ਪੰਜਾਬ 'ਚ ਅਧਿਆਪਕਾਂ ਦੇ ONLINE ਤਬਾਦਲੇ ਸ਼ੁਰੂ,ਇਸ ਤਰੀਕ ਤੱਕ ਅਰਜ਼ੀ ਮਨਜ਼ੂਰ,ਇਹ ਹੋਣਗੇ ਨਿਯਮ
Advertisement

ਪੰਜਾਬ 'ਚ ਅਧਿਆਪਕਾਂ ਦੇ ONLINE ਤਬਾਦਲੇ ਸ਼ੁਰੂ,ਇਸ ਤਰੀਕ ਤੱਕ ਅਰਜ਼ੀ ਮਨਜ਼ੂਰ,ਇਹ ਹੋਣਗੇ ਨਿਯਮ

ਅਧਿਆਪਕਾਂ ਦੀ ਆਨ ਲਾਈਨ ਤਬਾਦਲਿਆਂ ਦੀ ਪ੍ਰਕਿਆ ਸ਼ੁਰੂ

ਅਧਿਆਪਕਾਂ ਦੀ ਆਨ ਲਾਈਨ ਤਬਾਦਲਿਆਂ ਦੀ ਪ੍ਰਕਿਆ ਸ਼ੁਰੂ

ਤਪਿਨ ਮਲਹੋਤਰਾ /ਚੰਡੀਗੜ੍ਹ : ਪੰਜਾਬ ਕੈਬਨਿਟ ਵੱਲੋਂ ਅਧਿਆਪਕਾਂ ਦੀ ਆਨ ਲਾਈਨ (Online Teacher Transfer)ਟਰਾਂਸਫ਼ਰ ਪਾਲਿਸੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਵਿਭਾਗ ਵੱਲੋਂ ਪ੍ਰਕਿਆ ਸ਼ੁਰੂ ਕਰ ਦਿੱਤੀ ਗਈ ਹੈ, ਸੂਬਾ ਸਰਕਾਰ ਵੱਲੋਂ ਅਧਿਆਪਕਾਂ ਅਤੇ ਕੰਪਿਊਟਰ ਫੈਕਲਟੀ ਦੇ ਆਨ ਲਾਈਨ ਤਬਾਦਲਿਆਂ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਸਿੱਖਿਆ ਵਿਭਾਗ  ਨੇ ਦੱਸਿਆ ਕਿ ਤਬਾਦਲੇ ਕਰਵਾਉਣ ਦੇ ਚਾਹਵਾਨ ਅਧਿਆਪਕ ਅਤੇ ਕੰਪਿਊਟਰ ਫੈਕਲਟੀ 20 ਮਈ ਤੋਂ 27 ਮਈ 2020 ਤੱਕ ਆਪਣਾ ਡਾਟਾ ਆਨ ਲਾਈਨ ਅੱਪ ਲੋਡ ਕਰ ਸਕਦੇ ਹਨ ਅਤੇ ਸਟੇਸ਼ਨ ਦੀ ਚੋਣ ਬਾਅਦ ਵਿੱਚ ਜਨਤਿਕ ਸੂਚਨਾ ਰਾਹੀਂ ਜਾਰੀ ਕੀਤੀ ਜਾਵੇਗੀ,ਵਿਭਾਗ ਮੁਤਾਬਿਕ  ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਵੱਲੋਂ ਇੱਕ ਵਾਰ ਭਰੇ ਗਏ ਡਾਟਾ ਨੂੰ 27 ਮਈ ਤੱਕ ਐਡਿਟ ਕੀਤਾ ਜਾ ਸਕਦਾ ਹੈ ਪਰ ਉਸ ਤੋਂ ਬਾਅਦ ਡਾਟਾ ਵਿੱਚ ਕੋਈ ਵੀ ਤਬਦੀਲੀ ਨਹੀਂ ਹੋਵੇਗੀ, ਅਧੂਰੇ ਅਤੇ ਗ਼ਲਤ ਵੇਰਵੇ ਪਾਏ ਜਾਣ 'ਤੇ ਬਦਲੀ ਦੀ ਬੇਨਤੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ

