ਬਰਡ ਫਲੂ ਦੇ ਖ਼ਤਰੇ ਨੂੰ ਲੈਕੇ ਪੰਜਾਬ ਸਰਕਾਰ ਨੇ ਜਾਰੀ ਕੀਤਾ ਇਹ ਅਹਿਮ ਅੱਪਡੇਟ
Advertisement

ਬਰਡ ਫਲੂ ਦੇ ਖ਼ਤਰੇ ਨੂੰ ਲੈਕੇ ਪੰਜਾਬ ਸਰਕਾਰ ਨੇ ਜਾਰੀ ਕੀਤਾ ਇਹ ਅਹਿਮ ਅੱਪਡੇਟ

ਪੰਜਾਬ ਹੁਣ ਤੱਕ ਬਰਡ ਫਲੂ ਤੋਂ ਪੂਰੀ ਤਰ੍ਹਾਂ ਸੁਰੱਖਿਅਤ, ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਵਿਨੀ ਮਹਾਜਨ

ਪੰਜਾਬ ਹੁਣ ਤੱਕ ਬਰਡ ਫਲੂ ਤੋਂ ਪੂਰੀ ਤਰ੍ਹਾਂ ਸੁਰੱਖਿਅਤ, ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਵਿਨੀ ਮਹਾਜਨ

ਚੰਡੀਗੜ੍ਹ : ਪੰਜਾਬ ਵਿੱਚ ਹੁਣ ਤੱਕ ਬਰਡ ਫਲੂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਗੁਆਂਢੀ ਸੂਬਿਆਂ ਵਿੱਚ ਬਰਡ ਫਲੂ ਦੇ ਕੁੱਝ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧੀ ਪੰਜਾਬ ਦੀ ਮੁੱਖ ਸਕੱਤਰ  ਵਿਨੀ ਮਹਾਜਨ ਨੇ  ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸਾਰੇ ਸਬੰਧਤ ਵਿਭਾਗਾਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਮੁੱਖ ਸਕੱਤਰ ਨੇ ਸੂਬੇ ਵਿਚ ਬਰਡ ਫਲੂ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਵਰਤਣ ਸਬੰਧੀ ਨਿਰਦੇਸ਼ ਜਾਰੀ ਕੀਤੇ।

 ਵਿਨੀ ਮਹਾਜਨ ਨੇ ਕਿਹਾ ਕਿ ਬਰਡ ਫਲੂ ਦੇ ਫੈਲਾਅ ਨੂੰ ਰੋਕਣ ਅਤੇ ਸ਼ੱਕੀ ਮਾਮਲਿਆਂ ਦੀ ਲੈਬ ਟੈਸਟਿੰਗ ਲਈ ਲੋੜੀਂਦੀ ਵਿਉਂਤਬੰਦੀ ਅਤੇ ਫੰਡ ਉਪਲਬਧ ਹਨ।ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਐਨ.ਆਰ.ਡੀ.ਡੀ.ਐਲ, ਜਲੰਧਰ ਤੋਂ ਕੋਵਿਡ ਟੈਸਟਿੰਗ ਬੰਦ ਕਰਕੇ, ਸਿਰਫ ਪੰਛੀਆਂ ਦੇ ਨਮੂਨਿਆਂ ਦੀ ਜਾਂਚ ਲਈ ਹੀ ਇਸ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਸਕੱਤਰ ਨੇ ਬਰਡ ਫਲੂ ਟੈਸਟ ਦੇ ਨਤੀਜੇ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਉਪਲੱਬਧ ਕਰਵਾਉਣ ਸਬੰਧੀ ਵੀ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਵਿਨੀ ਮਹਾਜਨ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਕਿਸੇ ਵੀ ਸੰਕਟ ਦੀ ਸਥਿੱਤੀ ਨਾਲ ਨਜਿੱਠਣ ਲਈ ਤਾਲਮੇਲ ਨਾਲ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਪੁਲਿਸ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਨੂੰ ਆਪੋ-ਆਪਣੇ ਖੇਤਰਾਂ ਵਿੱਚ ਪੈਣੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਜੇਕਰ ਪੋਲਟਰੀ ਜਾਂ ਹੋਰ ਪੰਛੀਆਂ ਦੀ ਸਮੂਹਿਕ ਮੌਤ ਦਾ ਮਾਮਲਾ ਸਾਹਮਣਾ ਆਉਂਦਾ ਹੈ ਤਾਂ ਉਹਨਾਂ ਨੂੰ ਇਸ ਸਬੰਧੀ ਤੁਰੰਤ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਕੋਲ ਰਿਪੋਰਟ ਕਰਨ। ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ।

ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ  ਵੀ.ਕੇ. ਜੰਜੂਆ ਨੇ ਮੀਟਿੰਗ ਦੌਰਾਨ ਮੁੱਖ ਸਕੱਤਰ ਨੂੰ ਦੱਸਿਆ ਕਿ ਐਨ.ਆਰ.ਡੀ.ਡੀ.ਐਲ. ਜਲੰਧਰ ਵਿੱਚ ਇੱਕ ਦਿਨ ਵਿੱਚ 1500 ਨਮੂਨਿਆਂ ਦੀ ਜਾਂਚ ਕਰਨ ਦੀ ਸਮਰੱਥਾ ਹੈ। ਉਨਾਂ ਕਿਹਾ ਕਿ ਐਨ.ਆਰ.ਡੀ.ਡੀ.ਐਲ. ਲੈਬ ਜਲੰਧਰ  ਉੱਤਰੀ ਭਾਰਤ ਦੇ 5 ਰਾਜਾਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੈਂਪਲਾਂ ਦੀ ਜਾਂਚ ਕਰਨ ਲਈ ਵਚਨਬੱਧ ਹੈ। ਉਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਲੈਬ ਨੂੰ ਪੰਜਾਬ ਦੇ ਤਰਨ ਤਾਰਨ  ਤੋਂ ਬੱਤਖਾਂ ਦੇ 4 ਸੈਂਪਲ ਪ੍ਰਾਪਤ ਹੋਏ ਹਨ। 

ਇਸ ਤੋਂ ਪਹਿਲਾਂ ਹਰਿਆਣਾ ਨੇ 4 ਨਮੂਨੇ ਭੇਜੇ ਸਨ ਪਰ  ਕੋਈ ਸਪੱਸ਼ਟ ਨਤੀਜਾ ਪ੍ਰਾਪਤ ਨਾ ਹੋਣ ਕਰਕੇ  ਸਾਡੀ ਟੀਮਾਂ ਨੇ ਹਰਿਆਣਾ ਤੋਂ 57 ਹੋਰ ਨਮੂਨੇ ਇਕੱਤਰ ਕੀਤੇ ਹਨ ਅਤੇ ਯੂ.ਟੀ. ਵਲੋਂ ਸੁਖਨਾ ਝੀਲ ਤੋਂ 2 ਨਮੂਨੇ ਭੇਜੇ ਗਏ ਹਨ। ਇਹ ਸਾਰੇ ਨਤੀਜੇ ਕੱਲ ਸ਼ਾਮ ਤੱਕ ਉਪਲਬਧ ਕਰਵਾ ਦਿੱਤੇ ਜਾਣਗੇ। ਉਨਾਂ ਅੱਗੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਭੇਜੇ ਗਏ ਪੰਛੀਆਂ ਦੇ ਸਿਰਫ 2 ਨਮੂਨੇ ਹੀ  ਪਾਜ਼ੇਟਿਵ ਪਾਏ ਗਏ ਹਨ।

ਪਸ਼ੂ ਪਾਲਣ, ਸਿਹਤ ਅਤੇ ਪਰਿਵਾਰ ਭਲਾਈ, ਪੇਂਡੂ ਵਿਕਾਸ, ਜਲ ਸਪਲਾਈ ਅਤੇ ਸੈਨੀਟੇਸ਼ਨ, ਮਾਲ ਅਤੇ ਮੁੜ ਵਸੇਬਾ, ਜੰਗਲਾਤ ਅਤੇ ਜੰਗਲੀ ਜੀਵਨ, ਪੁਲਿਸ ਵਿਭਾਗ ਦੇ ਦੇ ਸੀਨੀਅਰ ਅਧਿਕਾਰੀ, ਡਾਇਰੈਕਟਰ ਸੀ.ਪੀ.ਡੀ.ਓ., ਚੰਡੀਗੜ ਅਤੇ ਗੁਰੂ ਅੰਗ ਦੇਵ ਦੇਵ ਵੈਟੀਨਰੀ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੀਟਿੰਗ ਵਿੱਚ ਸ਼ਾਮਲ ਹੋਏ।  

 

 

Trending news