ਰਵਨੀਤ ਬਿੱਟੂ ਨੇ ਸੁਖਬੀਰ ਤੋਂ ਮੰਗਿਆ ਸਪੱਸ਼ਟੀਕਰਨ, ਪੁੱਛਿਆ, ਜਦ ਖੇਤੀ ਆਰਡੀਨੈਂਸ 'ਤੇ ਵੋਟਿੰਗ ਹੋਈ ਹੀ ਨਹੀਂ ਤਾਂ ਉਹ ਕਿੱਥੇ ਵੋਟਿੰਗ ਕਰ ਗਏ ?

 ਜੇਕਰ ਸੁਖਬੀਰ ਨੇ ਵਿਰੋਧ ਵਿੱਚ ਵੋਟ ਪਾਈ ਤਾਂ ਹਰਸਿਮਰਤ ਨੇ ਵੋਟ ਕਿੱਥੇ ਪਾਈ? – ਬਿੱਟੂ  

ਰਵਨੀਤ ਬਿੱਟੂ ਨੇ ਸੁਖਬੀਰ ਤੋਂ ਮੰਗਿਆ ਸਪੱਸ਼ਟੀਕਰਨ, ਪੁੱਛਿਆ, ਜਦ ਖੇਤੀ ਆਰਡੀਨੈਂਸ 'ਤੇ ਵੋਟਿੰਗ ਹੋਈ ਹੀ ਨਹੀਂ ਤਾਂ ਉਹ ਕਿੱਥੇ ਵੋਟਿੰਗ ਕਰ ਗਏ ?
ਫਾਈਲ ਫੋਟੋ

ਲੁਧਿਆਣਾ: ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਖੇਤੀ ਆਰਡੀਨੈਂਸ ਦੇ ਹੱਕ ਜਾਂ ਵਿਰੋਧ ਬਾਰੇ ਪੈਦਾ ਹੋਈ ਸਥਿਤੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਸਪੱਸ਼ਟ ਕਰਨ ਕਿ ਜਦ ਇਸ ਆਰਡੀਨੈਂਸ 'ਤੇ ਕਿਸੇ ਵੀ ਤਰਾਂ ਦੀ ਵੋਟਿੰਗ ਹੋਈ ਹੀ ਨਹੀਂ ਤਾਂ ਉਹ ਇਸ ਆਰਡੀਨੈਂਸ ਦੇ ਵਿਰੋਧ ਵਿੱਚ ਵੋਟਿੰਗ ਕਿੱਥੇ ਕਰ ਗਏ?

ਬਿੱਟੂ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਆਰਡੀਨੈਂਸ 'ਤੇ ਕਿਸੇ ਵੀ ਤਰਾਂ ਦੀ ਵੋਟਿੰਗ ਕਰਾਉਣੀ ਜ਼ਰੂਰੀ ਨਹੀਂ ਸਮਝੀ,ਪਰ ਸੁਖਬੀਰ ਸਿੰਘ ਬਾਦਲ ਆਪਣੀ ਅਤੇ ਪਾਰਟੀ ਦੀ ਦਿਨੋ ਦਿਨ ਖ਼ਤਮ ਹੋ ਰਹੀ ਸ਼ਾਖ਼ ਨੂੰ ਬਚਾਉਣ ਵਾਸਤੇ ਲਗਾਤਾਰ ਬਿਆਨ ਦੇ ਰਹੇ ਹਨ ਕਿ ਉਹਨਾਂ ਨੇ ਲੋਕ ਸਭਾ ਮੈਂਬਰ ਵਜੋਂ ਇਸ ਆਰਡੀਨੈਂਸ ਦੇ ਵਿਰੋਧ ਵਿੱਚ ਵੋਟ ਪਾਈ ਹੈ।

ਬਿੱਟੂ ਨੇ ਕਿਹਾ ਕਿ ਜੇਕਰ ਮੰਨ ਵੀ ਲਿਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਆਰਡੀਨੈਂਸ ਦੇ ਵਿਰੋਧ ਵਿੱਚ ਵੋਟ ਪਾਈ ਹੈ ਤਾਂ ਉਹ ਇਹ ਵੀ ਸਪੱਸ਼ਟ ਕਰਨ ਕਿ ਹਰਸਿਮਰਤ ਕੌਰ ਬਾਦਲ ਨੇ ਉਸ ਵੇਲੇ ਕੇਂਦਰੀ ਮੰਤਰੀ ਹੁੰਦਿਆਂ ਇਸ ਦੇ ਵਿਰੋਧ ਵਿੱਚ ਜਾਂ ਹੱਕ ਵਿੱਚ ਵੋਟ ਪਾਈ? 

ਬਿੱਟੂ ਨੇ ਕਿਹਾ ਕਿ ਅਸਲ ਵਿੱਚ ਆਪਣੇ ਦਿਨੋ ਦਿਨ ਖ਼ਤਮ ਹੁੰਦੇ ਜਾ ਰਹੇ ਲੋਕ ਮਿਆਰ ਤੋਂ ਘਬਰਾਇਆ ਹੋਇਆ ਬਾਦਲ ਪਰਿਵਾਰ ਆਪਣੇ ਝੂਠ ਦੇ ਬੁਣੇ ਹੋਏ ਮੱਕੜ ਜਾਲ ਵਿੱਚ ਖੁਦ ਹੀ ਫਸਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਹਰਸਿਮਰਤ ਕੌਰ ਬਾਦਲ ਆਰਡੀਨੈਂਸ ਸਦਨ ਵਿੱਚ ਪੇਸ਼ ਹੋਣ ਤੋਂ ਪਹਿਲਾਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੀ ਤਾਂ ਅੱਜ ਸਥਿਤੀ ਕਿਸਾਨਾਂ ਦੇ ਹੱਕ ਵਿੱਚ ਹੋਣੀ ਸੀ।

ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਆਰਡੀਨੈਂਸ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਇੱਕ ਮਿੱਕ ਹੈ, ਇਸੇ ਕਰਕੇ ਹੀ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਆਰਡੀਨੈਂਸ ਪਾਸ ਹੋਣ ਤੋਂ ਬਾਅਦ ਦਿੱਤਾ ਹੈ। ਉਹਨਾਂ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਕੀਕਤ ਦਾ ਸ਼ੀਸ਼ਾ ਦਿਖਾਉਂਦਿਆਂ ਕਿਹਾ ਕਿ ਹੁਣ ਉਹ ਪੰਜਾਬ ਦੇ ਲੋਕਾਂ ਦੇ ਮੂੰਹਾਂ ਤੋਂ ਉੱਤਰ ਚੁੱਕੇ ਹਨ। ਉਹਨਾਂ ਕਿਸਾਨ ਵਿਰੋਧੀ ਅਸਲੀ ਚਿਹਰਾ ਲੋਕਾਂ ਦਾ ਸਾਹਮਣੇ ਆ ਚੁੱਕਾ ਹੈ।

Watch Live Tv-