ਆਖਰੀ ਓਵਰ 'ਚ ਮਾਤ ਖਾ ਗਏ 'ਕਪਤਾਨ' ,9 ਨੁਕਤਿਆਂ 'ਚ ਸਮਝੋ ਕੈਪਟਨ ਦੀ ਸੱਤਾ ਤੋਂ ਵਿਦਾਈ
X

ਆਖਰੀ ਓਵਰ 'ਚ ਮਾਤ ਖਾ ਗਏ 'ਕਪਤਾਨ' ,9 ਨੁਕਤਿਆਂ 'ਚ ਸਮਝੋ ਕੈਪਟਨ ਦੀ ਸੱਤਾ ਤੋਂ ਵਿਦਾਈ

ਪੰਜਾਬ ਦੀ 15 ਵੀਂ ਵਿਧਾਨ ਸਭਾ ਲਈ 26 ਵੇਂ ਮੁੱਖ ਮੰਤਰੀ ਚੁਣੇ ਗਏ ਕੈਪਟਨ ਅਮਰਿੰਦਰ ਸਿੰਘ। ਉੱਤਰੀ ਭਾਰਤ 'ਚ ਕਾਂਗਰਸ ਦਾ ਦਿੱਗਜ ਨਾਂ। ਜਿਨ੍ਹਾਂ ਨੇ ਦੋ ਵਾਰ ਕਾਂਗਰਸ ਨੂੰ ਪੰਜਾਬ ਦੀ ਸੱਤਾ ਦਾ ਚੇਹਰਾ ਬਣਾਇਆ।

ਆਖਰੀ ਓਵਰ 'ਚ ਮਾਤ ਖਾ ਗਏ 'ਕਪਤਾਨ' ,9 ਨੁਕਤਿਆਂ 'ਚ ਸਮਝੋ ਕੈਪਟਨ ਦੀ ਸੱਤਾ ਤੋਂ ਵਿਦਾਈ

ਗੁਰਪ੍ਰੀਤ ਸਿੰਘ/ਚੰਡੀਗੜ੍ਹ: ਪੰਜਾਬ ਦੀ 15 ਵੀਂ ਵਿਧਾਨ ਸਭਾ ਲਈ 26 ਵੇਂ ਮੁੱਖ ਮੰਤਰੀ ਚੁਣੇ ਗਏ ਕੈਪਟਨ ਅਮਰਿੰਦਰ ਸਿੰਘ। ਉੱਤਰੀ ਭਾਰਤ 'ਚ ਕਾਂਗਰਸ ਦਾ ਦਿੱਗਜ ਨਾਂ। ਜਿਨ੍ਹਾਂ ਨੇ ਦੋ ਵਾਰ ਕਾਂਗਰਸ ਨੂੰ ਪੰਜਾਬ ਦੀ ਸੱਤਾ ਦਾ ਚੇਹਰਾ ਬਣਾਇਆ। ਪੰਜਾਬੀ ਸਮਾਜ ਲਈ ਵੀ ਕੈਪਟਨ ਧਾਕੜ ਆਗੂ ਦੇ ਚਿਹਰੇ ਮੋਹਰੇ ਵਾਲੇ ਲੀਡਰ ਰਹੇ। 2017 'ਚ ਜਦੋਂ ਕੈਪਟਨ ਨੇ ਸੱਤਾ ਸਾਂਭੀ ਤਾਂ ਨਸ਼ਿਆਂ, ਗੈਂਗਸਟਰ ਕਲਚਰ, ਬੇਹਿਸਾਬ ਭ੍ਰਿਸ਼ਟਾਚਾਰ ਦੇ ਖਿਲਾਫ਼ ਲੋਕਾਂ ਨੂੰ ਇੱਕ ਉਮੀਦ ਦੀ ਕਿਰਨ ਦਿਖਾਈ ਦਿੱਤੀ। ਪਰ ਕੈਪਟਨ ਆਸ ਮੁਤਾਬਕ ਉਹ ਕ੍ਰਿਸ਼ਮਾ ਨਾ ਕਰ ਸਕੇ। ਨਤੀਜਾ ਇਹ ਹੋਇਆ ਕੈਪਟਨ ਅਮਰਿੰਦਰ ਸਿੰਘ ਦੀ ਸੱਤਾ ਤੋਂ 'ਬੇਲਿਹਾਜ਼' ਵਿਦਾਈ ਹੋ ਗਈ। ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਗੱਦੀ ਤੋਂ ਲਾਹੁਣ ਲਈ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ।ਜ਼ਮੀਨੀ ਹਾਲਾਤ ਨੂੰ ਸਮਝਦੇ ਹੋਏ ਕਪਤਾਨ ਸਾਹਬ ਨੇ ਖ਼ੁਦ ਹੀ ਜਾਣਾ ਬਿਹਤਰ ਸਮਝਿਆ ਤੇ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ।ਬੇਸ਼ਕ ਇਸ ਪੂਰੇ ਘਟਨਾਕ੍ਰਮ ਨੂੰ ਸਿੱਧੂ-ਕੈਪਟਨ ਵਿਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੋਵੇ ਪਰ ਅਜਿਹੇ ਕਈ ਕਾਰਨ ਹਨ ਜਿਨ੍ਹਾਂ ਨੇ ਕੈਪਟਨ ਦੀ ਪਾਰੀ ਦਾ ਅੰਤ ਕੀਤਾ।ਹੇਠਾਂ 9 ਨੁਕਤਿਆਂ ਦੇ ਵਿੱਚ ਸਮਝੋ ਜੋ-ਜੋ ਕੈਪਟਨ ਅਮਰਿੰਦਰ ਸਿੰਘ 'ਤੇ ਭਾਰੀ ਪਿਆ।


