ਹਰਸਿਮਰਤ ਬਾਦਲ ਵੱਲੋਂ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈਸਵੇਅ 'ਚ ਸੋਧ ਦੀ ਮੰਗ,ਇਹ ਦੱਸਿਆ ਕਾਰਨ

ਅੰਮ੍ਰਿਤਸਰ ਦੇ ਨਾਗਰਿਕਾਂ ਅਤੇ ਪੂਰੇ ਦੇਸ਼ ਦੇ ਸਿੱਖਾਂ ਦੇ ਹਿੱਤਾਂ ਲਈ ਨਿਤਿਨ ਗਡਕਰੀ ਨੂੰ ਦਖ਼ਲ ਦੇਣ ਲਈ ਆਖਿਆ

ਹਰਸਿਮਰਤ ਬਾਦਲ ਵੱਲੋਂ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈਸਵੇਅ 'ਚ ਸੋਧ ਦੀ ਮੰਗ,ਇਹ ਦੱਸਿਆ ਕਾਰਨ
ਅੰਮ੍ਰਿਤਸਰ ਦੇ ਨਾਗਰਿਕਾਂ ਅਤੇ ਪੂਰੇ ਦੇਸ਼ ਦੇ ਸਿੱਖਾਂ ਦੇ ਹਿੱਤਾਂ ਲਈ ਨਿਤਿਨ ਗਡਕਰੀ ਨੂੰ ਦਖ਼ਲ ਦੇਣ ਲਈ ਆਖਿਆ

ਤਪਿਨ ਮਲਹੋਤਰਾ/ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਦਿੱਲੀ-ਅੰਮ੍ਰਿਤਸਰ-ਕਟਰਾਂ ਐਕਸਪ੍ਰੈਸਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ ਪਰ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ  ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸੜਕ, ਆਵਾਜਾਈ ਅਤੇ ਹਾਈਵੇਅ ਮੰਤਰਾਲੇ ਨੂੰ  ਇਸ ਵਿਚ ਸੋਧ ਕਰਨ ਦੀ ਅਪੀਲ ਕੀਤੀ ਹੈ,ਉਨ੍ਹਾਂ ਕਿਹਾ ਨਵੀਂ ਸੋਧ ਰਾਹੀਂ ਪ੍ਰਸਤਾਵਿਤ ਐਕਸਪ੍ਰੈਸਵੇਅ  ਨੂੰ ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਤਰਨ ਤਾਰਨ ਦੇ ਗੁਰਧਾਮਾਂ ਨਾਲ ਜੋੜਿਆ ਜਾ ਸਕੇਗਾ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿਖੀ ਚਿੱਠੀ  ਵਿਚ  ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਾਗਰਿਕਾਂ ਅਤੇ ਦੇਸ਼ ਭਰ ਵਿਚੋਂ ਸਿੱਖਾਂ ਨੇ ਮਿਲ ਕੇ ਬੇਨਤੀ ਕੀਤੀ ਹੈ ਕਿ ਪ੍ਰਸਤਾਵਿਤ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈਸਵੇਅ ਤਹਿਤ ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਬਾਕੀ ਗੁਰਧਾਮਾਂ ਵਿਚ ਇੱਕ ਵਧੀਆ ਸੰਪਰਕ ਕਾਇਮ ਕੀਤਾ ਜਾਵੇ, ਉਹਨਾਂ ਕਿਹਾ ਕਿ ਅੰਮ੍ਰਿਤਸਰ ਧਾਰਮਿਕ ਆਸਥਾ ਦਾ ਇੱਕ ਵੱਡਾ ਕੇਂਦਰ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚੋਂ ਇੱਕ ਹੈ, ਜਿਸ ਦਾ ਦਿੱਲੀ ਨਾਲ ਨਿਰਵਿਘਨ ਸੰਪਰਕ ਜੋੜਨ ਦੀ ਲੋੜ ਹੈ, ਉਹਨਾਂ ਕਿਹਾ ਕਿ ਇਸ ਨਾਲ ਇਸ ਇਲਾਕੇ ਅੰਦਰ ਆਰਥਿਕ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ

