ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ਨੂੰ ਮਿਲਿਆ ਵੱਡਾ ਹੁੰਗਾਰਾ,ਇੱਕ ਸੂਰ 'ਚ ਕਲਾਕਾਰਾਂ ਨੇ ਦਿੱਤੀ ਹਿਮਾਇਤ,ਸਿਆਸਤਦਾਨਾਂ ਨੂੰ ਕੀਤੀ ਇਹ ਅਪੀਲ

26 ਨਵੰਬਰ ਨੂੰ ਕਲਾਕਾਰ ਵੀ ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ਵਿੱਚ ਹੋਣਗੇ ਸ਼ਾਮਲ 

 ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ਨੂੰ ਮਿਲਿਆ ਵੱਡਾ ਹੁੰਗਾਰਾ,ਇੱਕ ਸੂਰ 'ਚ ਕਲਾਕਾਰਾਂ ਨੇ ਦਿੱਤੀ ਹਿਮਾਇਤ,ਸਿਆਸਤਦਾਨਾਂ ਨੂੰ ਕੀਤੀ ਇਹ ਅਪੀਲ
26 ਨਵੰਬਰ ਨੂੰ ਕਲਾਕਾਰ ਵੀ ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ਵਿੱਚ ਹੋਣਗੇ ਸ਼ਾਮਲ
ਨਿਤਿਹਾ ਮਹੇਸ਼ਵਰੀ/ਚੰਡੀਗੜ੍ਹ : 26 ਨਵੰਬਰ ਨੂੰ ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ਨੂੰ ਵੱਡੀ ਹਿਮਾਇਤ ਮਿਲੀ ਹੈ,ਪੰਜਾਬ ਦੇ ਕਲਾਕਾਰਾਂ ਨੇ ਇੱਕ ਸੁਰ ਵਿੱਚ ਕਿਸਾਨਾਂ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ,ਚੰਡੀਗੜ੍ਹ ਵਿੱਚ ਜੁਟੇ ਪੰਜਾਬੀ ਗਾਇਕ ਸੋਨੀਆ ਮਾਨ,ਕੰਵਰ ਗਰੇਵਾਲ,ਜੱਸ ਬਾਜਵਾ,ਹਰਫ਼ ਚੀਮਾ ਅਤੇ ਲੱਖਾ ਸਦਾਨਾ ਨੇ ਸਾਫ਼ ਕੀਤਾ ਕਿ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਕਲਾਕਾਰ ਉਨ੍ਹਾਂ ਦੇ ਨਾਲ ਖੜੇ ਨੇ
 
ਚੰਡੀਗੜ੍ਹ ਵਿੱਚ ਇੱਕ ਜੁੱਟ ਹੋਏ ਕਲਾਕਾਰਾਂ ਨੇ ਕਿਹਾ ਸੂਬੇ ਦੇ ਵੱਖ-ਵੱਖ ਪਿੰਡਾਂ ਤੋਂ ਆ ਰਹੇ ਕਿਸਾਨਾਂ ਦੇ ਮੋਰਚੇ ਵਿੱਚ ਉਹ ਸ਼ਾਮਲ ਹੁੰਦੇ ਹੋਏ ਦਿੱਲੀ ਵੱਲ ਵਧਣਗੇ ਅਤੇ ਜਿੱਥੇ ਵੀ ਕਿਸਾਨਾਂ ਨੂੰ ਰੋਕਿਆ ਉਹ ਵੀ ਉਨ੍ਹਾਂ ਦੇ ਨਾਲ ਧਰਨੇ 'ਤੇ ਬੈਠ ਜਾਣਗੇ,ਕਲਾਕਾਰਾਂ ਨੇ ਪਿੰਡਾਂ ਦੇ ਸਰਪੰਚਾਂ ਅਤੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਮਤਭੇਦ ਬੁਲਾਕੇ ਕੇ ਕਿਸਾਨਾਂ ਦੇ ਨਾਲ ਇੱਕ ਮੰਚ 'ਤੇ ਖੜੇ ਹੋਣ
 
ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਜਦੋਂ ਤੋਂ ਖੇਤੀ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਸ਼ੁਰੂ ਕੀਤਾ ਹੈ ਪੰਜਾਬ ਦਾ ਕਲਾਕਾਰ ਭਾਵੇਂ ਉਹ ਫਿਲਮ ਸਨਅਤ ਨਾਲ ਜੁੜਿਆ ਜਾਂ ਫਿਰ ਗਾਇਕੀ ਨਾਲ ਹਰ ਇੱਕ ਨੇ ਸੋਸ਼ਲ ਮੀਡੀਆ ਤੋਂ ਲੈਕੇ ਕਿਸਾਨਾਂ ਦੇ ਧਰਨਿਆਂ ਵਿੱਚ ਖੇਤੀ ਕਾਨੂੰਨ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ
 
ਦਿੱਲੀ ਪੁਲਿਸ ਨੇ ਭਾਵੇਂ ਕਿਸਾਨਾਂ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਹੈ ਪਰ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਉਹ 4-5 ਮਹੀਨੇ ਦਾ ਰਾਸ਼ਨ ਲੈਕੇ ਦਿੱਲੀ ਵੱਲ ਵਧਣਗੇ,ਸਿਰਫ਼ ਇੰਨਾਂ ਹੀ ਨਹੀਂ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਥਾਂ 'ਤੇ ਚੱਕਾ ਜਾਮ ਕਰ ਦਿੱਤਾ ਜਾਵੇਗਾ 
 
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇੱਕ ਵਾਰ ਮੁੜ ਤੋਂ ਖੇਤੀ ਕਾਨੂੰਨ ਦੀ ਹਿਮਾਇਤ ਕਰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਵੱਲ ਪ੍ਰਦਰਸ਼ਨ ਕਰਨ ਲਈ ਨਾ ਜਾਣ