3 ਦਿਨਾਂ ਦੇ ਗੁਰਦਾਸਪੁਰ ਦੌਰੇ 'ਤੇ ਸੰਨੀ ਦਿਓਲ,ਬੱਚਿਆਂ ਨਾਲ ਖਿਚਵਾਈ ਫੋਟੋ

ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੇ ਪਠਾਨਕੋਟ ਪਹੁੰਚ ਕੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ 

3 ਦਿਨਾਂ ਦੇ ਗੁਰਦਾਸਪੁਰ ਦੌਰੇ 'ਤੇ ਸੰਨੀ ਦਿਓਲ,ਬੱਚਿਆਂ ਨਾਲ ਖਿਚਵਾਈ ਫੋਟੋ
3 ਦਿਨਾਂ ਦੇ ਗੁਰਦਾਸਪੁਰ ਦੌਰੇ 'ਤੇ ਸੰਨੀ ਦਿਓਲ,ਬੱਚਿਆਂ ਨਾਲ ਖਿਚਵਾਈ ਫੋਟੋ

ਪਠਾਨਕੋਟ : ਹੀਮੈਨ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਨੂੰ ਤੁਸੀਂ ਅਕਸਰ ਫ਼ਿਲਮਾਂ ਵਿੱਚ ਐਕਸ਼ਨ ਕਰਦੇ ਵੇਖਿਆ ਹੋਵੇਗਾ,ਪਰ ਅਸਲ ਜ਼ਿੰਦਗੀ ਵਿੱਚ ਸੰਨੀ ਦਿਓਲ ਆਪਣੀ ਸਾਦਗੀ ਨਾਲ ਮਸ਼ਹੂਰ ਨੇ,ਬਾਲੀਵੁੱਡ ਪਾਰਟੀਆਂ ਤੋਂ ਹਮੇਸ਼ਾ ਦੂਰ ਰਹਿਣ ਵਾਲੇ ਸੰਨੀ ਦਿਓਲ ਹੁਣ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਨੇ,ਆਪਣੇ ਹਲਕੇ ਵਿੱਚ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲੈਣ ਪਹੁੰਚੇ ਸੰਨੀ ਦਿਓਲ ਪਠਾਨਕੋਟ ਦੇ ਇੱਕ ਸਕੂਲ ਪਹੁੰਚੇ ਤਾਂ ਬੱਚਿਆਂ ਨਾਲ ਪੂਰੀ ਤਰਾਂ ਨਾਲ ਘੁਲ ਮਿਲ ਗਏ, ਹੁਣ ਤੱਕ ਟੀਵੀ ਵਿੱਚ ਸੰਨੀ ਦਿਓਲ ਨੂੰ ਵੇਖਣ ਵਾਲੇ ਬੱਚਿਆਂ ਨੇ ਜਦੋਂ ਸੰਨੀ ਦਿਓਲ ਨੂੰ ਅਸਲ ਵਿੱਚ ਵੇਖਿਆ ਤਾਂ ਬੱਚੇ  ਸੰਨੀ ਦਿਓਲ ਨਾਲ ਫੋਟੋ ਖਿਚਵਾਉਣ ਲਈ ਬੇਸਬਰੇ ਵਿਖਾਈ ਦਿੱਤੇ, ਸੰਨੀ ਦਿਓਲ ਨੇ ਵੀ ਬੱਚਿਆਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਅਧਿਆਪਕਾਂ ਅਤੇ ਬੱਚਿਆਂ ਨਾਲ ਫੋਟੋ ਖਿਚਵਾਈ 

 

ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ 

ਸੰਨੀ ਦਿਓਲ ਗੁਰਦਾਸਪੁਰ ਆਪਣੇ ਹਲਕੇ ਵਿੱਚ 3 ਦਿਨਾਂ ਦੇ ਦੌਰੇ ਤੇ ਆਏ ਨੇ,ਪਠਾਨਕੋਟ ਪਹੁੰਚਣ ਤੋਂ ਬਾਅਦ ਸੰਨੀ ਦਿਓਲ਼ ਨੇ ਇੱਕ ਜਨਸਭਾ ਨੂੰ ਵੀ ਸੰਬੋਧਨ ਕੀਤੀ,ਉਸ ਤੋਂ  ਬਾਅਦ ਸੰਨੀ ਦਿਓਲ  ਨੇ ਪਠਾਨਕੋਟ ਸਟੇਸ਼ਨ ਦਾ ਵੀ ਦੌਰਾ ਕੀਤਾ ਜਿਥੇ ਸਟੇਸ਼ਨ ਦੀ ਮੁੜ ਉਸਾਰੀ ਦਾ ਕੰਮ ਚੱਲ ਰਿਹਾ ਸੀ,ਸੰਨੀ ਦਿਓਲ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਪੂਰੇ ਕੰਮ ਦਾ ਜਾਇਜ਼ਾ ਲਿਆ,ਸਿਰਫ਼ ਇੰਨਾ ਹੀ ਨਹੀਂ ਸੰਨੀ ਦਿਓਲ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਰੇਲ ਵੱਲੋਂ ਐਲੀਵੇਟਰ ਟਰੈਕ ਪ੍ਰੋਜੈਕਟ ਦੀ ਮਨਜ਼ੂਰੀ ਮਿਲ ਗਈ ਹੈ,ਰੇਲਵੇ ਸਟੇਸ਼ਨ ਤੋਂ  ਬਾਅਦ ਸੰਨੀ ਦਿਓਲ ਨੇ  ਆਦਰਸ਼ ਗਰਾਮ ਯੋਜਨਾ ਦੇ ਤਹਿਤ ਗੋਦ ਲਏ ਪਿੰਡ ਦਾ ਦੌਰਾ ਕੀਤਾ,ਸੰਨੀ ਦਿਓਲ ਨੇ ਸਾਂਸਦ ਆਦਰਸ਼ ਗਰਾਮ ਯੋਜਨਾ ਦੇ ਤਹਿਤ ਗਰਾਮ ਪੰਚਾਇਤ ਕਾਨਪੁਰ ਨੂੰ ਗੋਦ ਲਿਆ ਹੋਇਆ ਹੈ 

ਸੰਨੀ ਦਿਓਲ ਦੇ ਲਾਪਤਾ ਹੋਣ ਦੇ ਲੱਗੇ ਸਨ ਪੋਸਟਰ

ਲੋਕਸਭਾ ਚੋਣ ਜਿੱਤਣ ਤੋਂ  ਬਾਅਦ ਆਪਣੇ ਹਲਕੇ ਗੁਰਦਾਸਪੁਰ ਵਿੱਚ ਗੈਰ-ਹਾਜ਼ਰ ਰਹਿਣ 'ਤੇ ਵਿਰੋਧੀਆਂ ਨੇ ਪੂਰੇ ਹਲਕੇ ਵਿੱਚ ਸੰਨੀ ਦਿਓਲ ਲਾਪਤਾ ਦੇ ਪੋਸਟਰ ਲਗਾਏ ਸਨ, ਹਾਲਾਂਕਿ ਪੋਸਟਰਾਂ 'ਤੇ ਸੰਨੀ ਦਿਓਲ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ ਸੀ ਕਿ ਹਲਕੇ ਦੇ ਵਿਕਾਸ ਦੇ ਕੰਮਾਂ 'ਤੇ ਉਨਾਂ ਦੀ ਪੂਰੀ ਨਜ਼ਰ ਹੈ, ਪੋਸਟਰ ਤੋਂ ਬਾਅਦ ਸੰਨੀ ਦਿਓਲ ਦਾ 2 ਮਹੀਨੇ ਵਿੱਚ ਇਹ ਦੂਜਾ ਦੌਰਾ ਹੈ 

ਗੁਰਦਾਸਪੁਰ ਤੋਂ ਐੱਮਪੀ 

2019 ਦੀਆ ਲੋਕਸਭਾ ਚੋਣਾਂ ਵਿੱਚ ਬੀਜੇਪੀ ਨੇ ਸੰਨੀ ਦਿਓਲ ਨੂੰ ਟਿਕਟ ਦਿੱਤੀ ਸੀ,ਸੰਨੀ ਦਿਓਲ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਤਤਕਾਲੀ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ, ਵਿਨੋਦ ਖੰਨਾ ਦੀ ਮੌਤ ਤੋਂ  ਬਾਅਦ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਸੁਨੀਲ ਜਾਖੜ ਨੇ ਜਿੱਤ ਹਾਸਲ ਕੀਤੀ ਸੀ।