ਕੋਰੋਨਾ ਨੇ ਕੀਤਾ ਪੰਜਾਬ ਦਾ ਖ਼ਜ਼ਾਨਾ ਖ਼ਾਲੀ ! ਕਿਸਾਨਾਂ ਲਈ ਨਹੀਂ ਪੈਸੇ,ਸੁਪਰੀਮ ਕੋਰਟ 'ਚ ਪੰਜਾਬ ਦਾ ਜਵਾਬ

ਪਰਾਲੀ ਨੂੰ ਲੈਕੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਜਵਾਬ ਦਿੱਤਾ 

ਕੋਰੋਨਾ ਨੇ ਕੀਤਾ ਪੰਜਾਬ ਦਾ ਖ਼ਜ਼ਾਨਾ ਖ਼ਾਲੀ ! ਕਿਸਾਨਾਂ ਲਈ ਨਹੀਂ ਪੈਸੇ,ਸੁਪਰੀਮ ਕੋਰਟ 'ਚ ਪੰਜਾਬ ਦਾ ਜਵਾਬ
ਪਰਾਲੀ ਨੂੰ ਲੈਕੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਜਵਾਬ ਦਿੱਤਾ

ਮਹੇਸ਼ ਗੁਪਤਾ/ ਦਿੱਲੀ :  ਪੰਜਾਬ ਦੇ ਖ਼ਜ਼ਾਨਾ ਖ਼ਾਲੀ ਹੋਣ ਦੀ ਆਵਾਜ਼ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਈ ਹੈ, ਪਰਾਲੀ ਨੂੰ ਸਾੜਨ ਤੋਂ ਰੋਕਣ ਦੇ ਲਈ  ਪੰਜਾਬ ਸਰਕਾਰ ਤੋਂ ਜਦੋਂ ਸੁਪਰੀਮ ਕੋਰਟ ਵਿੱਚ ਸਵਾਲ ਪੁੱਛਿਆ ਗਿਆ ਤਾਂ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਕੋਵਿਡ-19 ਦੀ ਵਜ੍ਹਾਂ ਕਰ ਕੇ ਉਨ੍ਹਾਂ ਦਾ ਖ਼ਜ਼ਾਨਾ ਖ਼ਾਲੀ ਹੋ ਗਿਆ ਹੈ ਅਤੇ ਕਿਸਾਨਾਂ ਨੂੰ ਮਸ਼ੀਨਾਂ 'ਤੇ ਸਬਸਿਡੀ ਦੇਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਨੇ

ਹਰ ਸਾਲ ਪਰਾਲੀ ਦੀ ਵਜ੍ਹਾਂ ਕਰ ਕੇ ਹੋ ਰਹੇ ਪ੍ਰਦੂਸ਼ਨ 'ਤੇ ਦਿੱਲੀ ਪੰਜਾਬ,ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਸੂਬੇ ਇੱਕ ਦੂਜੇ 'ਤੇ ਇਲਜ਼ਾਮ ਲਗਾਉਂਦੇ ਨੇ, ਪਰ ਪ੍ਰਦੂਸ਼ਨ ਦੀ ਪਰੇਸ਼ਾਨੀ ਨਾਲ ਲੋਕਾਂ ਨੂੰ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਪਿਛਲੇ ਸਾਲ ਸੁਪਰੀਮ ਕੋਰਟ  ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਤੋਂ ਪਰਾਲੀ ਨੂੰ ਲੈਕੇ ਜਵਾਬ ਮੰਗਿਆ ਸੀ, ਅਦਾਲਤ ਨੇ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਸਾਨਾਂ ਨੂੰ ਪਰਾਲੀ ਦੀ ਮਸ਼ੀਨ ਸਬਸਿਡੀ 'ਤੇ  ਮੁਹੱਈਆ ਕਰਵਾਉਣ ਲਈ ਕਿਹਾ ਸੀ, ਪਰ ਪੰਜਾਬ ਸਰਕਾਰ ਨੇ ਜਦੋਂ  ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਜਵਾਬ ਦਿੱਤਾ ਤਾਂ ਪੂਰੀ ਤਰ੍ਹਾਂ ਨਾਲ ਹੱਥ ਖੜੇ ਕਰ ਦਿੱਤੇ, ਇਸ ਤੋਂ ਪਹਿਲਾਂ ਇਸੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਕੇਂਦਰ ਸਰਕਾਰ 
ਕਿਸਾਨਾਂ ਨੂੰ ਬੋਨਸ ਦੇਵੇ, ਪਰ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਇਸ 'ਤੇ ਕੋਈ ਜਵਾਬ ਨਹੀਂ ਮਿਲਿਆ ਹੈ 

ਪੰਜਾਬ ਸਰਕਾਰ ਨੇ ਪਰਾਲੀ ਸਾੜਨ ਨੂੰ ਰੋਕਣ ਦੇ ਲਈ ਕਿਸਾਨਾਂ ਦੇ ਜੁਰਮਾਨਾ  ਲਗਾਇਆ ਸੀ ਅਤੇ ਕੇਸ ਵੀ ਦਰਜ ਕੀਤੇ ਸਨ, ਇਸ ਦੇ ਵਿਰੋਧ ਕਿਸਾਨਾਂ ਨੇ ਸੂਬੇ ਭਰ ਵਿੱਚ ਧਰਨਾ ਵੀ ਦਿੱਤਾ ਸੀ, ਅਗਲੇ 2 ਮਹੀਨੇ ਦੇ ਅੰਦਰ ਝੋਨੇ ਦੀ ਫ਼ਸਲ ਮੁੜ ਤੋਂ ਤਿਆਰ ਹੋ ਜਾਵੇਗੀ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵੱਡੀ ਸਿਰਦਰਸੀ ਬਣਨ ਵਾਲੀ  ਹੈ