ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਤੋਂ ਦਖ਼ਲ ਮੰਗਿਆ, ਸੂਬੇ 'ਚ ਕਪਾਹ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ 'ਤੇ ਕੀਤੇ ਜਾਣਾ ਯਕੀਨੀ ਬਣਾਉਣ ਦੀ ਕੀਤੀ ਅਪੀਲ
Advertisement

ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਤੋਂ ਦਖ਼ਲ ਮੰਗਿਆ, ਸੂਬੇ 'ਚ ਕਪਾਹ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ 'ਤੇ ਕੀਤੇ ਜਾਣਾ ਯਕੀਨੀ ਬਣਾਉਣ ਦੀ ਕੀਤੀ ਅਪੀਲ

ਪਾਰਟੀ ਵਰਕਰ 12 ਅਕਤੂਬਰ ਨੂੰ ਮੰਡੀਆਂ ਵਿਚ ਸੀ ਸੀ ਆਈ ਦੇ ਖ਼ਿਲਾਫ਼ ਕਰਨਗੇ ਰੋਸ ਮੁਜ਼ਾਹਰੇ

 

ਫਾਈਲ ਫੋਟੋ

ਫ਼ਾਜ਼ਿਲਕਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਤੁਰੰਤ ਦਖ਼ਲ ਦੇ ਕੇ ਪੰਜਾਬ ਵਿਚ ਕਪਾਹ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਕੀਤੇ ਜਾਣਾ ਯਕੀਨੀ ਬਣਾਉਣ ਅਤੇ ਕਿਹਾ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਕਿਉਂਕਿ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀ ਸੀ ਆਈ) ਸੂਬੇ ਵਿਚ ਕਪਾਹ ਦੀ ਖ਼ਰੀਦ ਨਹੀਂ ਕਰ ਰਹੀ।

ਅਕਾਲੀ ਦਲ ਦੇ ਪ੍ਰਧਾਨ, ਜੋ ਇੱਥੇ ਕਪਾਹ ਮੰਡੀ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਕਪਾਹ ਉਤਪਾਦਕ ਕਿਸਾਨ ਇਸ ਕਰ ਕੇ ਮੁਸ਼ਕਲਾਂ ਝੱਲ ਰਹੇ ਹਨ ਕਿਉਂਕਿ ਸੀ ਸੀ ਆਈ ਜਾਣ ਬੁੱਝ ਕੇ ਮੰਡੀ ਵਿਚ ਦੇਰੀ ਨਾਲ ਦਾਖਲ ਹੋਈ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਕਪਾਹ ਦੀ ਫ਼ਸਲ 5275 ਰੁਪਏ ਪ੍ਰਤੀ ਕੁਇੰਟਲ ਦੀ ਐਮ ਐਸ ਪੀ ਦੇ ਮੁਕਾਬਲੇ 4800 ਰੁਪਏ ਪ੍ਰਤੀ ਕੁਇੰਟਲ ਦੀ ਦਰ ਤੇ ਵੇਚਣ ਲਈ ਮਜਬੂਰ ਹੋਏ।

ਮੰਡੀ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਸੰਘਰਸ਼ ਕਰੇਗਾ ਤਾਂ ਜੋ ਸੀ ਸੀ ਆਈ ਨੂੰ ਐਮ ਐਸ ਪੀ ਅਨੁਸਾਰ ਕਪਾਹ ਦੀ ਖ਼ਰੀਦ ਕਰਨ ਲਈ ਮਜਬੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਵਰਕਰ ਸੀ ਸੀ ਆਈ ਦੇ ਦਫ਼ਤਰਾਂ ਅਤੇ ਮੰਡੀਆਂ ਵਿਚ ਆ ਕੇ ਰੋਸ ਮੁਜ਼ਾਹਰੇ ਕਰਨਗੇ  ਤਾਂ ਜੋ ਸਰਕਾਰੀ ਏਜੰਸੀਆਂ 12 ਅਕਤੂਬਰ ਤੋਂ ਐਮ ਐਸ ਪੀ ਤੇ ਕਪਾਹ ਦੀ ਖ਼ਰੀਦ ਕਰਨ ਲਈ ਮਜਬੂਰ ਹੋਣ।

