ਡੀਜ਼ਲ ਦੀਆਂ ਕੀਮਤਾਂ 'ਤੇ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ 'ਤੇ ਕੈਪਟਨ ਦੀ ਸੁਖਬੀਰ ਨੂੰ ਇਹ ਸਲਾਹ

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਡੀਜ਼ਲ 'ਤੇ  10 ਰੁਪਏ ਵੈੱਟ ਘਟਾਉਣ ਦੀ ਮੰਗ ਕੀਤੀ ਸੀ

ਡੀਜ਼ਲ ਦੀਆਂ ਕੀਮਤਾਂ 'ਤੇ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ 'ਤੇ ਕੈਪਟਨ ਦੀ ਸੁਖਬੀਰ ਨੂੰ ਇਹ ਸਲਾਹ
ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਡੀਜ਼ਲ 'ਤੇ 10 ਰੁਪਏ ਵੈੱਟ ਘਟਾਉਣ ਦੀ ਮੰਗ ਕੀਤੀ ਸੀ

ਚੰਡੀਗੜ੍ਹ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਭਾਜਪਾ ਵਿੱਚ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰਿਆਂ 'ਤੇ ਨੱਚਣਾ ਬੰਦ ਕਰਨ ਦੀ ਨਸੀਹਤ ਦਿੰਦਿਆਂ ਆਖਿਆ ਕਿ ਸੁਖਬੀਰ ਬਾਦਲ ਨੂੰ ਤੇਲ 'ਤੇ ਵੈਟ ਵਧਾਉਣ ਬਾਰੇ ਸੂਬਾ ਸਰਕਾਰ ਦੇ ਫੈਸਲੇ ਖਿਲਾਫ਼ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਕੇਂਦਰ ਨਾਲੋਂ ਗੱਠਜੋੜ ਤੋੜਣ ਦੀ ਚੁਣੌਤੀ ਦਿੱਤੀ ਹੈ, ਸੁਖਬੀਰ ਵੱਲੋਂ ਵੈਟ ਵਾਧੇ 'ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕੀਤੇ ਰੋਸ ਪ੍ਰਦਰਸ਼ਨ ਉਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਪੰਜਾਬ ਦੇ ਲੋਕਾਂ ਦੀ ਜਾਨ ਜ਼ੋਖਮ ਵਿੱਚ ਪਾ ਕੇ ਰਾਜਨੀਤੀ ਤੋਂ ਪ੍ਰੇਰਿਤ ਕਦਮ ਨੂੰ ਚੁੱਕਣ ਦੀ ਬਜਾਏ ਕੇਂਦਰ ਸਰਕਾਰ 'ਤੇ ਤੇਲ ਕੀਮਤਾਂ ਘਟਾਉਣ ਲਈ ਦਬਾਅ ਬਣਾਉਣਾ ਚਾਹੀਦਾ ਹੈ ਕਿਉਂਕਿ ਦੇਸ਼ ਵਿੱਚ ਅਨਲੌਕ 1.0 ਦੀ ਸ਼ੁਰੂਆਤ ਤੋਂ ਹੀ ਕਈ ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਕੀਮਤਾਂ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਇਹ ਵਾਧਾ ਦੇਸ਼ ਵਾਸੀਆਂ ਨੂੰ ਹੋਰ ਵੀ ਰੜਕਦਾ ਹੈ ਕਿਉਂਕਿ ਇਹ ਵਾਧਾ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ  ਗਿਰਾਵਟ ਦੇ ਬਾਵਜੂਦ ਕੀਤਾ ਗਿਆ

ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2016 ਤੋਂ ਐਨ.ਡੀ.ਏ. ਸਰਕਾਰ ਜਿਸ ਵਿੱਚ ਅਕਾਲੀ ਦਲ ਵੀ ਭਾਈਵਾਲ ਹੈ  ਨੇ ਡੀਜ਼ਲ 'ਤੇ ਟੈਕਸਾਂ ਵਿੱਚ 900 ਫੀਸਦੀ ਅਤੇ ਪੈਟਰੋਲ 'ਤੇ 700 ਫੀਸਦੀ ਵਾਧਾ ਕੀਤਾ ਹੈ, ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੁਣ ਵਿਸ਼ਵ ਵਿੱਚ ਸਭ ਤੋਂ ਉਪਰ ਪਹੁੰਚ ਗਈਆਂ ਹਨ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਹੋਰ ਸਾਰੇ ਕੇਂਦਰੀ ਕਰਾਂ ਵਿੱਚ ਸੂਬੇ ਦਾ 42 ਫੀਸਦੀ ਹਿੱਸਾ ਹੈ ਜਦਕਿ ਪੈਟਰੋਲੀਅਮ ਉਤਪਾਦਾਂ 'ਤੇ ਆਬਕਾਰੀ ਨਹੀਂ ਸੈੱਸ ਜ਼ਰੀਏ ਟੈਕਸ ਵਧਾਇਆ ਜਾਂਦਾ ਹੈ ਜਿਸ ਕਰਕੇ ਸੂਬੇ ਆਪਣੇ ਹਿੱਸੇ ਤੋਂ ਵਿਰਵੇ ਰਹਿ ਜਾਂਦੇ ਹਨ ਅਤੇ ਜੂਨ, 2020 ਵਿੱਚ ਤੇਲ ਵਾਧੇ ਦੇ ਲਗਾਤਾਰ 22 ਦਿਨਾਂ ਤੋਂ ਇਕੱਤਰ ਹੋਏ 2 ਲੱਖ ਕਰੋੜ ਤੋਂ ਵੱਧ ਦਾ ਸਮੁੱਚਾ ਮਾਲੀਆ ਕੇਂਦਰ ਦੇ ਖਜ਼ਾਨੇ ਵਿੱਚ ਜਾ ਰਿਹਾ ਸੀ