ਵਿਰੋਧੀ ਲਹਿਰ

ਹਰੇਕ ਸਰਕਾਰ ਨੂੰ ਆਪਣੇ ਕਾਰਜਕਾਲ ਦੇ ਅੰਤ 'ਚ, ਨਵੀਂ ਚੋਣ 'ਚ ਉਤਰਨ ਤੋਂ ਪਹਿਲਾਂ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈਂਦਾ ਹੈ।ਹਾਲਾਂਕਿ ਕਿਸਾਨ ਅੰਦੋਲਨ ਕਰਕੇ ਬਦਲੀਆਂ ਸਿਆਸੀ ਸਥਿਤੀਆਂ ਕਾਰਨ ਕਾਂਗਰਸ ਕਿਸੇ ਹੱਦ ਤੱਕ ਇਸ ਲਹਿਰ ਤੋਂ ਬਚ ਸਕਦੀ ਸੀ।ਵੱਖ ਵੱਖ ਸਰਵੇ ਏਜੰਸੀਆਂ ਤੇ ਇੰਟੈਲੀਜੈਂਸ ਰਿਪੋਰਟਾਂ ਅਨੁਸਾਰ ਕਾਂਗਰਸ ਅਜੇ ਵੀ ਮਜ਼ਬੂਤ ਸਥਿਤੀ ਵਿੱਚ ਹੈ, ਪਰ ਦਿਲਚਸਪ ਗੱਲ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਤੌਰ 'ਤੇ ਆਪਣੀ ਸਾਖ ਲਗਾਤਾਰ ਗਵਾਈ ਹੈ।ਸਰਵੇ ਏਜੰਸੀਆਂ ਦੇ 'ਅਨ ਪਾਪੂਲਰ' ਲੀਡਰ ਤੇ ਲੋਕਾਂ ਦੇ ਵਿੱਚ ਮੁੱਦੇ ਹੱਲ ਨਾ ਕਰਨ ਵਾਲੇ ਮੁੱਖ ਮੰਤਰੀ ਦੇ ਤੌਰ ਤੇ ਉਹ ਜਾਣੇ ਜਾਣ ਲੱਗੇ। ਸਰਵੇ ਏਜੰਸੀਆਂ ਦੇ ਮੁਤਾਬਕ ਕਾਂਗਰਸ ਦੇ ਖਿਲਾਫ ਸੱਤਾ ਵਿਰੋਧੀ ਲਹਿਰ ਅਸਲ ਵਿੱਚ ਕੈਪਟਨ ਦੇ ਖਿਲਾਫ ਲਹਿਰ ਹੈ। ਕੈਪਟਨ ਦੇ ਖਿਲਾਫ ਇਸ 'ਐਂਟੀ ਇੰਕਮਬੈਂਸੀ' ਨੇ ਅਜਿਹੀ ਰੁਖਸਤੀ ਦੀ ਪਟਕਥਾ ਦਾ ਮੁੱਢ ਬੰਨਿਆ।

