ਰਮਨ ਖੋਸਲਾ/ਹੁਸ਼ਿਆਰਪੁਰ : ਚੋਰ ਲੁਟੇਰੇ ਇੰਨੇ ਬੇਖ਼ੌਫ ਹਨ ਕਿ ਦਿਨ-ਦਿਹਾੜੇ ਲੁੱਟਾਂ-ਖੋਹਾਂ ਤਾਂ ਕਰਦੇ ਹੀ ਨੇ ਫੜੇ ਜਾਣ 'ਤੇ ਇੰਨਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਹੈ, ਹੁਸ਼ਿਆਰਪੁਰ ਤੋਂ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਹੈਰਾਨ ਕਰਨ ਵਾਲਾ ਹੈ ਕਿ ਪੁਲਿਸ ਦੀ ਗਿਰਫ਼ਤ ਵਿੱਚ ਆਉਣ ਤੋਂ ਬਾਅਦ ਇੱਕ ਚੋਰ ਨੇ ਭੱਜਣ ਦੇ ਲਈ ਉਹ ਹਰਕਤ ਕੀਤੀ ਜਿਸ ਦੀਆਂ ਸਾਰੇ ਪਾਸੇ ਚਰਚਾਵਾਂ ਹੋ ਰਹੀਆਂ ਨੇ
ਪੁਲਿਸ ਮੁਲਾਜ਼ਮ ਦਾ ਕੰਨ ਕੱਟ ਲਿਆ
ਹੁਸ਼ਿਆਰਪੁਰ ਦੇ ਇੱਕ ਘਰ ਵਿੱਚ ਚੋਰ ਦਾਖ਼ਲ ਹੁੰਦਾ ਹੈ, ਪਰ ਇਸ ਤੋਂ ਪਹਿਲਾਂ ਕੀ ਉਹ ਵਾਰਦਾਤ ਨੂੰ ਅੰਜਾਮ ਦਿੰਦਾ ਘਰ ਵਾਲਿਆਂ ਨੇ ਮੌਕੇ 'ਤੇ ਉਸ ਨੂੰ ਫੜ ਲਿਆ, ਇਸ ਦੀ ਜਾਣਕਾਰੀ ਸਬੰਧਿਤ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਤੇ ਚੋਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਪੁਲਿਸ ਚੋਰ ਨੂੰ ਫੜਨ ਤੋਂ ਬਾਅਦ ਥਾਣੇ ਲੈ ਜਾ ਹੀ ਰਹੀ ਸੀ ਕਿ ਉਸ ਨੇ ਗੱਡੀ ਤੋਂ ਭੱਜਣ ਦੀ ਕੋਸ਼ਿਸ਼। ਇਸੇ ਕੋਸ਼ਿਸ਼ ਦੌਰਾਨ ਪੁਲਿਸ ਨਾਲ ਚੋਰ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਤੇ ਜਦੋਂ ਗੱਲ ਬਣਦੀ ਨਾ ਵਿਖਾਈ ਦਿੱਤੀ ਤਾਂ ਚੋਰ ਨੇ ਪੁਲਿਸ ਮੁਲਾਜ਼ਮ ਦੇ ਕੰਨ ਨੂੰ ਦੰਦਾਂ ਨਾਲ ਚੱਬ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮ ਖ਼ੂਨੋ-ਖ਼ੂਨ ਸੀ ਪਰ ਇਸ ਦੇ ਬਾਵਜੂਦ ਵੀ ਪੁਲਿਸ ਦੇ ਚੁੰਗਲ ਤੋਂ ਨਿਕਲ ਨਹੀਂ ਸਕਿਆ, ਮਸ਼ੱਕਤ ਤੋਂ ਬਾਅਦ ਹੀ ਸਹੀ ਪਰ ਪੁਲਿਸ ਨੇ ਮੌਕੇ ਤੋਂ ਚੋਰ ਨੂੰ ਕਾਬੂ ਕਰ ਲਿਆ।
ਪੁਲਿਸ ਮੁਲਾਜ਼ਮ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਬਹਿਰਹਾਲ ਤਮਾਮ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਬਣਦੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ।