ਕੋਰੋਨਾ ਜੰਗ ਨੂੰ ਲੈ ਕੇ CM ਕੈਪਟਨ ਦਾ ਕੇਂਦਰ 'ਤੇ ਵੱਡਾ ਨਿਸ਼ਾਨਾ, ਕਿਹਾ 'ਸੰਕਟ ਵੇਲੇ ਸਾਡੀ ਬਾਂਹ ਨਹੀਂ ਫੜੀ'

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਕੇਂਦਰ ਸਰਕਾਰ ਦੇ ਰਵੱਈਏ ਨੂੰ ਅਫਸੋਸਜਨਕ ਦੱਸਿਆ

ਕੋਰੋਨਾ ਜੰਗ ਨੂੰ ਲੈ ਕੇ CM ਕੈਪਟਨ ਦਾ ਕੇਂਦਰ 'ਤੇ ਵੱਡਾ ਨਿਸ਼ਾਨਾ, ਕਿਹਾ 'ਸੰਕਟ ਵੇਲੇ ਸਾਡੀ ਬਾਂਹ ਨਹੀਂ ਫੜੀ'
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਰਵੱਈਏ ਨੂੰ ਅਫਸੋਸਜਨਕ ਦੱਸਿਆ

ਕੁਲਵੀਰ ਦੀਵਾਨ/ਚੰਡੀਗੜ੍ਹ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਜੰਗ ਨੂੰ ਲੈਕੇ ਕੇਂਦਰ ਵਿੱਚ ਮੋਦੀ ਸਰਕਾਰ 'ਤੇ ਵੱਡਾ ਇਲਜ਼ਾਮ ਲਗਾਇਆ ਹੈ, ਉਨ੍ਹਾਂ  ਭਾਰਤ ਸਰਕਾਰ ਵੱਲੋਂ ਛੋਟੇ ਸੂਬਿਆਂ ਦੀ ਬਾਂਹ ਨਾ ਫੜਨ 'ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਇਸ ਕੌਮੀ ਲੜਾਈ ਵਿੱਚ ਅਰਥਚਾਰੇ ਦੀ ਮੰਦਹਾਲੀ ਨਾਲ ਜੂਝ ਰਹੇ ਸੂਬਿਆਂ ਦੀ ਮਦਦ ਲਈ ਅੱਗੇ ਆਵੇ, ਵੀਡੀਓ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ, ਕੋਵਿਡ ਦੀ ਸਥਿਤੀ ਨੂੰ ਸੰਭਾਲਣ ਵਿੱਚ ਸਿਖਰ 'ਤੇ ਹੈ ਅਤੇ ਮੈਡੀਕਲ ਦੇ ਪੱਖ ਤੋਂ ਸਮੱਸਿਆ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਹੈ ਪਰ ਆਰਥਿਕ ਸੁਰਜੀਤੀ ਲਈ ਕੇਂਦਰ ਸਰਕਾਰ ਪਾਸੋਂ ਮਦਦ ਦੀ ਲੋੜ ਹੋਵੇਗੀ,ਭਾਰਤ ਸਰਕਾਰ ਦੇ ਮੌਜੂਦਾ ਰਵੱਈਏ ਨੂੰ ਅਫਸੋਸਜਨਕ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਆਰਥਿਕ ਸਰਗਰਮੀਆਂ ਦੀ ਮੁੜ ਸ਼ੁਰੂਆਤ ਕਰਨ ਲਈ ਸਾਰੇ ਕਦਮ ਸੂਬਾ ਸਰਕਾਰ ਨੇ ਆਪਣੇ ਯਤਨਾਂ ਨਾਲ ਚੁੱਕੇ ਹਨ, ਕੁੱਲ ਰਾਜ ਘਰੇਲੂ ਉਤਪਾਦ (ਜੀ.ਐਸ.ਡੀ.ਪੀ.) ਦੀ ਕਰਜ਼ਾ ਹੱਦ ਵਧਾਉਣ ਲਈ ਸ਼ਰਤਾਂ ਥੋਪਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਅਧਿਕਾਰਾਂ ਨੂੰ ਘਟਾਉਂਦੇ ਹੋਏ ਕੇਂਦਰ ਸਰਕਾਰ ਵੱਲੋਂ ਬਹੁਤ ਘੱਟ ਅਤੇ ਦੇਰੀ ਨਾਲ ਕੀਤੀ ਵਿੱਤੀ ਮਦਦ ਦਾ ਲਾਭ ਵੀ ਮਨਫ਼ੀ ਹੋ ਗਿਆ

ਪੰਜਾਬ ਵਿੱਚ ਹੁਣ ਤੱਕ ਇੰਨੇ ਉਦਯੋਗਿਕ ਯੂਨਿਟ ਸ਼ੁਰੂ 

ਕੋਵਿਡ-19 ਦਰਮਿਆਨ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ  ਸੂਬੇ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ 'ਚ  ਸਮਾਪਤ ਹੋਏ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀ ਹੋਈ ਭਰਵੀਂ ਫਸਲ ਸਦਕਾ ਕਰੀਬ 24000 ਕੋਰੜ ਰੁਪਏ ਪੇਂਡੂ ਆਰਥਿਕਤਾ ਲਈ ਮੁਹੱਈਆ ਕਰਵਾਏ ਗਏ ਹਨ,ਮੁੱਖ ਮੰਤਰੀ ਨੇ  ਦੱਸਿਆ ਕਿ ਸੂਬੇ ਦੇ ਕੁੱਲ 2.56 ਲੱਖ ਉਦਯੋਗਿਕ ਯੂਨਿਟਾਂ ਵਿਚੋਂ 20 ਹਜ਼ਾਰ ਨੂੰ ਛੱਡ ਕੇ ਸਾਰੇ ਚਾਲੂ ਹੋ ਚੁੱਕੇ ਹਨ, ਸੂਬੇ ਦੇ ਅਰਥ ਵਿਵਸਥਾ ਨੂੰ ਆਪਣੇ ਸਿਖਰਲੇ ਪੱਧਰ ਤੱਕ ਪਹੁੰਚਣ ਲਈ ਕੁਝ ਸਮਾਂ ਤਾਂ ਲੱਗੇਗਾ, ਮੁੱਖ ਮੰਤਰੀ ਨੇ ਛੋਟੇ ਅਤੇ ਮੱਧ ਦਰਜੇ ਦੇ ਉਦਯੋਗਾਂ ਨੂੰ ਇਸ ਸੰਕਟ ਭਰੇ ਸਮੇਂ ਵਿੱਚੋਂ ਉਭਾਰਨ ਲਈ ਕੇਂਦਰ ਨੂੰ ਅਪੀਲ ਕੀਤੀ,ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਉਦਯੋਗਪਤੀ ਰਾਹੁਲ ਬਜਾਜ ਦਰਮਿਆਨ ਹਾਲ ਹੀ ਵਿੱਚ ਇਸ ਮਸਲੇ  'ਤੇ ਹੋਈ ਗੱਲਬਾਤ 'ਤੇ ਟਿੱਪਣੀ ਕਰਨ ਲਈ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਦੋਵੇਂ ਸਹੀ ਹਨ ਕਿਉਂ ਜੋ ਕੁੱਲ ਘਰੇਲੂ ਉਤਪਾਦ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਦੋਵੇਂ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਭਾਵੇਂ ਜਾਨਾਂ  ਬਚਾਉਣ ਲਈ ਲੌਕਡਾਊਨ ਜ਼ਰੂਰੀ ਸੀ ਅਤੇ ਹੁਣ ਸੂਬੇ ਦੀ ਆਰਥਿਕਤਾ  ਨੂੰ ਮੁੜ ਸੂਰਜੀਤ ਕਰਨਾ ਜ਼ਰੂਰੀ ਹੈ ਜਿਸ ਲਈ ਮੌਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਮਹਿਰਾਂ ਦਾ ਪੈਨਲ ਖਾਕਾ ਤਿਆਰ ਕਰ ਰਿਹਾ ਹੈ

ਇੰਨੇ ਲੱਖ ਪ੍ਰਵਾਸੀ ਮਜ਼ਦੂਰ ਵਾਪਸ ਭੇਜੇ ਗਏ

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 11.50 ਲੱਖ ਵਿਅਕਤੀਆਂ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 5 ਲੱਖ ਤੋਂ ਵੱਧ ਨੇ ਉਦਯੋਗਾਂ ਦੇ ਖੁੱਲ੍ਹਣ ਨਾਲ ਪੰਜਾਬ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਹੈ, ਉਨ੍ਹਾਂ ਕਿਹਾ ਕਿ ਕਈ ਪਰਵਾਸੀ ਕਾਮੇ ਹੁਣ ਬਿਹਾਰ ਅਤੇ ਯੂਪੀ ਵਰਗੇ ਰਾਜਾਂ ਤੋਂ ਕੰਮ ਦੁਬਾਰਾ ਸ਼ੁਰੂ ਕਰਨ ਲਈ ਪੰਜਾਬ ਵਾਪਸ ਆਉਣਾ ਚਾਹੁੰਦੇ ਹਨ, ਮਜ਼ਦੂਰ ਜੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਸਨ, ਪੰਜਾਬ ਸਰਕਾਰ ਵੱਲੋਂ ਪੁਲਿਸ, ਐਨ.ਜੀ.ਓਜ਼, ਧਾਰਮਿਕ ਸੰਸਥਾਵਾਂ ਆਦਿ ਦੇ ਸਮਰਥਨ ਨਾਲ ਕੀਤੀ ਦੇਖਭਾਲ ਦੀਆਂ ਗੱਲ ਕਰ ਰਹੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਰਾਜ ਸਰਕਾਰ ਘੱਟ ਸਰੋਤਾਂ ਦੇ ਬਾਵਜੂਦ ਇਸਦੇ ਨਿਪਟਾਰੇ ਲਈ ਆਪਣੀ ਪੂਰੀ ਵਾਹ ਲਾ ਰਹੀ ਹੈ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਸੀਜ਼ਨ ਵਿੱਚ  ਝੋਨੇ ਦੀ ਲਗਭਗ 30 ਫੀਸਦੀ ਸਿੱਧੀ ਬਿਜਾਈ ਕੀਤੀ ਗਈ ਹੈ ਜਿਸ ਲਈ ਮਜ਼ਦੂਰਾਂ ਦੀ ਘੱਟ ਲੋੜ ਹੈ ਅਤੇ ਇਸ ਦਾ ਲਾਗਤ ਖ਼ਰਚਾ ਵੀ ਘੱਟ ਹੈ, ਮੁੱਖ ਮੰਤਰੀ ਨੇ  ਕਿਹਾ ਕਿ ਉਦਯੋਗ ਮਜ਼ਦੂਰਾਂ ਨੂੰ ਨਾਲ ਰੱਖਣ ਲਈ ਤਨਖਾਹਾਂ ਵਧਾਉਣ ਜਿਹੇ ਕਈ ਉਪਰਾਲੇ ਵੀ ਕਰ ਰਹੇ ਹਨ

CM ਕੈਪਟਨ ਵੱਲੋਂ ਕੋਰੋਨਾ ਟੈਸਟ ਨੂੰ ਲੈਕੇ ਨਿਰਦੇਸ਼

ਮੁੱਖ ਮੰਤਰੀ  ਕੈਪਟਨ ਅਮਰਿੰਦਰ ਨੇ ਕਿਹਾ ਕਿ ਬੁਖਾਰ ਦੀ ਜਾਂਚ ਸਮੇਤ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਦਿਆਂ ਸਾਰੇ ਉਪਾਅ ਕੀਤੇ ਜਾ ਰਹੇ ਹਨ। ਅਤਿਅੰਤ ਸਾਵਧਾਨੀ ਦੀ ਲੋੜ ਨੂੰ ਦਰਸਾਉਂਦਿਆਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਜਦੋਂ ਵੀ ਉਹ ਬਾਹਰ ਨਿਕਲਣ ਤਾਂ ਬੁਖਾਰ ਦੀ ਜਾਂਚ ਕਰਵਾਉਣ,ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸ਼ਹਿਰਾਂ ਵਿੱਚੋਂ ਅਕਸਰ ਕਮਿਊਨਿਟੀ ਫੈਲਾਅ ਦੀਆਂ ਖਬਰਾਂ ਆਉਣ ਦੇ ਬਾਵਜੂਦ ਸੂਬਾ ਸਰਕਾਰ ਕੋਵਿਡ ਖਿਲਾਫ ਆਪਣੀ ਲੜਾਈ ਵਿੱਚ ਸਥਿਤੀ ਦੇ ਸਿਖਰ 'ਤੇ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਪ੍ਰਭਾਵਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਜਾਂ ਉਨ੍ਹਾਂ ਦੇ ਮਾਮੂਲੀ ਜਿਹੇ ਲੱਛਣ ਦਿਖਾਉਣ 'ਤੇ ਲੋਕਾਂ ਦੀ ਡਾਕਟਰੀ ਜਾਂਚ ਕਰਵਾਉਣ ਵਿੱਚ ਅਸਫਲ ਰਹਿਣ ਕਾਰਨ ਹੋਰ ਵਧ ਜਾਂਦੀ ਹੈ