ਬਿਨਾ ਗੱਠਜੋੜ ਦੇ ਇਕੱਲੀਆਂ ਵਿਧਾਨਸਭਾ ਚੋਣਾਂ ਲੜੇਗਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ), 117 ਹਲਕਿਆਂ 'ਚ ਉਤਾਰੇ ਜਾਣਗੇ ਉੱਮੀਦਵਾਰ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਸਾਫ਼ ਕੀਤਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਇਕੱਲਿਆਂ ਲੜੇਗੀ।

ਬਿਨਾ ਗੱਠਜੋੜ ਦੇ ਇਕੱਲੀਆਂ  ਵਿਧਾਨਸਭਾ ਚੋਣਾਂ ਲੜੇਗਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ),  117 ਹਲਕਿਆਂ 'ਚ ਉਤਾਰੇ ਜਾਣਗੇ ਉੱਮੀਦਵਾਰ

ਨਵਜੋਤ ਧਾਲੀਵਾਲ/ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਸਾਫ਼ ਕੀਤਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਇਕੱਲਿਆਂ ਲੜੇਗੀ।   ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰ ਉਤਾਰੇਗੀ ਅਤੇ ਜਿੱਤ ਦਰਜ ਕਰੇਗੀ।

ਸ: ਸੁਖਦੇਵ ਸਿੰਘ ਢੀਂਡਸਾ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਕਿ ਉਨ੍ਹਾਂ ਨੇ ਸੱਤਾ ਦੇ ਲੋਭ ਕਾਰਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਗਠਨ ਨਹੀ ਕੀਤਾ ਹੈ ਸਗੋਂ ਉਨ੍ਹਾਂ ਦਾ ਮੁੱਖ ਟੀਚਾ ਸਿੱਖ ਪੰਥ ਅਤੇ ਪੰਜਾਬ ਦੇ ਭਲੇ ਲਈ ਪੂਰਨ ਤੌਰ `ਤੇ ਕਾਰਜਸ਼ੀਲ ਰਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪਰਿਵਾਰ ਦੇ ਕਬਜੇ ਤੋਂ ਮੁਕਤ ਕਰਵਾਉਣਾ ਹੈ। ਤਾਂ ਜੋ ਅਕਾਲੀ ਦਲ ਦੇ ਅਸਲ ਸਿਧਾਂਤਾਂ ਨੂੰ ਮੁੜ ਬਹਾਲ ਕੀਤਾ ਜਾ ਸਕੇ।

ਸ: ਢੀਂਡਸਾ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਿਸ਼ੇਸ਼ ਪਾਰਟੀ ਨਾਲ ਗੱਠਜੋੜ ਹੋਣ ਦੀ ਖ਼ਬਰ ਨੂੰ ਵੀ ਅਫ਼ਵਾਹ ਕਰਾਰ ਦਿੱਤਾ ਅਤੇ ਕਿਹਾ ਉਨ੍ਹਾਂ ਦੀ ਕਿਸੇ ਪਾਰਟੀ ਨਾਲ ਗੱਠਜੋੜ ਕਰਨ ਦੀ ਕੋਈ ਗੱਲ ਨਹੀ ਹੋਈ ਹੈ। ਸ: ਢੀਂਡਸਾ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਪੰਜਾਬ ਦੇ ਲੋਕ ਬਹੁਤ ਦੁਖੀ ਹਨ। ਜਿਸ ਲਈ ਉਨ੍ਹਾਂ ਵੱਲੋਂ ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇੱਕ ਚੌਥਾ ਫਰੰਟ ਬਣਾਉਣ ਦੀ ਲੋੜ `ਤੇ ਜ਼ੋਰ ਦਿੱਤਾ ਗਿਆ ਹੈ ਪ੍ਰੰਤੂ ਉਹ ਕਦੇ ਵੀ ਕਿਸੇ ਪਾਰਟੀ ਕੋਲੇ ਖੁਦ ਗੱਠਜੋੜ ਦੀ ਪੇਸ਼ਕਸ਼ ਲੈਕੇ ਨਹੀ ਗਏ ਹਨ। ਉਨ੍ਹਾਂ ਨੇ ਅਜਿਹੀਆਂ ਅਫ਼ਵਾਹਾਂ ਉਡਾਉਣ ਵਾਲੇ ਲੋਕਾਂ ਨੂੰ ਬਾਜ਼ ਆਉਣ ਲਈ ਆਖਿਆ ਹੈ।