ਉਨ੍ਹਾਂ ਕਿਹਾ ਕਿ ਇਸ ਵੇਲੇ ਕਿਸਾਨਾਂ ਨੂੰ ਦੋ ਤੋਂ ਤਿੰਨ ਦਿਨ ਤੱਕ ਮੰਡੀਆਂ ਵਿਚ ਬੈਠੇ ਰਹਿਣ ਦੇ ਬਾਵਜੂਦ ਆਪਣੀ ਕਪਾਹ ਦੀ ਖ਼ਰੀਦ ਕਰਵਾਉਣ ਲਈ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਉਹ ਅਫ਼ਸਰ ਨਹੀਂ ਲਵਾਂਗੇ ਜੋ ਕਿਸਾਨਾਂ ਨਾਲ ਵਿਤਕਰਾ ਕਰ ਰਹੇ ਹਨ ਤੇ ਉਨ੍ਹਾਂ ਦੇ ਹੱਥਾਂ ਵਿਚ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿਆਂਗੇ।
ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੀ ਸੀ ਆਈ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਰਹੀ ਤੇ ਇਸ ਲਈ ਉਨ੍ਹਾਂ ਨੇ ਮਾਮਲੇ ਵਿਚ ਪ੍ਰਧਾਨ ਮੰਤਰੀ ਤੋਂ ਦਖ਼ਲ ਮੰਗਿਆ। 

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿਚ 1.25 ਲੱਖ ਕੁਇੰਟਲ ਕਪਾਹ ਪੁੱਜ ਚੁੱਕੀ ਹੈ ਪਰ ਸੀ ਸੀ ਆਈ ਨੇ ਸਿਰਫ 12000 ਕੁਇੰਟਲ ਦੀ ਹੀ ਖ਼ਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਨੂੰ ਮੰਦੇ ਭਾਅ ਵਿੱਕਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ ਕ‌ਿਉਂਕਿ ਉਹ ਬਹੁਤ ਦੂਰੀ ਆਪਣੀ ਜਿਣਸ ਲਿਜਾ ਨਹੀਂ ਸਕਦੇ ਤੇ ਨਾ ਹੀ ਇਸ ਨੂੰ ਸਟੋਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹੀ ਗੱਲ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਕਰਦਾ ਆ ਰਿਹਾ ਹੈ ਤੇ ਐਮ ਐਸ ਪੀ  ਤੇ ਸਰਕਾਰੀ ਖ਼ਰੀਦ ਜਾਰੀ ਰਹਿਣ ਤੇ ਕਿਸੇ ਵੀ ਵਪਾਰੀ ਵੱਲੋਂ ਐਮ ਐਸ ਪੀ ਤੋਂ ਘੱਟ ਰੇਟ ਤੇ ਖ਼ਰੀਦ ਨਾ ਕੀਤੇ ਜਾਣ ਦੀ ਸੰਵਿਧਾਨਕ ਗਰੰਟੀ ਮੰਗਦਾ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਾਲੇ ਵੀ ਇਸ ਗੰਭੀਰ ਮਸਲੇ ਪ੍ਰਤੀ ਜਾਗੇ ਨਹੀਂ ਤੇ ਨਾ ਹੀ ਉਨ੍ਹਾਂ ਨੇ ਸੀ ਸੀ ਆਈ ਜਾਂ ਕੇਂਦਰ ਕੋਲ ਇਹ ਮਸਲਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੀ ਸੀ ਆਈ ਨਾਲ ਗੱਲ ਕਰ ਕੇ ਕਪਾਹ ਦੀ ਏਜੰਸੀ ਵੱਲੋਂ ਖ਼ਰੀਦ ਯਕੀਨੀ ਬਣਾਉਣੀ ਚਾਹੀਦੀ ਹੈ।

ਇਸ ਦੌਰਾਨ ਬਾਦਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਰਿਪੋਰਟਾਂ ਮਿਲ ਰਹੀਆਂ ਹਨ ਕਿ ਝੋਨਾ ਵੀ ਘੱਟ ਕੀਮਤ ਤੇ ਪ੍ਰਾਈਵੇਟ ਵਪਾਰੀਆਂ ਨੂੰ ਵੇਚਿਆ ਜਾ ਰਿਹਾ ਹੈ ਕਿਉਂਕਿ ਖ਼ਰੀਦ ਏਜੰਸੀਆਂ ਨੇ ਝੋਨੇ ਦੀ ਖ਼ਰੀਦ ਜਲਦੀ ਸ਼ੁਰੂ ਨਹੀਂ ਕੀਤੀ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੂਬੇ ਦੀਆਂ ਏਜੰਸੀਆਂ ਨੂੰ ਖ਼ਰੀਦ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਦੇਣ ਤਾਂ ਜੋ ਕਿਸਾਨਾਂ ਨੂੰ ਘੱਟ ਰੇਟ ਤੇ ਜਿਣਸ ਨਾ ਵੇਚਣੀ ਪਵੇ। 

Watch Live TV-

Trending news