ਸ਼ਰਮ ਕਰੋ ! ਅਸ਼ਟਮੀ ਵਾਲੇ ਦਿਨ,ਕੰਜਕਾਂ ਪੁੱਜਣ ਦੀ ਥਾਂ ਪਲਾਟ ‘ਚ ਸੁੱਟੀ ਨਵ ਜਨਮੀ ਬੱਚੀ

 ਲੁਧਿਆਣਾ ‘ਚ ਅਸ਼ਟਮੀ ਵਾਲੇ ਦਿਨ ਅਖ਼ਬਾਰ ‘ਚ ਲਪੇਟ ਕੇ ਝਾੜੀਆਂ ‘ਚ ਸੁੱਟੀ ਕੰਜਕਾ

 ਸ਼ਰਮ ਕਰੋ ! ਅਸ਼ਟਮੀ ਵਾਲੇ ਦਿਨ,ਕੰਜਕਾਂ ਪੁੱਜਣ ਦੀ ਥਾਂ ਪਲਾਟ ‘ਚ ਸੁੱਟੀ ਨਵ ਜਨਮੀ ਬੱਚੀ
ਲੁਧਿਆਣਾ ‘ਚ ਅਸ਼ਟਮੀ ਵਾਲੇ ਦਿਨ ਅਖ਼ਬਾਰ ‘ਚ ਲਪੇਟ ਕੇ ਝਾੜੀਆਂ ‘ਚ ਸੁੱਟੀ ਕੰਜਕਾ

ਭਰਤ ਸ਼ਰਮਾ/ਲੁਧਿਆਣਾ : ਪੂਰਾ ਦੇਸ਼ ਨਰਾਤੇ ਮਨਾ ਰਿਹਾ ਹੈ, ਮਾਂ ਦੇ 9 ਰੂਪਾਂ ਨੂੰ ਸਾਰੇ ਪੂਜ ਰਹੇ ਨੇ। ਪਰ ਅਸ਼ਟਮੀ ਵਾਲੇ ਦਿਨ ਮਾਂ ਦਾ ਰੂਪ ਨਵ ਜਨਮੀ ਬੱਚੀ ਲੁਧਿਆਣਾ ਭਾਮੀਆਂ ਰੋਡ 'ਤੇ ਖ਼ਾਲੀ ਪਲਾਟ ‘ਚੋਂ ਮਿਲੀ। ਜੀ ਹਾਂ ਇੱਕ ਪਾਸੇ ਦੇਸ਼ ਕੰਜਕਾਂ ਬਿਠਾਉਣ ਦੀ ਤਿਆਰੀ ਕਰ ਰਿਹਾ ਸੀ ਤੇ ਦੂਜੇ ਪਾਸੇ ਬੱਚੀ ਨੂੰ ਅਖ਼ਬਾਰ ਵਿੱਚ ਲਪੇਟ ਕੇ ਝਾੜੀਆਂ ਵਿੱਚ ਸੁੱਟਿਆ ਗਿਆ ਸੀ, ਬੱਚੀ ਲਗਾਤਾਰ ਰੋਹ ਰਹੀ ਸੀ ਰਾਤ ਨੂੰ ਸ਼ਾਇਦ ਕੋਈ ਇਸ ਨੂੰ ਸੁੱਟ ਗਿਆ ਹੋਵੇਗਾ। ਦੱਸ ਦਈਏ ਕਿ ਸਵੇਰੇ ਤੜਕਸਾਰ ਬੱਚੇ ਦੀ ਰੋਣ ਦੀ ਆਵਾਜ਼ ਸੁਣਨ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ। ਜਿਸ ਤੋਂ ਬਾਅਦ ਪੁਲੀਸ ਨੇ ਬੱਚੀ ਨੂੰ ਲੁਧਿਆਣਾ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਬੱਚੀ ਦੀ ਹਾਲਤ ਫ਼ਿਲਹਾਲ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਥਾਣਾ ਜਮਾਲਪੁਰ ਦੇ ASI ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਨੂੰ ਇਲਾਜ ਦੇ ਲਈ ਜੱਚਾ-ਬੱਚਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚੀ ਦੇ ਠੀਕ ਹੋਣ ਤੋਂ ਬਾਅਦ ਉਸ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਬੱਚਿਆਂ ਦੇ ਆਸ਼ਰਮ ‘ਚ ਭੇਜ ਦਿੱਤਾ ਜਾਵੇਗਾ।

ਸੋ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਾਡੇ ਸਮਾਜ ਦੀ ਛੋਟੀ ਸੋਚ ਅਕਸਰ ਸਾਡੇ ਸਾਹਮਣੇ ਆ ਜਾਂਦੀ ਹੈ। ਸਾਡੇ ਦੇਸ਼ ਵਿੱਚ ਭਾਵੇਂ ਔਰਤ ਨੂੰ ਮਰਦਾਂ ਦੇ ਬਰਾਬਰ ਸਮਝਿਆ ਜਾਂਦਾ ਹੈ, ਪਰ ਅੱਜ ਵੀ ਸਮਾਜ ਦਾ ਇੱਕ ਹਿੱਸਾ ਅਜਿਹਾ ਹੈ ਜੋ ਲੜਕੀਆਂ ਅਤੇ ਲੜਕਿਆਂ ਵਿੱਚ ਫ਼ਰਕ ਸਮਝਦਾ ਹੈ। ਇਸ ਦੀ ਤਾਜ਼ਾ ਮਿਸਾਲ ਇਹ ਬੱਚੀ ਹੈ ਜਿਸ ਨੂੰ ਜਨਮ ਤੋਂ ਬਾਅਦ ਹੀ ਉਸ ਦੇ ਪਰਿਵਾਰ ਨੇ ਲਵਾਰਿਸ ਮਰਨ ਲਈ ਛੱਡ ਦਿੱਤਾ, ਪਰ ਕਹਿੰਦੇ ਨੇ ਕੇ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ।