ਕਿਸਾਨਾਂ ਦਾ ਹੌਂਸਲਾ ਵਧਾਉਣ ਧਰਨੇ 'ਚ ਪਹੁੰਚੇ ਯੋਗਰਾਜ ਸਿੰਘ, ਕੇਂਦਰ ਬਾਰੇ ਕਹੀ ਇਹ ਵੱਡੀ ਗੱਲ

ਯੋਗਰਾਜ ਸਿੰਘ ਨੇ ਧਰਨੇ 'ਚ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ। 

ਕਿਸਾਨਾਂ ਦਾ ਹੌਂਸਲਾ ਵਧਾਉਣ ਧਰਨੇ 'ਚ ਪਹੁੰਚੇ ਯੋਗਰਾਜ ਸਿੰਘ, ਕੇਂਦਰ ਬਾਰੇ ਕਹੀ ਇਹ ਵੱਡੀ ਗੱਲ
ਫਾਈਲ ਫੋਟੋ

ਰਮਨ ਖੋਸਲਾ/ ਹੁਸ਼ਿਆਰਪੁਰ: ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਰਸਤਾ ਅਖ਼ਤਿਆਰ ਕੀਤਾ ਹੋਇਆ ਹੈ ਤੇ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ। ਅੱਜ ਹੁਸ਼ਿਆਰਪੁਰ 'ਚ ਕਿਸਾਨਾਂ ਨੂੰ ਉਸ ਸਮੇਂ ਭਾਰੀ ਉਤਸ਼ਾਹ ਮਿਲਿਆ, ਜਦੋਂ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਯੋਗਰਾਜ ਸਿੰਘ ਨੇ ਧਰਨੇ 'ਚ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ।

ਧਰਨੇ 'ਚ ਯੋਗਰਾਜ ਸਿੰਘ ਨੂੰ ਵੇਖ ਕੇ ਕਿਸਾਨਾਂ ਦਾ ਹੌਸਲਾ ਹੋਰ ਵੀ ਵਧ ਗਿਆ ਤੇ ਉਨ੍ਹਾਂ ਵੱਲੋਂ ਅੱਜ ਬੜੇ ਹੀ ਜ਼ੋਰਦਾਰ ਤਰੀਕੇ ਨਾਲ ਕੇਂਦਰ ਸਰਕਾਰ ਤੇ ਧਾਵਾ ਬੋਲਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਯੋਗਰਾਜ ਸਿੰਘ ਨੇ ਕਿਹਾ ਕਿ ਉਹ ਖੁਦ ਵੀ ਕਿਸਾਨੀ ਪਰਿਵਾਰ ਨਾਲ ਸਬੰਧਤ ਨੇ ਤੇ ਇਸ ਸਮੇਂ ਕਿਸਾਨਾਂ ਦਾ ਦਰਦ ਭਲੀ ਭਾਂਤ ਸਮਝ ਸਕਦੇ ਹਨ। 

ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਇਹ ਜੋ ਬਿੱਲ ਲਿਆਂਦਾ ਗਿਆ ਹੈ,ਉਹ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੋਣ ਦੇ ਨਾਲ ਨਾਲ ਮਜ਼ਦੂਰ ਵਰਗ ਅਤੇ ਹੋਰਨਾਂ ਵਪਾਰੀ ਵਰਗਾਂ ਨੂੰ ਵੀ ਪ੍ਰਭਾਵਿਤ ਕਰੇਗਾ। 

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਸੱਚਮੁੱਚ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਮਝਦੀ ਹੈ ਤਾਂ ਉਨ੍ਹਾਂ ਨੂੰ ਕਿਸਾਨਾਂ ਨਾਲ ਬੰਦ ਕਮਰੇ 'ਚ ਨਹੀਂ ਸਗੋਂ ਜੱਥੇਬੰਦੀਆਂ ਅਤੇ ਮੀਡੀਆ ਸਾਹਮਣੇ ਗੱਲਬਾਤ ਕਰਕੇ ਇਸ ਦਾ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਨੂੰ ਰਾਹਤ ਮਿਲ ਸਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਪੰਜਾਬੀ ਇੰਡਸਟਰੀ ਵੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। 

Watch Live TV-