ਡੇਂਗੂ ਤੋਂ ਬਚਾਉਣ ਲਈ ਪੰਜਾਬ 'ਚ ਕੱਪੜਾ ਤਿਆਰ,1 ਮੀਟਰ ਦੇ ਦਾਇਰੇ 'ਚ ਖੜਾਂ ਸ਼ਖ਼ਸ ਵੀ ਬਚੇਗਾ

15 ਤੋਂ 20 ਵਾਰ ਧੋਣ ਕੇ ਪਾ ਸਕਦੇ ਹੋ ਕੱਪੜਾ  

ਡੇਂਗੂ ਤੋਂ ਬਚਾਉਣ ਲਈ ਪੰਜਾਬ 'ਚ ਕੱਪੜਾ ਤਿਆਰ,1 ਮੀਟਰ ਦੇ ਦਾਇਰੇ 'ਚ ਖੜਾਂ ਸ਼ਖ਼ਸ ਵੀ ਬਚੇਗਾ
15 ਤੋਂ 20 ਵਾਰ ਧੋਣ ਕੇ ਪਾ ਸਕਦੇ ਹੋ ਕੱਪੜਾ

ਲੁਧਿਆਣਾ/ ਭਰਤ ਸ਼ਰਮਾ : ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਕਸਰ ਹੀ ਆਪਣੀ ਨਵੀਆਂ ਕਾਢਾਂ ਕਰਕੇ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਹੁਣ ਖੇਤੀਬਾੜੀ ਯੂਨੀਵਰਸਿਟੀ ਦੇ ਕਮਿਊਨਿਟੀ ਸਾਇੰਸ ਵਿਭਾਗ ਵੱਲੋਂ ਇੱਕ ਅਜਿਹਾ ਕੱਪੜਾ ਤਿਆਰ ਕੀਤਾ ਗਿਆ ਹੈ ਜੋ ਨਾ ਸਿਰਫ਼ ਤੁਹਾਨੂੰ ਡੇਂਗੂ ਮੱਛਰ ਤੋਂ ਦੂਰ ਰੱਖੇਗਾ ਸਗੋਂ ਮਲੇਰੀਆ ਅਤੇ ਹੋਰ ਇਨਫੈਕਸ਼ਨ ਤੋਂ ਵੀ ਬਚਾਏਗਾ।  ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਦਾ ਦਾਅਵਾ ਹੈ ਕਿ ਇਸ ਨਾਲ ਮੱਛਰ ਤੁਹਾਡੇ ਨੇੜੇ ਵੀ ਨਹੀਂ ਆਵੇਗਾ ਕੱਟਣਾ ਤਾਂ ਦੂਰ ਦੀ ਗੱਲ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰਿਆਣਾ ਦੀ ਕੰਪਨੀ ਦੇ ਨਾਲ ਮਿਲ ਕੇ ਇਸ ਸਬੰਧੀ MOU ਸਾਈਨ ਕਰ ਲਿਆ ਗਿਆ ਹੈ। 3 ਸਾਲ ਦੀ ਮਿਹਨਤ ਤੋਂ ਬਾਅਦ ਵਿਭਾਗ ਵੱਲੋਂ ਇਹ ਕੱਪੜਾ ਤਿਆਰ ਕੀਤਾ ਗਿਆ। ਜ਼ਾਹਿਰ ਹੈ ਕਿ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਇਹ ਕੱਪੜਾ ਕਾਫ਼ੀ ਕਾਰਗਰ ਸਾਬਿਤ ਹੋਵੇਗਾ।

ਵਿਭਾਗ ਦੀ ਡੀਨ ਡਾਕਟਰ ਸੰਦੀਪ ਬੈਂਸ ਨੇ ਦੱਸਿਆ ਕਿ ਤਿੰਨ ਸਾਲ ਦੀ ਮਿਹਨਤ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕਈ ਤਰ੍ਹਾਂ ਦੇ ਕੈਮਿਕਲ ਪਾਏ ਗਏ ਨੇ, ਜੋ ਮਨੁੱਖੀ ਸਰੀਰ ਲਈ ਤਾਂ ਈਕੋ ਫਰੈਂਡਲੀ। ਪਰ ਇਸ ਦੇ ਉਲਟ ਮੱਛਰਾਂ ਲਈ ਉਸ ਤੋਂ ਕਿਤੇ ਵੱਧ ਘਾਤਕ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਖ਼ਾਸ ਕੈਮੀਕਲ ਵਰਤਿਆ ਜਾਂਦਾ ਹੈ ਜੋ ਡੇਂਗੂ ਅਤੇ ਮਲੇਰੀਆ ਵਰਗੇ ਮੱਛਰਾਂ ਨੂੰ ਤੁਹਾਡੇ ਤੋਂ ਦੂਰ ਰੱਖਦਾ ਹੈ।

ਵਿਭਾਗ ਦੀ ਦੀ ਡਾਕਟਰ ਗਰੇਵਾਲ ਨੇ ਦੱਸਿਆ ਕਿ ਇਸ ਸਬੰਧੀ ਹਰਿਆਣਾ ਦੀ ਇੱਕ ਕੰਪਨੀ ਦੇ ਨਾਲ MOU ਸਾਈਨ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਇਹ ਕੱਪੜੇ ਮਾਰਕੀਟ ਵਿੱਚ ਆ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੀ ਕੀਮਤ ਦਾ ਖ਼ੁਲਾਸਾ ਅਸੀਂ ਨਹੀਂ ਕਰ ਸਕਦੇ ਪਰ ਇਹ ਕਾਫ਼ੀ ਮਹਿੰਗਾ ਤਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸੀਜ਼ਨ ਲਈ ਇਹ ਕਾਰਗਰ ਹੈ, 15 ਤੋਂ 20 ਵਾਰ ਧੋਣ ਤੋਂ ਬਾਅਦ ਹੀ ਇਸ ਵਿੱਚ ਲੱਗਿਆ ਕੈਮੀਕਲ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਇਸ ਨੂੰ ਪਾਇਆ ਹੈ ਤਾਂ ਤੁਹਾਡੇ ਨੇੜੇ ਤੇੜੇ 1 ਮੀਟਰ ਤੱਕ ਦੇ ਦਾਇਰੇ 'ਚ ਮੱਛਰ ਨਹੀਂ ਆ ਸਕਣਗੇ।  ਜਿਸ ਨਾਲ ਤੁਸੀਂ ਆਪਣੇ ਨਾਲ ਬੈਠੇ ਲੋਕਾਂ ਨੂੰ ਵੀ ਬਚਾ ਸਕਦੇ ਹੋ। ਉਨ੍ਹਾਂ ਕਿਹਾ ਕਿ ਇਸ ਉੱਤੇ ਪੂਰੀ ਯੂਨੀਵਰਸਿਟੀ ਵੱਲੋਂ ਵਾਰ-ਵਾਰ ਤਜ਼ਰਬੇ ਕੀਤੇ ਗਏ ਨੇ, ਫਿਲਹਾਲ ਯੂਨੀਵਰਸਿਟੀ ਵੱਲੋਂ ਸੈਂਪਲ ਦੇ ਤੌਰ ਤੇ ਕਮੀਜ਼, ਰੁਮਾਲ, ਸਿਰਹਾਣੇ ਦਾ ਕਵਰ, ਅਤੇ ਹੱਥ ਵਿੱਚ ਪਾਉਣ ਵਾਲਾ ਬੈਂਡ ਬਣਾਇਆ ਗਿਆ ਹੈ।