 ਵਿਸ਼ੇਸ਼ ਸ੍ਰੇਣੀ ਲਈ ਦਿਸ਼ਾ-ਨਿਰਦੇਸ਼ 

ਸਿੱਖਿਆ ਵਿਭਾਗ ਮੁਤਾਬਿਕ ਵਿਸ਼ੇਸ਼ ਸ਼੍ਰੇਣੀ ਹੇਠ ਅਪਲਾਈ ਕਰਨ ਵਾਲੇ ਅਧਿਆਪਕਾਂ ਅਤੇ ਕੰਪਿਊਟਰ ਫੈਕਲਟੀ ਵੱਲੋਂ ਆਪਣੀ ਸ਼੍ਰੇਣੀ ਸਬੰਧੀ ਦਸਤਾਵੇਜ਼ ਅਟੈਚ ਕਰਨੇ  ਜ਼ਰੂਰੀ ਹਨ, ਇਹ ਦਸਤਾਵੇਜ਼   ਨਾ ਹੋਣ ਦੀ ਸੂਰਤ ਵਿੱਚ ਤਬਾਦਲੇ ਦੀ ਬੇਨਤੀ ਨੂੰ ਵਿਸ਼ੇਸ਼ ਸ਼੍ਰੇਣੀ ਹੇਠ ਨਹੀਂ ਮੰਨਿਆ ਜਾਵੇਗਾ, ਜਿਨ੍ਹਾਂ ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਦੇ ਦਸਤਾਵੇਜ਼ ਸਹੀ ਪਾਏ ਜਾਣਗੇ ਉਨ੍ਹਾਂ ਤੋਂ ਪਸੰਦ ਦੇ ਸਟੇਸ਼ਨ ਦੀ ਮੰਗ ਕੀਤੀ ਜਾਵੇਗੀ, ਵੱਖ ਵੱਖ ਗੇੜਾਂ ਦੀਆਂ ਬਦਲੀਆਂ ਲਈ ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਨੂੰ ਵਾਰ ਵਾਰ ਡਾਟਾ ਨਹੀਂ ਭਰਨਾ ਪਵੇਗਾ, ਇਹ ਡਾਟਾ ਕੇਵਲ 20 ਮਈ ਤੋਂ 27 ਮਈ ਵਿੱਚਕਾਰ ਹੀ ਭਰਿਆ ਜਾਵੇਗਾ ਪਸੰਦੀਦਾ ਸਟੇਸ਼ਨ ਪ੍ਰਾਪਤ ਕਰਨ ਲਈ ਵੱਖਰੇ ਤੌਰ 'ਤੇ ਸੂਚਨਾ ਜਾਰੀ ਕੀਤੀ ਜਾਵੇਗੀ

ਤਬਾਦਲਾ ਨੀਤੀ ਦੇ ਨਿਯਮ 

8 ਮਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਸਕੂਲਾਂ ਦੇ ਨਾਨ-ਟੀਚਿੰਗ ਸਟਾਫ਼ ਲਈ ਤਬਾਦਲਾ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਤਬਾਦਲਾ ਸਾਲ ਵਿੱਚ ਸਿਰਫ਼ ਇੱਕ ਵਾਰ ਹੋ ਸਕੇਗਾ ਜੋ ਕਿ ਮੈਰਿਟ ’ਤੇ ਆਧਾਰਿਤ ਸਾਫ਼ਟਵੇਅਰ ਰਾਹੀਂ ਹੋਵੇਗਾ, ਮੈਰਿਟ ਨਿਰਧਾਰਿਤ ਕਰਨ ਲਈ ਮਾਪਦੰਡਾਂ ਵਿੱਚੋਂ ਸਰਵਿਸ ਦੀ ਲੰਬਾਈ ਦੇ 95 ਅੰਕ, ਵਿਸ਼ੇਸ਼ ਕੈਟਾਗਰੀ ਦੇ ਮੁਲਾਜ਼ਮਾਂ ਲਈ 55 ਅੰਕ ਅਤੇ ਪ੍ਰਦਰਸ਼ਨ ਦੇ 90 ਅੰਕ ਆਦਿ ਹੋਣਗੇ,ਇਕ ਸਟੇਸ਼ਨ ’ਤੇ ਕੰਮ ਕਰਦੇ ਮੁਲਾਜ਼ਮ ਦਾ ਉਦੋਂ ਤੱਕ ਤਬਾਦਲਾ ਨਹੀਂ ਹੋ ਸਕੇਗਾ ਜਦੋਂ ਤੱਕ ਉਹ ਇਕ ਸਟੇਸ਼ਨ ’ਤੇ ਪੰਜ ਸਾਲ ਦੀ ਸੇਵਾ ਪੂਰੀ ਨਹੀਂ ਕਰਦਾ, ਇਕ ਵਾਰ ਪੰਜ ਸਾਲ ਪੂਰੇ ਹੋਣ ’ਤੇ ਮੁਲਾਜ਼ਮ ਦਾ ਲਾਜ਼ਮੀ ਤਬਾਦਲਾ ਉਸ ਦੀ ਇੱਛਾ ਅਨੁਸਾਰ ਹੋਵੇਗਾ, ਜੇਕਰ ਕੋਈ ਮੁਲਾਜ਼ਮ ਆਪਣੀ ਇੱਛਾ ਨਹੀਂ ਦੱਸਦਾ ਤਾਂ ਉਸ ਦਾ ਤਬਾਦਲਾ ਵਿਭਾਗ ਆਪਣੇ ਆਪ ਕਰ ਦੇਵੇਗਾ

ਕਦੋਂ ਸ਼ੁਰੂ ਹੋਈ ਨਵੀਂ ਤਬਾਦਲਾ ਨੀਤੀ ?

