ਹਰ ਪੰਜਾਬ ਨਿਵਾਸੀ ਕਿਸਾਨਾਂ ਵਲੋਂ ਦਿੱਤੇ 'ਪੰਜਾਬ ਬੰਦ' ਦੇ ਸੱਦੇ ਨੂੰ ਕਾਮਯਾਬ ਕਰੇ-ਸੁਨੀਲ ਜਾਖੜ

ਮੋਦੀ ਸਰਕਾਰ ਕਿਸਾਨਾਂ ਨੂੰ ਘਸਿਆਰੇ ਅਤੇ ਸੂਬਿਆਂ ਨੂੰ ਮਿਊਂਸਪਲ ਕਮੇਟੀਆਂ ਬਣਾ ਕੇ ਰੱਖਣਾ ਚਾਹੁੰਦੀ ਹੈ-ਕੈਪਟਨ ਅਮਰਿੰਦਰ ਸਿੰਘ  

ਹਰ ਪੰਜਾਬ ਨਿਵਾਸੀ ਕਿਸਾਨਾਂ ਵਲੋਂ ਦਿੱਤੇ 'ਪੰਜਾਬ ਬੰਦ' ਦੇ ਸੱਦੇ ਨੂੰ ਕਾਮਯਾਬ ਕਰੇ-ਸੁਨੀਲ ਜਾਖੜ
ਫਾਈਲ ਫੋਟੋ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਵਲੋਂ ਪੰਜਾਬ ਬੰਦ ਨੂੰ ਹਰ ਪੱਖੋਂ ਕਾਮਯਾਬ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਦੱਸ ਦੇਣ ਕਿ ਪੰਜਾਬੀ ਇਹਨਾਂ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਹਾਲਤ ਵਿਚ ਪ੍ਰਵਾਨ ਨਹੀਂ ਕਰਨਗੇ ਅਤੇ ਇਹਨਾਂ ਨੂੰ ਰੱਦ ਕਰਾ ਕੇ ਹੀ ਸਾਹ ਲੈਣਗੇ।

ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਦੀ ਕੇਂਦਰੀ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂ ਉੱਤੇ ਬਣਾਏ ਗਏ ਇਹ ਤਿੰਨੇ ਨਵੇਂ ਕਾਨੂੰਨ ਨਾ ਸਿਰਫ਼ ਕਿਸਾਨੀ ਬਲਕਿ ਮਜ਼ਦੂਰ, ਦੁਕਾਨਦਾਰ, ਵਪਾਰੀ, ਆੜ੍ਹਤੀ ਅਤੇ ਸਨਅਤਕਾਰ ਸਮੇਤ ਪੰਜਾਬ ਦੇ ਹਰ ਵਰਗ ਲਈ ਮਾਰੂ ਸਾਬਤ ਹੋਣਗੇ। 

ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਦਾ ਧੁਰਾ ਕਿਸਾਨੀ ਹੈ ਅਤੇ ਜੇ ਕਿਸਾਨੀ ਹੀ ਤਬਾਹ ਹੋ ਗਈ ਤਾਂ ਇਸ ਦਾ ਸੇਕ ਸੂਬੇ ਦੇ ਹਰ ਵਰਗ ਨੂੰ ਲੱਗੇਗਾ।ਸ਼੍ਰੀ ਜਾਖੜ ਨੇ ਕਿਹਾ ਕਿ ਜੇ ਕਿਸਾਨ ਦੀ ਜੇਬ ਖਾਲੀ ਹੋਵੇਗੀ ਤਾਂ ਬਜ਼ਾਰ ਵੀ ਸੁੰਨੇ ਹੀ ਰਹਿਣਗੇ।ਉਹਨਾਂ ਕਿਹਾ ਕਿ ਜੇ ਪੰਜਾਬ ਦਾ ਕਿਸਾਨ ਖ਼ੁਸ਼ਹਾਲ ਹੋਵੇਗਾ ਤਾਂ ਹੀ ਸੂਬੇ ਦੇ ਦੂਜੇ ਵਰਗ ਖੁਸ਼ ਰਹਿਣਗੇ।

ਇਸੇ ਦੌਰਾਨ ਕਾਂਗਰਸ ਵਿਧਾਨਕਾਰ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਮਾਰੂ ਇਹ ਤਿੰਨੇ ਕਾਨੂੰਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਘਸਿਆਰੇ ਬਣਾਉਣ ਅਤੇ ਸੂਬਿਆਂ ਦੇ ਸਾਰੇ ਅਧਿਕਾਰ ਆਪਣੇ ਕਬਜ਼ੇ ਵਿਚ ਕਰ ਕੇ ਸੂਬਿਆਂ ਨੂੰ ਮਹਿਜ਼ ਮਿਊਂਸਪਲ ਕਮੇਟੀਆਂ ਦੀ ਤਰਾਂ ਪ੍ਰਬੰਧਕੀ ਇਕਾਈਆਂ ਬਣਾ ਕੇ ਰੱਖਣਾ ਚਾਹੁੰਦਾ ਹੈ।ਉਹਨਾਂ ਕਿਹਾ ਕਿ ਇਹ ਕਾਨੂੰਨ ਮੁਲਕ ਦੇ ਸੰਵਿਧਾਨ ਵਿਚਲੀ ਫੈਡਰਲਿਜ਼ਮ ਦੀ ਭਾਵਨਾ ਦੇ ਬਿਲਕੁਲ ਉਲਟ ਹੈ।

ਉਹਨਾਂ ਕਿਹਾ ਕਿ ਇਹਨਾਂ ਕਿਸਾਨ ਮਾਰੂ ਕਾਨੂੰਨਾਂ ਲਈ ਸ਼੍ਰੋਮਣੀ ਅਕਾਲੀ ਦਲ ਵੀ ਬਰਾਬਰ ਦਾ ਦੋਸ਼ੀ ਹੈ ਜਿਹੜਾ ਪਿਛਲੇ ਚਾਰ ਮਹੀਨੇ ਦਿਨ ਰਾਤ ਬੜੀ ਢੀਠਤਾਈ ਨਾਲ ਇਹਨਾਂ ਕਾਨੰੁਨਾਂ ਨੂੰ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਗਰਦਾਨਦਾ ਰਿਹਾ ਹੈ।ਸ਼੍ਰੋਮਣੀ ਅਕਾਲੀ ਦਲ ਉੱਤੇ ਦੋਗਲੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ, ਉਹਨਾਂ ਕਿਹਾ ਕਿ ਅਕਾਲੀ ਦਲ ਅੱਜ ਵੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਵਿਚ ਭਾਈਵਾਲ ਬਣਿਆ ਹੋਇਆ ਹੈ ਜਿਹੜਾ ਕਿਸਾਨਾਂ ਨੂੰ ਘਸਿਆਰੇ ਬਣਾਉਣ ਉੱਤੇ ਉਤਾਰੂ ਹੋਇਆ ਪਿਆ ਹੈ।

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਇਹ ਪੰਜਾਬ ਅਤੇ ਕਿਸਾਨੀ ਲਈ ਘਾਤਕ ਸਿੱਧ ਹੋਣ ਵਾਲੇ ਕਾਨੂੰਨਾਂ ਰੱਦ ਕਰਾਉਣ ਲਈ ਹਰ ਪੱਧਰ ਉੱਤੇ ਲੜਾਈ ਲੜੇਗੀ।

Watch Live TV-