ਡਿੱਗਦੀ ਸਾਖ਼

ਕੈਪਟਨ ਅਮਰਿੰਦਰ ਸਿੰਘ ਕਿਸੇ ਵਕਤ ਧਾਕੜ ਆਗੂ ਵਜੋਂ ਜਾਣੇ ਜਾਂਦੇ ਸਨ। ਜੋ ਕਈ ਵਾਰੀ ਹਾਈ ਕਮਾਂਡ ਦੇ ਫੈਸਲਿਆਂ ਦੇ ਉਲਟ ਵੀ ਚਲੇ ਜਾਂਦੇ ਸਨ।2004 ਵਿੱਚ ਜਦੋਂ ਉਹਨਾਂ ਨੇ ਪਾਣੀਆਂ ਦੇ ਸਮਝੌਤੇ ਵਿਧਾਨ ਸਭਾ ਚ ਰੱਦ ਕੀਤੇ ਤਾਂ ਸੋਨੀਆ ਗਾਂਧੀ ਨੂੰ ਵੀ ਭਰੋਸੇ 'ਚ ਨਹੀਂ ਲਿਆ।ਆਪਣੇ ਪਿਛਲੇ ਕਾਰਜਕਾਲ 'ਚ ਭ੍ਰਿਸ਼ਟ ਮੰਤਰੀਆਂ ਤੇ ਅਫ਼ਸਰਸ਼ਾਹੀ ਖਿਲਾਫ ਉਹਨਾਂ ਦੀਆਂ ਕਾਰਵਾਈਆਂ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕਰਨਾ, ਵਿਰੋਧੀਆਂ ਨੂੰ ਸਖ਼ਤੀ ਨਾਲ ਟੱਕਰਨਾ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੇ ਕੈਪਟਨ ਨੂੰ ਜਨ ਸਾਧਾਰਨ ਦੀਆਂ ਨਜ਼ਰਾਂ 'ਚ ਇੱਕ ਮਜ਼ਬੂਤ ਆਗੂ ਦੀ ਪਛਾਣ ਦਿੱਤੀ ਉੱਥੇ ਹੀ ਕਾਂਗਰਸੀ ਕਾਡਰ 'ਚ ਵੀ ਮਹਿਬੂਬ ਨੇਤਾ ਵਜੋਂ ਥਾਂ ਦਿੱਤੀ। ਪਰ ਇਸ ਕਾਰਜਕਾਲ ਵਿੱਚ ਉਹ ਮਿਥ ਟੁੱਟ ਗਈ।ਕੈਪਟਨ 'ਧ੍ਰਿਤਰਾਸ਼ਟਰ' ਵਜੋਂ ਵਿਚਰੇ ਜੋ ਕਈ ਮਾਮਲਿਆਂ 'ਚ ਚੁੱਪੀ ਧਾਰੀ ਬੈਠੇ ਰਹੇ। ਬੇਅਦਬੀ, ਬਹਿਬਲ ਕਲਾਂ, ਪਿਛਲ਼ੇ ਸਾਲਾਂ ਅੰਦਰ ਹੋਈ ਨਸ਼ੇ ਦੀ ਸਮਗਲਿੰਗ, ਭ੍ਰਿਸ਼ਟਾਚਾਰ ਵਰਗੇ ਕਈ ਮਾਮਲਿਆਂ ਦਾ ਕੋਈ ਹੱਲ ਨਹੀਂ ਨਿਕਲਿਆ।ਇਸ ਨੇ ਨਾ ਸਿਰਫ ਲੋਕਾਂ ਦੀਆਂ ਨਜ਼ਰਾਂ ਵਿੱਚ ਕੈਪਟਨ ਦਾ ਕੱਦ ਘਟਾ ਦਿੱਤਾ ਸਗੋਂ ਕਾਂਗਰਸੀ ਵਰਕਰ ਦੇ ਦਿਲ 'ਚ ਮੌਜੂਦ ਮਹਿਬੂਬ ਨੇਤਾ ਵਾਲੀ ਤਸਵੀਰ ਵੀ ਧੁੰਦਲੀ ਕਰ ਦਿੱਤੀ। ਇਹ ਜ਼ਮੀਨੀ ਰਿਪੋਰਟਾਂ ਵੀ ਕੈਪਟਨ ਦੀ ਰੁਖਸਤੀ ਦਾ ਇੱਕ ਕਾਰਨ ਰਹੀਆਂ।


