ਬੀਜ ਘੁਟਾਲੇ ਦਾ ਮੁੱਖ ਮੁਲਜ਼ਮ ਲੱਕੀ ਢਿੱਲੋਂ ਗਿਰਫ਼ਤਾਰ,ਅਕਾਲੀ ਦਲ ਨੇ ਮੁੜ ਕੀਤੀ CBI ਜਾਂਚ ਦੀ ਮੰਗ

ਪੰਜਾਬ ਪੁਲਿਸ ਨੇ ਬੀਜ ਘੁਟਾਲੇ ਤੇ ਬਣਾਈ ਹੋਈ ਹੈ SIT 

ਬੀਜ ਘੁਟਾਲੇ ਦਾ ਮੁੱਖ ਮੁਲਜ਼ਮ ਲੱਕੀ ਢਿੱਲੋਂ ਗਿਰਫ਼ਤਾਰ,ਅਕਾਲੀ ਦਲ ਨੇ ਮੁੜ ਕੀਤੀ CBI ਜਾਂਚ ਦੀ ਮੰਗ
ਪੰਜਾਬ ਪੁਲਿਸ ਨੇ ਬੀਜ ਘੁਟਾਲੇ ਤੇ ਬਣਾਈ ਹੋਈ ਹੈ SIT

ਚੰਡੀਗੜ੍ਹ : ਪੰਜਾਬ ਵਿੱਚ ਝੋਨੇ ਦੇ ਬੀਜ ਘੁਟਾਲੇ ਮਾਮਲੇ ਵਿੱਚ ਬਣਾਈ ਗਈ SIT ਨੇ ਮੁੱਖ ਮੁਲਜ਼ਮ ਕਰਨਾਲ ਐਗਰੀ ਸੀਡ ਦੇ ਮਾਲਕ ਲਖਵਿੰਦਰ ਸਿੰਘ ਉਰਫ਼ ਲੱਕੀ ਢਿੱਲੋਂ ਨੂੰ ਗਿਰਫ਼ਤਾਰ ਕਰ ਲਿਆ ਹੈ, DGP ਦਿਨਕਰ ਗੁਪਤਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਪੰਜਾਬ ਪੁਲਿਸ ਇਸ ਘੁਟਾਲੇ ਦੀ ਤੈਅ ਤੱਕ ਜਾਵੇਗੀ ਅਤੇ ਕਿਸੇ ਨੂੰ ਨਹੀਂ ਬਖ਼ਸ਼ਿਆ ਜਾਵੇਗਾ, ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਬਣਾਈ ਗਈ SIT ਨੇ ਲੁਧਿਆਣਾ ਦੀ ਬਰਾੜ ਸੀਡ ਦੇ ਮਾਲਿਕ ਅਤੇ ਇੱਕ ਹੋਰ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਸੀ ਜਦਕਿ ਅਕਾਲੀ ਦਲ ਲਗਾਤਾਰ ਸਰਕਾਰ 'ਤੇ ਕਰਨਾਲ ਐਗਰੀ ਸੀਡ ਦੇ ਮਾਲਿਕ ਨੂੰ ਬਚਾਉਣ ਦਾ ਇਲਜ਼ਾਮ ਲਾ ਰਹੀ ਸੀ, ਅਕਾਲੀ ਦਲ ਦਾ ਇਲਜ਼ਾਮ ਸੀ ਕਿ ਕਰਨਾਲ ਐਗਰੀ ਸੀਡ ਦੇ ਮਾਲਿਕ ਦੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਨਜ਼ਦੀਕਿਆਂ ਸਨ ਇਸ ਲਈ ਸਰਕਾਰ ਉਨ੍ਹਾਂ ਨੂੰ ਬਚਾ ਰਹੀ ਹੈ, ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ CBI ਜਾਂਚ ਦੀ ਮੰਗ ਵੀ ਕਰ ਦਿੱਤੀ ਸੀ 

