Sultanpur Lodhi News: ਕਿਸਾਨ ਅੰਦੋਲਨ ਮਗਰੋਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਮੁੜ ਇਕੱਠੇ ਹੋ ਗਏ ਹਨ। ਇਸ ਵਾਰ ਮਕਸਦ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦਾ ਹੈ। ਇਸ ਕੰਮ ਵਿੱਚ ਹਰਿਆਣਾ ਤੇ ਪੰਜਾਬ ਦੇ ਕਿਸਾਨ ਜੁੱਟ ਗਏ ਹਨ।
Trending Photos
Sultanpur Lodhi News: ਸੂਬਾ ਜਿੱਥੇ ਹਰ ਪਾਸੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੇਵਾ ਦੇ ਕਾਰਜ ਵੀ ਨਿਭਾਏ ਜਾ ਰਹੇ ਹਨ। ਉਥੇ ਹੀ ਕੁਝ ਲੋਕ ਬਾਹਰੀ ਸੂਬਿਆਂ ਤੋਂ ਆ ਕੇ ਇਸ ਮੁਸ਼ਕਿਲ ਵੇਲੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਕੜੀ ਤਹਿਤ ਅੱਜ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਹਰਿਆਣਾ ਤੋਂ ਆਏ ਕੁਝ ਹਿੰਦੂ ਸਮਾਜ ਦੇ ਲੋਕਾਂ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਿਆਂਦੀ ਗਈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਕੇ ਜ਼ਰੂਰਤਮੰਦ ਲੋਕਾਂ ਤੱਕ ਇਹ ਸਮੱਗਰੀ ਪਹੁੰਚਾਈ ਗਈ। ਇਸ ਵਿੱਚ ਖ਼ਾਸ ਗੱਲ ਇਹ ਰਹੀ ਕਿ ਇਸ ਮੁਹਿੰਮ ਵਿੱਚ ਭਾਈਚਾਰਕ ਸਾਂਝ ਦਾ ਵੱਡਾ ਸੁਨੇਹਾ ਵੀ ਵੇਖਣ ਨੂੰ ਮਿਲਿਆ। ਕਿਉਂਕਿ ਦਿੱਲੀ ਦੇ ਕਿਸਾਨੀ ਮੋਰਚੇ ਤੋਂ ਬਾਅਦ ਹਰਿਆਣਾ ਤੇ ਪੰਜਾਬ ਦੇ ਲੋਕਾਂ ਵਿੱਚ ਹੁਣ ਮੁੜ ਤੋਂ ਭਾਈਚਾਰਕ ਸਾਂਝ ਦਾ ਏਕਤਾ ਭਰਿਆ ਸੁਨੇਹਾ ਵੇਖਣ ਨੂੰ ਮਿਲਿਆ।
ਇਸ ਦੌਰਾਨ ਹਰਿਆਣਾ ਤੋਂ ਆਏ ਕੁਝ ਹਿੰਦੂ ਕਿਸਾਨ ਵੀਰਾਂ ਨੇ ਕਿਹਾ ਕਿ ਜਿਸ ਵੇਲੇ ਕੇਂਦਰ ਸਰਕਾਰ ਨੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਦਾ ਬਿੱਲ ਪਾਸ ਕੀਤਾ ਸੀ ਤਾਂ ਉਸ ਵੇਲੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਇੱਕ ਦੂਜੇ ਦਾ ਬਿਨਾਂ ਕਿਸੇ ਭੇਦਭਾਵ ਤੋਂ ਬਹੁਤ ਜ਼ਿਆਦਾ ਸਾਥ ਦਿੱਤਾ ਸੀ ਅਤੇ ਇੱਕ ਦੂਜੇ ਦੀ ਮੁਸ਼ਕਿਲ ਸਮੇਂ ਵਿੱਚ ਬਹੁਤ ਸਹਾਇਤਾ ਕੀਤੀ ਸੀ। ਇਸ ਲਈ ਉਹ ਸਮਝਦੇ ਹਨ ਕਿ ਅੱਜ ਪੰਜਾਬ ਦੇ ਉੱਤੇ ਵੱਡੀ ਆਫ਼ਤ ਆਈ ਹੋਈ ਹੈ ਤੇ ਪੰਜਾਬ ਨੂੰ ਅੱਜ ਉਨ੍ਹਾਂ ਦੀ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤੇ ਇੱਕ ਇਨਸਾਨ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਹੁਣ ਵਾਰੀ ਉਨ੍ਹਾਂ ਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਲਈ ਵਧ ਚੜ੍ਹ ਕੇ ਅੱਗੇ ਆਉਣ ਤੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਵਿੱਚ ਉਨ੍ਹਾਂ ਦਾ ਸਾਥ ਦੇਣ।