ਵਧਦੀ ਉਮਰ

ਪੂਰੀ ਕਾਂਗਰਸ ਰੀਵਾਈਵਲ ਮੋਡ ਵਿੱਚ ਹੈ।ਫੈਸਲਾਕੁੰਨ ਸ਼ਕਤੀ ਨੌਜਵਾਨ ਟੀਮ ਦੇ ਕੋਲ ਜਾ ਰਹੀ ਹੈ।ਬੇਸ਼ਕ ਸੀਨੀਅਰ ਕਾਂਗਰਸੀਆਂ ਕਰਕੇ ਪਿਛਲੇ ਸਮੇਂ ਸੋਨੀਆ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ ਪਰ ਫੈਸਲਾ ਲੈਣ ਦੀ ਸ਼ਕਤੀ ਰਾਹੁਲ ਤੇ ਪ੍ਰਿਯੰਕਾ ਗਾਂਧੀ ਕੋਲ ਹੀ ਹੈ।ਕਾਂਗਰਸ ਅਗਲੀ ਪੀੜ੍ਹੀ ਦੇ ਆਗੂਆਂ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਆਪਣੀ ਜ਼ਿੰਦਗੀ ਦਾ 80 ਵਾਂ ਦੇਖ ਰਹੇ ਹਨ। ਬੇਸ਼ਕ ਉਹ ਸਿਹਤਮੰਦ ਹਨ ਪਰ ਉਹਨਾਂ ਦੀ ਵਧਦੀ ਉਮਰ ਵੀ ਹੁਣ ਅੜਿੱਕਾ ਹੈ।

 

ਸ਼ਾਹੀ 'ਸ਼ੈਲ'

ਕੈਪਟਨ ਅਮਰਿੰਦਰ ਸਿੰਘ ਫੁਲਕੀਆਂ ਮਿਸਲ ਦੇ ਚਿਰਾਗ਼ ਤੇ ਪਟਿਆਲਾ ਰਿਆਸਤ ਦੇ ਮੌਜੂਦਾ ਤਾਜ ਹਨ। ਰਾਜਸੀ ਅੰਦਾਜ਼ ਤੇ ਰਹਿਣ ਸਹਿਣ ਉਹਨਾਂ ਦੀਆਂ ਆਦਤਾਂ 'ਚ ਸ਼ੁਮਾਰ ਹੈ। ਪਰ ਇਸ ਅੰਦਾਜ਼ ਨੇ ਉਹਨਾਂ ਨੂੰ ਕੁਝ ਲੋਕਾਂ ਦੇ ਘੇਰੇ ਤੱਕ ਹੀ ਸੀਮਤ ਕਰ ਦਿੱਤਾ। ਕੈਪਟਨ ਆਪਣੇ ਕਾਰਜਕਾਲ ਦਾ ਜ਼ਿਆਦਾ ਸਮਾਂ ਸ਼ਾਹੀ ਠਾਠ ਚ ਸੀਸਵਾਂ ਫਾਰਮ 'ਚ ਹੀ ਰਹੇ ਹਨ, ਜਿੱਥੇ ਜਾਣਾ ਵਰਕਰ ਜਾਂ ਆਮ ਬੰਦੇ ਲਈ ਤਾਂ ਕੀ ਵਿਧਾਇਕਾਂ ਤੇ ਮੰਤਰੀਆਂ ਤੱਕ ਲਈ ਮੁਸ਼ਕਿਲ ਸੀ।ਇਹ ਅੰਦਾਜ਼ ਉਹਨਾਂ ਨੂੰ ਜ਼ਮੀਨ ਨਾਲੋਂ ਤੋੜਦਾ ਗਿਆ ਤੇ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਹੁੰਦੇ ਗਏ।