ਕਿਵੇਂ ਬੀਜ ਘੁਟਾਲੇ ਨੂੰ ਅੰਜਾਮ ਦਿੱਤਾ ਗਿਆ 

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗਿਰਫ਼ਤਾਰ ਕਰਨਾਲ ਐਗਰੋ ਸੀਡ ਦੇ ਮਾਲਿਕ ਲਖਵਿੰਦਰ ਸਿੰਘ ਉਰਫ਼ ਲੱਕੀ ਢਿੱਲੋਂ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ  PR-128 ਅਤੇ PR-129 ਬੀਜ ਦੀਆਂ ਵਰਾਇਟੀਆਂ ਨੂੰ ਕੁੱਝ ਕਿਸਾਨਾਂ ਤੋਂ ਖ਼ਰੀਦਿਆਂ ਗਿਆ ਸੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੁੱਝ ਕਿਸਾਨਾਂ ਨੂੰ ਇਹ ਬੀਜ ਟਰਾਇਲ ਦੇ ਲਈ ਦਿੱਤੇ ਗਏ ਸਨ, ਡੀਜੀਪੀ ਨੇ ਕਿਹਾ ਕਿ ਹੁਣ ਤੱਕ ਦੀ ਪੜਤਾਲ ਤੋਂ ਇਹ ਵੀ ਸਾਹਮਣੇ ਆਇਆ ਹੈ ਕੀ ਲੱਕੀ ਢਿੱਲੋਂ ਨੇ ਇਹ ਬੀਜ ਬਰਾੜ ਸੀਡ ਲੁਧਿਆਣਾ ਨੂੰ ਵੇਚੇ ਸਨ ਜਿਸ ਦੇ ਮਾਲਕ ਹਰਵਿੰਦਰ ਸਿੰਘ ਉਰਫ਼ ਕਾਕਾ ਬਰਾੜ ਨੂੰ ਪੁਲਿਸ ਨੇ ਸਭ ਤੋਂ ਪਹਿਲਾਂ ਗਿਰਫ਼ਤਾਰ ਕੀਤਾ ਸੀ, ਬਰਾੜ ਤੋਂ ਬਾਅਦ ਬਲਜਿੰਦਰ ਸਿੰਘ ਉਰਫ਼ ਬਲੀਅਨ ਨੂੰ ਪੁਲਿਸ ਨੇ ਫੜਿਆ ਸੀ ਜਿਸ ਨੂੰ 2 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ, ਡੀਜੀਪੀ ਮੁਤਾਬਿਕ ਬਲਜਿੰਦਰ ਸਿੰਘ ਉਸ ਕਿਸਾਨ ਜਥੇਬੰਦੀ ਦਾ ਮੈਂਬਰ ਹੈ ਜਿਸਨੂੰ PAU ਵੱਲੋਂ ਕਿਸਾਨਾਂ ਨੂੰ ਇਸ ਨਵੀਂ ਤਕਨੀਕ ਬਾਰੇ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ ਸੀ, ਪਿਛਲੇ ਸਾਲ   PR 128 ਅਤੇ PR 129 ਦੇ ਬੀਜ PAU ਵੱਲੋਂ ਟਰਾਇਲ ਵੱਜੋਂ ਦਿੱਤੇ ਗਏ ਸਨ ਜਦਕਿ ਬਲਜਿੰਦਰ ਨੇ ਇਨ੍ਹਾਂ ਬੀਜਾਂ ਦੀ ਵੱਡੇ ਪੱਧਰ 'ਤੇ ਪ੍ਰੋਡਕਸ਼ਨ ਕਰਵਾਈ ਅਤੇ ਬਿਨਾਂ ਮਨਜ਼ੂਰੀ 'ਤੇ ਇਸ ਨੂੰ ਵੇਚਿਆ 
 
ਅਕਾਲੀ ਦਲ ਦਾ ਇਲਜ਼ਾਮ  

ਅਕਾਲੀ ਦਲ ਨੇ ਬੀਜ ਘੁਟਾਲੇ ਨੂੰ 4 ਹਜ਼ਾਰ ਕਰੋੜ ਦਾ ਘੁਟਾਲਾ ਦੱਸਿਆ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ  ਐਸ ਆਈ ਟੀ ਬੀਜ ਘੁਟਾਲੇ ਦੀ ਪੜਤਾਲ ਸਹੀ ਤਰੀਕੇ ਨਾਲ ਨਹੀਂ ਕਰ ਰਹੀ ਹੈ,  ਉਨ੍ਹਾਂ ਕਿਹਾ ਕਿ ਪੁਲਿਸ  ਛੋਟੀਆਂ ਮੱਛੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਦਕਿ ਵੱਡੀਆਂ ਮੱਛੀਆਂ ਆਜ਼ਾਦ ਘੁੰਮ ਰਹੀਆਂ ਹਨ, ਇਨ੍ਹਾਂ ਆਗੂਆਂ ਨੇ ਕਿਹਾ ਕਿ  ਮੁਲਜ਼ਮਾਂ ਖਿਲਾਫ ਜਾਣ ਬੁੱਝ ਕੇ ਜ਼ਮਾਨਤ ਮਿਲ ਜਾਣ ਵਾਲੇ ਛੋਟੇ ਕੇਸ ਦਰਜ ਕੀਤੇ ਗਏ ਹਨ ਤਾਂ ਜੋ ਮਾਮਲਾ ਰਫਾ-ਦਫਾ ਕੀਤਾ ਜਾ ਸਕੇ, ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਐਸ ਆਈ ਟੀ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੀ ਤੇ ਇਸਨੂੰ ਜਾਂ ਤਾਂ ਮੁੱਖ ਦੋਸ਼ੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਫਿਰ ਮੁੱਖ ਮੰਤਰੀ ਨੂੰ ਐਸ ਆਈ ਟੀ ਭੰਗ ਕਰ ਕੇ ਮਾਮਲੇ ਦੀ ਨਿਰਪੱਖ ਤੇ ਆਜ਼ਾਦ ਜਾਂਚ ਕਰਵਾਉਣੀ ਚਾਹੀਦੀ ਹੈ