ਹਰਸਿਮਰਤ ਬਾਦਲ ਨੇ ਸੋਧ ਦੇ ਪਿੱਛੇ ਇਹ ਕਾਰਨ ਦੱਸਿਆ

ਹਰਸਿਮਰਤ ਕੌਰ ਬਾਦਲ ਨੇ ਇਹ ਵੀ ਸਪਸ਼ਟ ਕੀਤਾ ਕਿ ਮੌਜੂਦਾ ਐਕਸਪ੍ਰੈਸਵੇਅ ਪ੍ਰੋਜੈਕਟ ਕਰਤਾਰਪੁਰ ਤੋਂ ਮੌਜੂਦਾ ਐਨਐੱਚ-3 ਨੂੰ ਅਪਗਰੇਡ ਕਰਦਾ ਹੈ ਅਤੇ ਰਾਜਾਸਾਂਸੀ ਹਵਾਈ ਅੱਡੇ ਨਾਲ ਇੱਕ ਨਵਾਂ ਐਕਸਪ੍ਰੈਸਵੇਅ ਸੰਪਰਕ ਜੋੜਦਾ ਹੈ। ਉਨ੍ਹਾਂ ਕਿਹਾ ਕਿ ਪਰ ਕਰਤਾਰਪੁਰ ਤੋਂ ਇਹ ਐਕਸਪ੍ਰੈਸਵੇਅ ਇੱਕ ਵੱਖਰਾ ਰੂਟ ਲੈ ਕੇ ਕਾਦੀਆਂ ਅਤੇ ਗੁਰਦਾਸਪੁਰ ਵਿਚੋਂ ਦੀ ਗੁਜ਼ਰਦਾ ਹੋਇਆ ਜੰਮੂ ਅਤੇ ਕਸ਼ਮੀਰ ਅੰਦਰ ਦਾਖ਼ਲ ਹੁੰਦਾ ਹੈ, ਉਨ੍ਹਾਂ ਕਿਹਾ ਕਿ ਲੋਕਾਂ 'ਚ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਇਤਿਹਾਸਕ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਅੰਦਰ ਸਥਿਤ ਹਨ , ਇਸ ਲਈ ਦਿੱਲੀ ਤੋਂ ਆਉਂਦੇ ਸ਼ਰਧਾਲੂਆਂ ਨੂੰ ਸਿੱਧਾ ਇਸ ਸ਼ਹਿਰ ਨਾਲ ਜੋੜਣ ਦੀ ਲੋੜ ਹੈ, ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਆਲੇ ਦੁਆਲੇ ਬਹੁਤ ਸਾਰੇ ਮਹੱਤਵਪੂਰਨ ਸਿੱਖ ਗੁਰਧਾਮ ਮੌਜੂਦ ਹਨ, ਇਸ ਲਈ ਇਹ ਨਵੀਂ ਸੋਧ ਸ਼ਰਧਾਲੂਆਂ ਲਈ ਇਹਨਾਂ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਨਾ ਸੌਖਾ ਬਣਾ ਦੇਵੇਗੀ, ਹਰਸਿਮਰਤ ਕੌਰ ਬਾਦਲ ਨੇ ਹਾਈਵੇਅ ਮੰਤਰਾਲੇ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਸਮੁੱਚੇ ਪ੍ਰਾਜੈਕਟ ਉੱਤੇ ਨਜ਼ਰ ਮਾਰਨ ਅਤੇ ਇਸ ਸੰਬੰਧੀ ਫੈਸਲਾ ਲੈਂਦੇ ਸਮੇਂ ਪਵਿੱਤਰ ਸ਼ਹਿਰ ਦੇ ਲੋਕਾਂ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਣ, ਉਨ੍ਹਾਂ ਕਿਹਾ ਕਿ ਮੌਜੂਦਾ ਹਾਈਵੇਅ ਨੂੰ ਅਪਗਰੇਡ ਕਰਨ ਦੀ ਬਜਾਇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਵਿਚ ਲੋੜੀਂਦੀ ਸੋਧ ਕਰਕੇ ਇੱਕ ਵਾਧੂ ਐਕਸਪ੍ਰੈਸਵੇਅ ਰਾਹੀਂ ਅੰਮ੍ਰਿਤਸਰ ਨਾਲ ਸਿੱਧਾ ਸੰਪਰਕ ਜੋੜਿਆ ਜਾ ਸਕਦਾ ਹੈ