ਪਹੁੰਚ ਤੋਂ ਬਾਹਰ

ਕਾਂਗਰਸੀ ਵਿਧਾਇਕਾਂ ਦੀ ਇਹ ਸਭ ਤੋਂ ਆਮ ਸੁਣੀ ਜਾਂਦੀ ਸ਼ਿਕਾਇਤ ਹੈ। ਕੁਝ ਖੁੱਲ ਕੇ ਬੋਲੇ ਤੇ ਬਹੁਗਿਣਤੀ ਅੰਦਰ ਖਾਤੇ ਦੁਖੜੇ ਰੋਂਦੇ ਰਹੇ ਪਰ ਇਹ ਤਲਖ਼ ਸੱਚਾਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਹੁੰਚ ਤੋਂ ਬਾਹਰ ਹੋ ਜਾਣਾ, ਉਹਨਾਂ ਦੀ ਰਵਾਨਗੀ ਦਾ ਵੱਡਾ ਕਾਰਨ ਹੈ। ਕਈ ਵਿਧਾਇਕ ਤਾਂ ਉਹਨਾਂ ਨੂੰ ਕਾਂਗਰਸ ਦੇ 'ਨਾਨ ਕਾਂਗਰਸੀ' ਮੁੱਖ ਮੰਤਰੀ ਤੱਕ ਕਹਿਣ ਲੱਗੇ ਸਨ।


ਸਿਪਹ ਸਲਾਰਾਂ ਦੀ ਦੀਵਾਰ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅੰਦਾਜ਼ ਮੁਤਾਬਕ ਪਾਰਟੀ ਦੇ ਸਾਥੀਆਂ ਤੋਂ ਪਰ੍ਹੇ ਕੁਝ ਲੋਕਾਂ ਦੀ ਇੱਕ ਟੀਮ ਤਿਆਰ ਕੀਤੀ। ਪਰ ਇਹ ਟੀਮ ਜਿੱਥੇ ਵਿਧਾਇਕਾਂ ਨੂੰ ਅਖੜਦੀ ਰਹੀ ਉੱਥੇ ਸੁਪਰ ਬੌਸ ਦੀ ਤਰਾਂ ਵਿਵਹਾਰ ਕਰਨ ਲੱਗੀ। ਨਤੀਜਾ ਇਹ ਹੋਇਆ ਕਿ ਵਿਧਾਇਕਾਂ ਨੂੰ ਅਫ਼ਸਰਾਂ ਦੇ ਤਰਲੇ ਕਰਨੇ ਪਏ।ਵਿਧਾਇਕਾਂ ਦੀ ਮਨਮਰਜ਼ੀ ਦੇ ਕੰਮ ਨਹੀਂ ਹੋ ਸਕੇ ਤੇ ਕੈਪਟਨ ਖ਼ਿਲਾਫ਼ ਗੁੱਸਾ ਵਧਦਾ ਗਿਆ।

ਰਾਹੁਲ ਤੋਂ ਦੂਰੀ

ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ ਦੇ ਰਿਸ਼ਤੇ ਬਹੁਤੇ ਸੁਖਾਵੇਂ ਨਹੀਂ ਰਹੇ। ਕੈਪਟਨ ਹਮੇਸ਼ਾ ਸੋਨੀਆ ਗਾਂਧੀ ਨੂੰ ਹੀ ਆਪਣਾ ਬੌਸ ਮੰਨਦੇ ਹਨ। ਪਰ ਕਾਂਗਰਸ ਚ ਫਿਲਹਾਲ ਫੈਸਲੇ ਲੈਣ ਚ ਰਾਹੁਲ ਤੇ ਉਹਨਾਂ ਦੀ ਟੀਮ ਦੀ ਹਿੱਸੇਦਾਰੀ ਜ਼ਿਆਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕੈਪਟਨ ਨੂੰ ਹੁਣ ਸੋਨੀਆ ਗਾਂਧੀ ਵੱਲੋਂ ਵੀ ਸੌਰੀ ਕਿਹਾ ਗਿਆ।


ਅਕਾਲੀ ਦਲ ਨਾਲ ਨੇੜਤਾ?

