'ਆਪ' ਦੇ ਇਸ ਆਗੂ ਦਾ ਇਲਜ਼ਾਮ, ਬੇਰੁਜ਼ਗਾਰ ਅਧਿਆਪਕਾਂ ਦੀਆਂ ਬਾਦਲਾਂ ਵਾਂਗ ਹੀ ਪੱਗਾਂ-ਚੁੰਨੀਆਂ ਉਛਾਲ ਰਹੀ ਹੈ ਕੈਪਟਨ ਸਰਕਾਰ

ਘਰ-ਘਰ ਨੌਕਰੀ ਦੇ ਲਿਖਤੀ ਵਾਅਦੇ ਤੋਂ ਮੁੱਕਰੇ ਕੈਪਟਨ ਗੱਦੀ ਛੱਡਣ-'ਆਪ'  

'ਆਪ' ਦੇ ਇਸ ਆਗੂ ਦਾ ਇਲਜ਼ਾਮ, ਬੇਰੁਜ਼ਗਾਰ ਅਧਿਆਪਕਾਂ ਦੀਆਂ ਬਾਦਲਾਂ ਵਾਂਗ ਹੀ ਪੱਗਾਂ-ਚੁੰਨੀਆਂ ਉਛਾਲ ਰਹੀ ਹੈ ਕੈਪਟਨ ਸਰਕਾਰ
ਫਾਈਲ ਫੋਟੋ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਨ੍ਹਾਂ 'ਤੇ ਕਹਿਰ ਢਾਹੁਣ ਅਤੇ ਪਰਚੇ ਦਰਜ ਕੀਤੇ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਜੂਝ ਰਹੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦੀ ਥਾਂ ਅਮਰਿੰਦਰ ਸਿੰਘ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ ਪੱਗਾਂ ਅਤੇ ਚੁੰਨੀਆਂ ਉਛਾਲ ਕੇ ਬੇਇੱਜ਼ਤ ਕਰ ਰਹੀ ਹੈ। 

ਪਾਰਟੀ ਅਨੁਸਾਰ ਮੁੱਖ ਮੰਤਰੀ ਦੇ ਪਟਿਆਲਾ ਸਥਿਤ ਮੋਤੀ ਮਹਿਲ ਸਾਹਮਣੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕ ਲੜਕੇ-ਲੜਕੀਆਂ ਨਾਲ ਮੋਤੀ ਮਹਿਲ ਦੇ ਇਸ਼ਾਰੇ 'ਤੇ ਪਟਿਆਲਾ ਪੁਲਸ ਨੇ ਪਹਿਲਾ ਤਸ਼ੱਦਦ ਢਾਹਿਆ ਅਤੇ ਫਿਰ ਅੰਨ੍ਹੇਵਾਹ ਪਰਚੇ ਦਰਜ ਕੀਤੇ ਗਏ। ਇਹ ਅਮਰਿੰਦਰ ਸਿੰਘ ਦੀ ਸ਼ਾਹੀ ਤਾਨਾਸ਼ਾਹ ਮਾਨਸਿਕਤਾ ਦਾ ਪ੍ਰਗਟਾਵਾ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਅਤੇ ਨੌਜਵਾਨ ਮਹਿਲਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਮੋਤੀ-ਮਹਿਲ ਸਾਹਮਣੇ ਮੁਜ਼ਾਹਰਾ ਕਰਨ ਵਾਲੇ ਬੇਰੁਜ਼ਗਾਰ ਬੀਐਡ ਅਤੇ ਡੀਪੀਈ (873) ਅਧਿਆਪਕ ਯੂਨੀਅਨ ਦੇ ਆਗੂਆਂ 'ਤੇ ਦਰਜ ਕੀਤੇ ਝੂਠੇ ਪਰਚੇ ਤੁਰੰਤ ਰੱਦ ਕਰਨ ਅਤੇ ਬਦਸਲੂਕੀ ਕਰਨ ਵਾਲੇ ਮੁਲਾਜ਼ਮਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਨਾ ਬੇਰੁਜ਼ਗਾਰ ਅਧਿਆਪਕਾਂ ਦਾ ਲੋਕਤੰਤਰੀ ਹੱਕ ਹੈ, ਪਰੰਤੂ ਪੰਜਾਬ ਸਰਕਾਰ ਹੱਕੀ ਮੰਗਾਂ ਲਈ ਲੜਦੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਣਾ ਚਾਹੁੰਦੀ ਹੈ।

