹੈ,ਕਿਸਾਨਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਟਿੱਡੀ ਦਲ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਫ਼ੌਰਨ ਖੇਤੀਬਾੜੀ ਵਿਭਾਗ ਨੂੰ ਦੱਸਿਆ ਜਾਵੇ

ਕਿਸਾਨਾਂ ਦੀ ਚਿੰਤਾ 

ਖੇਤੀਬਾੜੀ ਵਿਭਾਗ ਭਾਵੇਂ ਟਿੱਡੀ ਦਲ ਦੇ ਹਮਲੇ ਨੂੰ ਲੈਕੇ ਰਣਨੀਤੀ ਬਣਾ ਰਿਹਾ ਹੈ ਪਰ ਕਿਸਾਨਾਂ ਦੇ ਮੰਨਾਂ ਵਿੱਚ ਫ਼ਸਲ ਨੂੰ ਲੈਕੇ ਡਰ ਬੈਠ ਗਿਆ ਹੈ, ਕਿਸਾਨ ਜਥੇਬੰਦੀਆਂ ਦੇ ਆਗੂ ਰਾਜਵੀਰ ਸਿੰਘ ਗਿੱਲ ਨੇ ਕਿਹਾ ਟਿੱਡੀ ਦਲ ਦਾ ਹਮਲਾ    ਕਿਸਾਨਾਂ ਦੀ  ਫ਼ਸਲ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੰਦਾ ਹੈ, ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਹੀ ਦਾਅਵਾ ਕਰ ਰਹੀ ਹੈ ਪਰ ਟਿੱਡੀਆਂ ਹਮਲਿਆਂ ਦਾ ਹੁਣ ਤੱਕ ਕੋਈ ਹੱਲ ਨਹੀਂ ਲੱਭ ਸਕੀ ਹੈ  

ਕਿਵੇਂ ਹੁੰਦਾ ਹੈ ਟਿੱਡੀਆਂ ਦਾ ਹਮਲਾ ?

ਪਹਿਲਾਂ ਜ਼ਮਾਨੇ ਵਿੱਚ ਟਿੱਡੀਆਂ ਨੂੰ ਭਾਂਡੇ ਖੜਕਾ ਕੇ ਭਜਾਇਆ ਜਾਂਦਾ ਸੀ ਪਰ ਬਾਅਦ ਵਿੱਚੋਂ ਇਸ ਲਈ ਸਪ੍ਰੇਅ ਛਿੜਕ ਨੇ ਸ਼ੁਰੂ ਕੀਤੇ ਗਏ, ਖੇਤੀਬਾੜੀ ਵਿਭਾਗ ਮੁਤਾਬਿਕ ਟਿੱਡੀ ਦਲ ਵੱਡੇ ਝੁੰਡ ਵਿੱਚ ਆਉਂਦੀ ਹੈ ਅਤੇ ਫ਼ਸਲਾਂ 'ਤੇ ਹਮਲਾ ਕਰਦਾ ਹੈ, ਟਿੱਡੀ ਦਲ ਦਾ ਹਮਲਾ ਰੇਤਲੀ ਜ਼ਮੀਨ ਅਤੇ ਕਾਟਨ ਬੈਲਟ ਵਿੱਚ ਜ਼ਿਆਦਾ ਵੇਖਣ ਨੂੰ ਮਿਲਦਾ ਹੈ, ਟਿੱਡੀ ਦਲ ਜ਼ਮੀਨ ਦੇ ਅੰਦਰ ਧਸ ਕੇ ਅੰਡੇ ਦਿੰਦਾ ਹੈ ਅਤੇ ਫਿਰ ਅੱਗੇ ਚਲਾ ਜਾਉਂਦਾ ਹੈ,ਪਿੱਛੇ ਫਿਰ ਨਵਾਂ ਟਿੱਡੀ ਦਲ ਪੈਦਾ ਹੋ ਜਾਂਦਾ ਹੈ ਇਸ ਤਰ੍ਹਾਂ ਇਸ ਨੂੰ ਕਾਬੂ ਕਰਨਾ ਕਾਫ਼ੀ ਮੁਸ਼ਕਲ ਹੁੰਦਾ ਹੈ,ਮੰਨਿਆ ਜਾਂਦਾ ਹੈ ਕੀ ਟਿੱਡੀ ਦਲ ਜਿਸ ਵੱਡੇ ਦਰਖ਼ਤ 'ਤੇ ਬੈਠ ਜਾਂਦਾ ਹੈ ਉਹ ਆਪਣੇ ਵਜ਼ਨ ਨਾਲ ਜਿੱਥੇ ਦਰੱਖਤ ਦੀ ਹਰਿਆਵਲ ਖ਼ਤਮ ਕਰ ਦਿੰਦਾ ਹੈ ਉੱਥੇ ਹੀ ਉਸ ਦੀਆਂ ਵੱਡੀਆਂ ਟਾਹਣੀਆਂ ਵੀ ਤੋੜ ਦਿੰਦਾ ਹੈ, ਇਸ ਤੋਂ ਇਲਾਵਾ ਟਿੱਡੀ ਦਲ ਜਦੋਂ ਸੜਕ 'ਤੇ ਕਿਸੇ ਗੱਡੀ ਦੇ ਹੇਠਾਂ ਆ ਜਾਂਦਾ ਹੈ ਤਾਂ ਉਸ ਨਾਲ ਸੜਕ 'ਤੇ ਤਿਲਕਣ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਵੱਡੇ ਪੱਧਰ 'ਤੇ ਹਾਦਸੇ ਦਾ ਵੀ ਡਰ ਹੁੰਦਾ ਹੈ