ਆਪਣੇ ਮੌਜੂਦਾ ਕਾਰਜਕਾਲ ਵਿੱਚ ਕੈਪਟਨ 'ਤੇ ਇਹ ਇਲਜ਼ਾਮ ਉਹਨਾਂ ਦੇ ਪਾਰਟੀ ਸਾਥੀ ਤੇ ਵਿਧਾਇਕ ਹੀ ਲਾਉਂਦੇ ਰਹੇ। ਨਵਜੋਤ ਸਿੰਘ ਸਿੱਧੂ ਨੇ 75%- 25% ਵਾਲਾ ਬਿਆਨ ਇਸੇ ਨੂੰ ਮੁੱਖ ਰੱਖ ਕੇ ਦਿੱਤਾ। ਚੋਣ ਮੁਹਿੰਮ ਦੌਰਾਨ ਦਿੱਗਜ ਕਾਂਗਰਸੀ ਆਗੂ ਬਾਦਲ ਪਰਿਵਾਰ ਖਿਲਾਫ ਬਿਆਨ ਦਾਗਦੇ ਰਹੇ ਪਰ ਕੈਪਟਨ ਦੀ ਸਰਕਾਰ ਨੇ ਕੁਝ ਵੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ਕਰਕੇ ਮੰਤਰੀ ਕਹਿਣ ਲੱਗੇ ਮੈਂ ਹੁੰਦਾ ਤਾਂ ਕਾਰਵਾਈ ਜ਼ਰੂਰ ਕਰਦਾ।ਪਿਛਲੀ ਚੋਣ ਮੁਹਿੰਮ ਦੌਰਾਨ ਕੈਪਟਨ ਬਾਦਲ ਪਰਿਵਾਰ ਖਿਲਾਫ਼ ਬੇਅਦਬੀ , ਟਰਾਂਸਪੋਰਟ ਮਾਫ਼ੀਆ, ਕੇਬਲ ਮਾਫੀਆ ਵਰਗੇ ਸੰਗੀਨ ਇਲਜ਼ਾਮ ਲਗਾਉਂਦੇ ਰਹੇ। ਵਿਧਾਇਕ ਵੀ ਇਸ ਝਾਕ ਵਿੱਚ ਰਹੇ ਕਦੋਂ ਕੈਪਟਨ ਆਪਣੀ ਕਹੀ ਗੱਲ ਪੂਰੀ ਕਰਨਗੇ। ਪਰ ਕੈਪਟਨ ਨੇ ਇਹਨਾਂ ਮਾਮਲਿਆਂ ਵਿੱਚ ਕੋਈ ਸਖਤ ਕਾਰਵਾਈ ਨਾ ਕੀਤੀ। ਇਸ ਨੇ ਵਿਧਾਇਕਾਂ ਤੇ ਵਰਕਰਾਂ ਦੀਆਂ ਨਜ਼ਰਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਛੋਟਾ ਕਰ ਦਿੱਤਾ, ਉੱਥੇ ਹੀ ਲੋਕਾਂ ਦੀਆਂ ਨਜ਼ਰਾਂ ਵਿੱਚ ਵੀ ਉਹਨਾਂ ਦੀ ਸਾਖ਼ ਘਟੀ। ਸੂਤਰਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਵੀ ਸਾਹਮਣੇ ਦਿਖਦੀ ਹਾਰ ਕਰਕੇ ਹੀ ਕੈਪਟਨ ਦਾ ਸਾਥ ਛੱਡ ਗਏ।

ਢਿੱਲੀ ਕਾਰਵਾਈ

ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ ਕਈ ਮਾਮਲਿਆਂ 'ਤੇ ਸਰਕਾਰ ਆਪਣੇ ਢਿੱਲੇ ਰਵਈਏ ਕਰਕੇ ਅਸਫਲ ਹੁੰਦੀ ਰਹੀ। ਬੇਸ਼ਕ ਉਹ ਸੁਮੇਧ ਸੈਣੀ ਦਾ ਮਾਮਲਾ ਹੋਵੇ, ਬੇਅਦਬੀਆਂ ਦੀ ਜਾਂਚ ਦਾ ਹੋਵੇ ਜਾਂ ਅਦਾਲਤ 'ਚ ਕੇਸਾਂ ਦੀ ਪੈਰਵੀ ਵੇਲੇ ਢਿੱਲ ਮੱਠ ਵਾਲਾ ਵਿਹਾਰ , ਇਹ ਸਭ ਕਾਰਨ ਵੀ ਉਹਨਾਂ ਮਾਹੌਲ ਬਣਾਉਣ 'ਚ ਅਹਿਮ ਰਹੇ ਹਨ।

Trending news