ਡੇਰੇ ਦੇ ਇਸ ਬਿਆਨ ਤੋਂ ਬਾਅਦ ਯੂਥ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਖ਼ਿਲਾਫ਼ ਮੰਗੀ ਇਹ ਕਾਰਵਾਹੀ

ਯੂਥ ਕਾਂਗਰਸ ਦੇ  ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਡੇਰਾ ਪ੍ਰੇਮਿਆਂ ਵੱਲੋਂ ਪ੍ਰੈਸਕਾਨਫਰੰਸ ਕਰ ਕੇ ਦਿੱਤਾ ਸੀ ਬਿਆਨ 

ਡੇਰੇ ਦੇ ਇਸ ਬਿਆਨ ਤੋਂ ਬਾਅਦ ਯੂਥ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਖ਼ਿਲਾਫ਼ ਮੰਗੀ ਇਹ ਕਾਰਵਾਹੀ
ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਡੇਰਾ ਪ੍ਰੇਮਿਆਂ ਵੱਲੋਂ ਪ੍ਰੈਸਕਾਨਫਰੰਸ ਕਰ ਕੇ ਦਿੱਤਾ ਸੀ ਬਿਆਨ

ਤਪਿਨ ਮਲਹੋਤਰਾ/ਚੰਡੀਗੜ੍ਹ : ਤਕਰੀਬਨ 1 ਦਹਾਕੇ ਤੋਂ ਬਾਅਦ ਇੱਕ ਵਾਰ ਮੁੜ ਤੋਂ ਡੇਰਾ ਮੁਖੀ ਰਾਮ ਰਹੀਮ ਦੀ ਗੁਰੂ ਗੋਬਿੰਦ ਸਿੰਘ ਨਾਲ ਜੁੜੀ ਪੋਸ਼ਾਕ ਦਾ ਮਾਮਲਾ ਗਰਮਾ ਗਿਆ ਹੈ, ਪੰਜਾਬ ਕਾਂਗਰਸ ਯੂਥ ਵਿੰਗ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰ ਕੇ ਛੇਕਣ ਦੀ ਮੰਗ ਕੀਤੀ ਹੈ,ਬਰਿੰਦਰ ਢਿੱਲੋਂ ਨੇ ਕੁੱਝ ਦਿਨ ਪਹਿਲਾਂ ਡੇਰਾ ਪ੍ਰੇਮਿਆਂ ਵੱਲੋਂ ਕੀਤੀ ਗਈ ਪ੍ਰੈਸਕਾਨਫਰੰਸ ਦਾ ਹਵਾਲਾ ਦਿੰਦੇ ਹੋਏ ਇਹ ਮੰਗ ਕੀਤੀ ਹੈ, ਢਿੱਲੋਂ ਦਾ ਦਾਅਵਾ ਹੈ ਕਿ ਡੇਰਾ ਪ੍ਰੇਮਿਆਂ ਨੇ ਖ਼ੁਲਾਸਾ ਕੀਤੀ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਸਤਰਾਂ ਨਾਲ ਮਿਲ ਦੀ ਜੁਲਦੀ ਜਿਹੜੀ ਪੋਸ਼ਾਕ ਰਾਮ ਰਹੀਮ ਨੇ ਪਾਈ ਸੀ ਉਹ ਬਾਦਲ ਪਰਿਵਾਰ ਵੱਲੋਂ ਦਿੱਤੀ ਗਈ ਸੀ,ਢਿੱਲੋ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਮੈਂ ਆਪ ਨੂੰ ਸਿੱਖ ਕੌਮ ਦੀ ਚੜਦੀ ਕਲਾ ਦਾ ਵਾਸਤਾ ਪਾਉਂਦੇ ਹੋਏ ਸੁਖਬੀਰ ਬਾਦਲ ਨੂੰ ਉਨ੍ਹਾਂ ਵੱਲੋਂ ਜਾਣ ਬੁੱਝ ਕੇ ਕੀਤੇ ਗਏ ਇਸ ਕੰਮ ਦੇ ਲਈ ਸਿੱਖ ਪੰਥ ਤੋਂ ਛੇਕਨ ਦੀ ਮੰਗ ਕਰਦਾ ਹਾਂ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਅੱਜ ਪੂਰੀ ਦੁਨੀਆ ਵਿੱਚ ਸਿੱਖ ਕੌਮ ਆਪਣੇ ਵਿੱਲਖਣ ਪਛਾਣ ਲਈ ਜਾਣੀ ਜਾਂਦੀ ਹੈ ਪਰ ਕੁੱਝ ਲੋਕਾਂ ਨੇ ਆਪਣੇ ਸਿਆਸੀ ਮੁਫ਼ਾਦ ਲਈ ਇਸ ਨੂੰ ਵਰਤਿਆ 

ਕੀ ਸੀ ਵਸਤਰ ਵਿਵਾਦ ?