ਉਨ੍ਹਾਂ ਕਿਹਾ ਕਿ ਬੀਤੀ 24 ਜੁਲਾਈ ਨੂੰ ਜਲੰਧਰ ਵਿਖੇ ਹੋਈ ਹੰਗਾਮੀ ਮੀਟਿੰਗ ਦੌਰਾਨ ਸਮੂਹ ਆਹੁਦੇਦਾਰਾਂ ਨੂੰ ਜ਼ਮੀਨੀ ਪੱਧਰ `ਤੇ ਤਿਆਰੀ ਵਿੱਢਣ ਤੋਂ ਇਲਾਵਾ ਚਾਹੁਵਾਨ ਉਮੀਦਵਾਰਾਂ ਨੂੰ ਜ਼ੋਰ-ਸ਼ੋਰ ਨਾਲ ਚੋਣ ਮੈਦਾਨ ਵਿੱਚ ਉਤਰਨ ਲਈ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਕੋਲੇ ਸਮਰੱਥ ਅਤੇ ਤਜ਼ੁਰਬੇਕਾਰ ਲੀਡਰਸਿ਼ਪ ਮੌਜੂਦ ਹੈ। ਉਨ੍ਹਾਂ ਕਿਹਾ ਕਿ ਮਾਲਵੇ ਦੇ ਨਾਲ- ਨਾਲ ਮਾਝੇ ਅਤੇ ਦੁਆਬੇ ਦੇ ਕੱਦਾਵਾਰ ਲੀਡਰ ਪਾਰਟੀ ਦਾ ਅਹਿਮ ਹਿੱਸਾ ਹਨ। ਜਿਨ੍ਹਾਂ ਵਿੱਚੋਂ ਕਈਂ ਲੀਡਰ  ਕੈਬਨਿਟ ਮੰਤਰੀ,  ਸੰਸਦੀ ਸਕੱਤਰ , ਮੈਂਬਰ ਪਾਰਲੀਮੈਂਟ, ਡਿਪਟੀ ਸਪੀਕਰ, ਵਿਧਾਇਕ ਅਤੇ ਹੋਰ ਉੱਚ ਆਹੁਦਿਆਂ `ਤੇ ਰਹਿ ਚੁੱਕੇ ਹਨ। ਇਸਤੋਂ ਇਲਾਵਾ ਇਸਤਰੀ ਵਿੰਗ ਦੀ ਕਮਾਨ ਵੀ ਤਜ਼ੁਰਬੇਕਾਰ ਸ਼ਖਸ਼ੀਅਤਾਂ ਦੇ ਹੱਥ ਹੈ। ਯੂਥ ਵਿੰਗ ਜੋਕਿ ਪਾਰਟੀ ਦਾ ਮੁੱਖ ਧੂਰਾ ਹੈ ਵਿੱਚ ਵੀ ਮਿਹਨਤੀ ਤਜ਼ੁਰਬੇਕਾਰ ਅਤੇ ਉੱਚ ਯੋਗਤਾ ਪ੍ਰਾਪਤ ਨੌਜਵਾਨ ਪਾਰਟੀ ਦੀ ਮਜਬੂਤੀ ਲਈ ਦਿਨ-ਰਾਤ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਦਰਸ਼ਾਉਂਦਾ ਮੈਨੀਫੈਸਟੋ ਵੀ ਜਾਰੀ ਕਰ ਦਿੱਤਾ ਜਾਵੇਗਾ। ਇਸਤੋਂ ਇਲਾਵਾ ਸ: ਢੀਂਡਸਾ ਨੇ ਕਿਹਾ ਕਿ ਪੰਜਾਬ ਦੀਆਂ ਕਈਂ ਨਾਮਵਰ ਸ਼ਖਸ਼ੀਅਤਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਹਿੱਸਾ ਬਣਨ ਜਾ ਰਹੀਆਂ ਹਨ। ਜਿਸ ਨਾਲ ਪਾਰਟੀ ਨੂੰ ਹੋਰ ਵੀ ਮਜਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸੂਬੇ ਵਿੱਚ ਇੱਕ ਮਜਬੂਤ ਖੇਤਰੀ ਪਾਰਟੀ ਵਜੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਤੀਨਿਧਤਾ ਕਰੇਗਾ।