ਮੀਤ ਹੇਅਰ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨਾਲ ਘਰ-ਘਰ ਨੌਕਰੀ ਦਾ ਲਿਖਤੀ ਵਾਅਦਾ ਨਿਭਾਉਣ ਤੋਂ ਮੁੱਖ ਮੰਤਰੀ ਪੂਰੀ ਤਰਾਂ ਭੱਜ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਗੱਦੀ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਮੀਤ ਹੇਅਰ ਨੇ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਅਮਰਿੰਦਰ ਸਿੰਘ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਲਈ ਸੜਕਾਂ 'ਤੇ ਰੋਲਿਆ ਜਾ ਰਿਹਾ ਹੈ, ਜਿਸ ਕਾਰਨ ਸੈਂਕੜੇ ਯੋਗ ਉਮੀਦਵਾਰ ਉਵਰਵੇਜ ਹੋ ਗਏ ਹਨ। ਇਹੋ ਕਾਰਨ ਹੈ ਕਿ ਬੇਰੁਜ਼ਗਾਰ ਡੀਪੀਈ ਅਧਿਆਪਕ 873 ਅਸਾਮੀਆਂ 'ਚ ਉਮਰ ਹੱਦ ਵਿਚ ਛੋਟ ਦੇ ਕੇ 1000 ਪੋਸਟਾਂ ਦਾ ਵਾਧਾ ਕਰਨ ਅਤੇ ਬੇਰੁਜ਼ਗਾਰ ਬੀਐੱਡ ਅਧਿਆਪਕ ਮਾਸਟਰ ਕਾਡਰ ਦੀਆਂ ਅਸਾਮੀਆਂ ਤਹਿਤ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਦੀਆਂ ਅਸਾਮੀਆਂ 'ਚ ਵਾਧਾ ਕਰਨ ਅਤੇ ਰਹਿੰਦੇ ਵਿਸ਼ਿਆਂ ਦੀ ਵੀ ਭਰਤੀ ਕਰਨ ਲਈ ਸੜਕਾਂ 'ਤੇ ਸੰਘਰਸ਼ ਦੇ ਰਾਹ ਹਨ। ਜਦਕਿ ਪੰਜਾਬ ਦੇ ਸਰਕਾਰੀ ਸਕੂਲ ਅਤੇ ਵਿਦਿਆਰਥੀ ਅਧਿਆਪਕਾਂ ਨੂੰ ਤਰਸ ਰਹੇ ਹਨ।

ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਦਸਹਿਰੇ ਵਾਲੇ ਦਿਨ ਮੋਤੀ-ਮਹਿਲ ਸਾਹਮਣੇ ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਹੋਈ ਧੱਕਾ-ਮੁੱਕੀ ਦੌਰਾਨ ਮਹਿਲਾ-ਅਧਿਆਪਕਾ ਨੂੰ ਲੇਡੀ ਪੁਲਿਸ ਮੁਲਾਜ਼ਮ ਵੱਲੋਂ ਗੁੱਤ ਤੋਂ ਫੜ ਕੇ ਘੜੀਸਿਆ ਗਿਆ, ਜਿਸ ਦੀਆਂ ਤਸਵੀਰਾਂ ਮੀਡੀਆ ਦੇ ਸਾਰੇ ਹਿੱਸੇ ਨੇ ਵਿਖਾਈਆਂ, ਪਰ ਬਾਅਦ 'ਚ ਦੋਸ਼ੀ ਮੁਲਾਜ਼ਮ 'ਤੇ ਕਾਰਵਾਈ ਕਰਨ ਦੀ ਬਜਾਏ ਬੇਰੁਜ਼ਗਾਰ ਅਧਿਆਪਕਾਂ 'ਤੇ ਹੀ ਇਹ ਕਹਿੰਦਿਆਂ ਪਰਚਾ ਦਰਜ਼ ਕਰ ਦਿੱਤਾ ਕਿ ਬੇਰੁਜ਼ਗਾਰ ਅਧਿਆਪਕਾਂ ਨੇ ਧੱਕਾ-ਮੁੱਕੀ ਕਰਦਿਆਂ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ। ਰੂਬੀ ਨੇ ਬੇਰੁਜ਼ਗਾਰ ਅਧਿਆਪਕਾਵਾਂ ਨਾਲ ਹੋਈ ਬਦਸਲੂਕੀ ਲਈ ਮੁੱਖ ਮੰਤਰੀ ਅੱਗੇ ਪੂਰੇ ਔਰਤ ਸਮਾਜ ਤੋਂ ਮੁਆਫ਼ੀ ਮੰਗਣ ਦੀ ਮੰਗ ਰੱਖੀ ਹੈ।

Watch Live TV-