ਪੰਜਾਬ ਦੀ ਸਿਆਸਤ ਵਿੱਚ ਡੇਰਾ ਸੱਚਾ ਸੌਦਾ ਦਾ ਵੱਡਾ ਰੋਲ ਰਿਹਾ ਹੈ, 2007 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਡੇਰੇ ਵੱਲੋਂ ਕਾਂਗਰਸ ਦੀ ਹਿਮਾਇਤ ਕੀਤੀ ਗਈ ਸੀ, ਉਸ ਤੋਂ ਬਾਅਦ ਡੇਰਾ ਮੁੱਖੀ ਰਾਮ ਰਹੀਮ ਦੀ ਇੱਕ ਅਖ਼ਬਾਰ ਵਿੱਚ ਫ਼ੋਟੋ ਛਪੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਰਾਮ ਰਹੀਮ ਨੇ ਜੋ ਪੋਸ਼ਾਕ ਪਾਈ ਹੈ ਉਹ ਗੁਰੂ ਗੋਬਿੰਦ ਸਿੰਘ ਨਾਲ ਮਿਲ ਦੀ ਹੈ ਅਤੇ ਉਸ ਨੇ ਸ੍ਰੀ ਗੁਰੂ ਗੋਬਿੰਦ ਦੀ ਬਰਾਬਰੀ ਕਰਨ ਦੀ ਕੋਸ਼ਿਸ ਕੀਤੀ ਹੈ, ਇਸ ਦੇ ਵਿਰੋਧ ਵਿੱਚ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਡੇਰਾ ਮੁੱਖ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ,ਇਸ ਦੌਰਾਨ  ਪੰਜਾਬ ਅਤੇ ਹਰਿਆਣਾ ਦੋਵਾਂ ਥਾਵਾਂ ਤੇ ਮਹੌਲ ਤਣਾਅ ਭਰਪੂਰ ਹੋ ਗਿਆ ਸੀ, ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਡੇਰਾ ਮੁੱਖੀ ਨੂੰ ਪੰਥ ਤੋਂ ਛੇਕ ਦੇ ਹੋਏ ਸਿੱਖ ਸੰਗਤਾਂ ਨੂੰ  ਹਿਦਾਇਤਾਂ ਦਿੱਤੀਆਂ ਸਨ ਡੇਰੇ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ ਰੱਖਿਆ ਜਾਵੇ,13 ਸਾਲ ਪਹਿਲਾਂ ਸ਼ੁਰੂ ਹੋਇਆ   ਵਿਵਾਦ ਬਰਗਾੜੀ ਬੇਅਦਬੀ, ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਰੂਪ ਵਿੱਚ ਵੀ ਸਾਹਮਣੇ ਆਇਆ, ਪਿਛਲੇ 1 ਦਹਾਕੇ ਤੋਂ ਵੀ ਵਧ ਸਮਾਂ ਹੋ ਗਿਆ ਹੈ ਪੰਜਾਬ ਦੀ ਸਿਆਸਤ ਡੇਰੇ ਦੇ ਇਰਦ ਗਿਰਦ ਹੀ ਘੁੰਮ ਰਹੀ ਹੈ, ਡੇਰੇ ਨਾਲ ਜੁੜੀ ਹਰ ਸਰਗਰਮੀ ਪੰਜਾਬ ਦੀ ਸਿਆਸਤ 'ਤੇ ਵੱਡਾ ਅਸਰ ਕਰਦੀ ਹੈ, SIT ਵੱਲੋਂ ਬੇਅਦਬੀ ਮਾਮਲੇ ਵਿੱਚ ਫੜੇ ਗਏ ਡੇਰਾ ਪ੍ਰੇਮੀਆਂ ਤੋਂ ਬਾਅਦ ਕੁੱਝ ਦਿਨ ਪਹਿਲਾਂ ਡੇਰੇ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ  ਕਿ 2017 ਵਿੱਚ ਅਕਾਲੀ ਦਲ ਅਤੇ ਬੀਜੇਪੀ ਦੀ ਹਿਮਾਇਤ ਕਰਨ ਦੀ ਵਜ੍ਹਾਂ ਕਰ ਕੇ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਮਾਮਲੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