ਇਸ ਦੌਰਾਨ ਕੁਝ ਸਮਾਜ ਸੇਵੀ ਪੰਜਾਬੀ ਵੀਰਾਂ ਨੇ ਕਿਹਾ ਕਿ ਜਿੱਥੇ ਇਕ ਪਾਸੇ ਦੇਸ਼ ਵਿੱਚ ਧਰਮ ਤੇ ਰਾਜਨੀਤੀ ਦੇ ਨਾਮ ਤੇ ਜਾਤਪਾਤ ਦੀਆਂ ਵੰਡੀਆਂ ਪਾਈਆਂ ਹੋਈਆਂ ਨੇ ਉਥੇ ਹੀ ਅਜਿਹੀਆਂ ਚੀਜ਼ਾਂ ਉਨ੍ਹਾਂ ਨੂੰ ਇੱਕ ਦੂਜੇ ਦੇ ਨਾਲ ਜੋੜਨਾ ਸਿਖਾਉਂਦੀਆਂ ਨੇ ਅਤੇ ਇੱਕ ਦੂਜੇ ਪ੍ਰਤੀ ਇਨਸਾਨੀਅਤ ਦਾ ਫਰਜ਼ ਅਦਾ ਕਰਨਾ ਦੱਸਦੀਆਂ ਹਨ ਪਰ ਅੱਜ ਲੋੜ ਹੈ ਕਿ ਜਿਸ ਸਮੇਂ ਵਿੱਚੋਂ ਪੰਜਾਬ ਗੁਜ਼ਰ ਰਿਹਾ ਹੈ, ਉਸ ਵਿੱਚ ਸਾਨੂੰ ਸਭ ਕੁਝ ਭੁੱਲ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਮੁਸ਼ਕਿਲ ਦੌਰ ਵਿੱਚੋਂ ਬਚਾਉਣਾ ਚਾਹੀਦਾ ਹੈ।
ਇਸ ਦੌਰਾਨ ਹਰਿਆਣਾ ਤੋਂ ਆਏ ਹਿੰਦੂ ਕਿਸਾਨਾਂ ਵੱਲੋਂ ਦੋ ਗੱਡੀਆਂ ਭਰ ਹੜ੍ਹ ਪੀੜਤਾਂ ਲਈ ਰਾਸ਼ਨ ਤੇ ਕੁਝ ਹੋਰ ਵਸਤਾਂ ਲਿਆਂਦੀਆਂ ਗਈਆਂ, ਜੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੂਲੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਪਿੰਡਾਂ ਵੱਲ ਭੇਜੀਆਂ ਗਈਆਂ ਜਿੱਥੋਂ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਅਜਿਹੇ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਨੇ ਕਿਹਾ ਕਿ ਹਰਿਆਣਾ ਤੇ ਪੰਜਾਬੀ ਲੋਕਾਂ ਦੀ ਅਜਿਹੀ ਭਾਈਚਾਰਕ ਸਾਂਝ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕਦੀ ਵੱਡੇ ਭਰਾ ਤੇ ਮੁਸੀਬਤ ਪੈਂਦੀ ਹੈ ਤਾਂ ਛੋਟਾ ਭਰਾ ਉਹਦੇ ਨਾਲ ਜ਼ਰੂਰ ਖੜ੍ਹਦਾ ਹੈ। ਜੋ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਰਿਆਣਾ ਅਤੇ ਪੰਜਾਬ ਦੇ ਲੋਕਾਂ ਨੇ ਇਸ ਮਸਾਲ ਨੂੰ ਦੁਬਾਰਾ ਤੋਂ ਕਾਇਮ ਕਰਕੇ ਦਿਖਾਇਆ ਹੈ। ਇਸ ਦੌਰਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਮੈਨੇਜਰ ਜਰਨੈਲ ਸਿੰਘ ਬੂਲੇ , ਮੀਤ ਮੈਨੇਜਰ ਚੰਚਲ ਸਿੰਘ ਆਹਲੀ , ਹੈੱਡ ਗ੍ਰੰਥੀ ਸਤਨਾਮ ਸਿੰਘ , ਸਰਵਨ ਸਿੰਘ ਚੱਕਾਂ ਤੇ ਹੋਰ ਮੈਂਬਰ ਮੌਜੂਦ ਸਨ। ਹਰਿਆਣਾ ਤੇ ਪੰਜਾਬੀ ਸਮਾਜਸੇਵੀ ਵੀਰਾਂ ਵੱਲੋਂ ਸਰਪੰਚ ਗੁਰਿੰਦਰਜੀਤ ਸਿੰਘ ਭੁੱਲਰ, ਬਲਵੀਰ ਸਿੰਘ ਮੰਡ, ਜਸਪਾਲ ਸਿੰਘ ਹੋਠੀਆਂ, ਸੁਭਾਸ਼, ਮਾਸਟਰ ਮਨਦੀਪ, ਰਾਜੇਸ਼, ਸੰਦੀਪ, ਸੁਮੀਤ ਧੀਮਾਨ, ਸੁਰਿੰਦਰ ਕੁਮਾਰ, ਸੰਦੀਪ ਰਵੀਸ਼, ਕਾਲਾ ਤੇ ਹੋਰ ਲੋਕ ਮੌਜੂਦ ਸਨ।
ਇਹ ਵੀ ਪੜ੍ਹੋ : Punjab Floods 2023: ਰਾਜਪਾਲ ਨੂੰ ਮਿਲਣ ਤੋਂ ਬਾਅਦ ਸੁਨੀਲ ਜਾਖੜ ਦਾ ਬਿਆਨ, "ਸਰਕਾਰ ਨੇ ਸਮਾਂ ਰਹਿੰਦੇ ਨਹੀਂ ਕੀਤੇ ਕੰਮ"
ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