2 ਮਈ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਸਰਹੱਦੀ ਖੇਤਰਾਂ ਵਿੱਚ ਪੜਾਉਣ ਵਾਲੇ ਅਧਿਆਪਕਾਂ  ਦੀ ਤਬਾਦਲਾ ਨੀਤੀ ਨੂੰ ਲੈਕੇ ਵੀ ਵੱਡਾ ਫ਼ੈਸਲਾ ਲਿਆ ਗਿਆ ਸੀ, ਪਹਿਲਾਂ ਸਰਹੱਦੀ ਖੇਤਰਾਂ  ਵਿੱਚ ਪੜਾਉਣ ਵਾਲੇ ਅਧਿਆਪਕਾਂ ਨੂੰ 3 ਸਾਲ ਤੱਕ ਉਸੇ ਸਕੂਲ ਵਿੱਚ ਹੀ ਪੜਾਉਣਾ ਜ਼ਰੂਰੀ ਸੀ ਪਰ ਹੁਣ ਇਸ ਸਮਾਂ ਹੱਦ ਨੂੰ  ਘਟਾ ਕੇ 18 ਮਹੀਨੇ ਕਰ ਦਿੱਤਾ ਗਿਆ ਹੈ, ਪਿਛਲੇ ਸਾਲ ਹੀ ਸਿੱਖਿਆ ਵਿਭਾਗ ਨੇ ਆਪਣੀ ਤਬਾਦਲਾ ਨੀਤੀ ਆਨਲਾਈਨ ਕੀਤੀ ਸੀ ਇਸ ਦੇ ਤਹਿਤ ਅਪਲਾਈ ਕਰਨ ਵਾਲੇ ਅਧਿਆਪਕਾਂ ਦੀ ਪਹਿਲੀ ਸੂਚੀ ਵੀ ਜਾਰੀ ਕੀਤੀ ਗਈ ਸੀ,ਆਨਲਾਈਨ ਤਬਾਦਲਾ ਪਾਲਿਸੀ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਕੀਤਾ ਸੀ,ਆਨਲਾਈਨ ਅਧਿਆਪਕਾਂ ਦੀ ਤਬਾਦਲਾ ਨੀਤੀ ਲਾਗੂ ਦੇ ਪਿੱਛੇ ਮਕਸਦ ਸੀ ਪੂਰੇ ਸਿਸਟਮ ਵਿੱਚ ਪਾਰਦਰਸ਼ਤਾ ਲਿਆਉਣਾ, ਸਰਕਾਰ ਨੇ ਦਾਅਵਾ ਕੀਤਾ ਸੀ ਕੀ ਆਨਲਾਈਨ ਤਬਾਦਲਾ ਨੀਤੀ ਤੋਂ ਬਾਅਦ ਆਪਣੀ ਬਦਲੀਆਂ ਕਰਵਾਉਣ ਦੇ ਲਈ   ਅਧਿਆਪਕਾਂ ਨੂੰ ਕਿਸੇ ਸਿਆਸੀ ਲੀਡਰ ਜਾਂ ਕਿਸੇ ਅਫ਼ਸਰ ਦੇ ਦਫ਼ਤਰਾਂ ਦੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਆਨਲਾਈਨ ਪਾਲਿਸੀ ਦੇ ਤਹਿਤ ਸਿਰਫ਼ ਮੈਰਿਟ ਦੇ ਆਧਾਰ 'ਤੇ ਹੀ ਤਬਾਦਲੇ ਕੀਤੇ ਜਾਣਗੇ  ਅਧਿਆਪਕ ਕੰਪਿਊਟਰ ਆਨਲਾਈਨ ਸਾਫ਼ਟਵੇਅਰ ਦੇ ਤਹਿਤ  ਅਪਲਾਈ ਕਰ ਸਕਣਗੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰੋਜੈਕਟ ਦੀ ਜ਼ਿੰਮੇਵਾਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਦਿੱਤੀ ਸੀ 

 

 

Trending news