ਮੁੱਖ ਮੰਤਰੀ ਨੇ ਕਿਹਾ,''ਅਸੀਂ ਵੈਟ ਵਿੱਚ ਇਕੋ ਵਾਧੇ ਨਾਲ ਜੋ ਕਮਾਈ ਕੀਤੀ ਹੈ, ਕੇਂਦਰ ਵੱਲੋਂ ਜੂਨ ਮਹੀਨੇ ਵਿੱਚ ਤੇਲ ਕੀਮਤਾਂ ਵਿੱਚ ਹੋਏ ਇਜ਼ਾਫੇ ਨਾਲ ਕੀਤੀ ਕਮਾਈ ਦੀ ਤੁਲਨਾ ਵਿੱਚ ਕੁਝ ਵੀ ਨਹੀਂ।'' ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਪਹਿਲਾਂ ਉਹ ਕੇਂਦਰ ਸਰਕਾਰ ਨੂੰ ਕੀਮਤਾਂ 'ਚ ਵਾਧਾ ਵਾਪਸ ਲੈਣ ਲਈ ਆਖੇ ਜਿਸ ਦਾ ਉਨ੍ਹਾਂ ਤੋਂ ਇਲਾਵਾ ਕਿਸੇ ਨੂੰ ਵੀ ਫਾਇਦਾ ਨਹੀਂ ਹੋਇਆ,ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਬਾਰੇ ਸੁਖਬੀਰ ਵੱਲੋਂ ਕੀਤੇ ਦਾਅਵੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਥੋਂ ਪਤਾ ਲਗਦਾ ਹੈ ਕਿ ਕੇਂਦਰ ਸਰਕਾਰ ਉਸ ਦੇ ਹੀ ਭਾਈਵਾਲ ਵੱਲੋਂ ਉਠਾਏ ਮੁੱਦੇ ਨੂੰ ਬਹੁਤੀ ਤਵੱਜੋਂ ਨਹੀਂ ਦਿੰਦੀ ਜਿਸ ਕਰਕੇ ਅਕਾਲੀ ਦਲ ਨੂੰ ਇਕ ਦਿਨ ਵੀ ਗੱਠਜੋੜ 'ਚ ਨਹੀਂ ਰਹਿਣਾ ਚਾਹੀਦਾ
 
7 ਜੁਲਾਈ ਨੂੰ ਅਕਾਲੀ ਦਲ ਵੱਲੋਂ ਪੈਟਰੋਲ ਅਤੇ ਹੋਰ ਮੁੱਦਿਆਂ ਨੂੰ ਲੈਕੇ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਦੌਰਾਨ 
ਸੁਖਬੀਰ ਬਾਦਲ ਨੇ ਕਾਂਗਰਸ ਨੂੰ ਚੁਨੌਤੀ ਦਿੱਤੀ ਸੀ ਕਿ ਜੇਕਰ ਡੀਜ਼ਲ ਦੀ ਕੀਮਤ ਵਿੱਚ ਸੂਬਾ ਸਰਕਾਰ 10 ਰੁਪਏ ਵੈੱਟ ਘੱਟ ਕਰਦੀ ਹੈ ਤਾਂ ਉਹ ਦਿੱਲੀ ਵਿੱਚ ਕੇਂਦਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਜਾਣਗੇ,ਇਸ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਵਿੱਚ ਵੀ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਡੀਜ਼ਲ ਦੀ ਕੀਮਤ ਘਟਾਉਣ ਦੇ ਲਈ ਵੈੱਟ ਘੱਟ ਕਰਨ ਦੀ ਮੰਗ ਕੀਤੀ ਸੀ