ਕਿਸਾਨ ਮਨਜਿੰਦਰ ਸਿੰਘ ਪਰਾਲੀ ਸਾੜਨ ਦੀ ਬਜਾਏ ਕਰਦਾ ਹੈ ਇਹ ਕੰਮ, ਖੱਟ ਰਿਹੈ ਚੰਗਾ ਮੁਨਾਫ਼ਾ

ਕਿਸਾਨ ਮਨਜਿੰਦਰ ਸਿੰਘ ਕੁਦਰਤੀ ਸਰੋਤਾਂ ਦੀ ਕਦਰ ਕਰਨ ਦੇ ਗੁਣ ਸਦਕਾ ਪਿਛਲੇ 6 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਇ ਆਪਣੀ ਜ਼ਮੀਨ ਵਿੱਚ ਹੀ ਗਾਲ ਕੇ ਧਰਤੀ ਮਾਂ ਅਤੇ ਵਾਤਾਵਰਨ ਨਾਲ  ਵਫ਼ਾ ਕਮਾ ਰਿਹਾ ਹੈ

ਕਿਸਾਨ ਮਨਜਿੰਦਰ ਸਿੰਘ ਪਰਾਲੀ ਸਾੜਨ ਦੀ ਬਜਾਏ ਕਰਦਾ ਹੈ ਇਹ ਕੰਮ, ਖੱਟ ਰਿਹੈ ਚੰਗਾ ਮੁਨਾਫ਼ਾ

ਨਵਦੀਪ ਮਹੇਸਰੀ / ਮੋਗਾ : ਜ਼ਿਲ੍ਹਾ ਮੋਗਾ ਦੇ ਪਿੰਡ ਘੋਲੀਆ ਕਲਾਂ ਦਾ 39 ਸਾਲਾਂ ਦਾ ਅਗਾਂਹਵਧੂ ਕਿਸਾਨ ਮਨਜਿੰਦਰ ਸਿੰਘ ਕੁਦਰਤੀ ਸਰੋਤਾਂ ਦੀ ਕਦਰ ਕਰਨ ਦੇ ਗੁਣ ਸਦਕਾ ਪਿਛਲੇ 6 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਏ ਆਪਣੀ ਜ਼ਮੀਨ ਵਿੱਚ ਹੀ ਗਾਲ ਕੇ ਧਰਤੀ ਮਾਂ ਅਤੇ ਵਾਤਾਵਰਨ ਨਾਲ ਵਫ਼ਾ ਕਮਾ ਰਿਹਾ ਹੈ। ਮਨਜਿੰਦਰ ਵਿਚਲਾ ਇਹ ਗੁਣ ਉਸ ਨੂੰ ਆਪਣੇ ਵਿਰਸੇ ਵਿੱਚੋਂ ਆਪਣੇ ਪਿਤਾ ਸ. ਤਰਲੋਚਕ ਸਿੰਘ ਤੋਂ ਮਿਲਿਆ ,ਜਿੰਨ੍ਹਾਂ ਦਾ ਖੇਤੀ ਦਾ 55 ਸਾਲਾਂ ਦਾ ਲੰਮਾ ਤਜ਼ਰਬਾ ਹੈ।

ਮਨਜਿੰਰ ਦਾ ਕਹਿਣਾ ਹੈ ਕਿ ਜੇਕਰ ਮਨ ਵਿੱਚ ਪਰਾਲੀ ਨੂੰ ਧਰਤੀ ਵਿੱਚ ਹੀ ਗਾਲਣ ਦੀ ਧਾਰਨਾ ਹੋਵੇ ਤਾਂ ਕਿਸਾਨ ਅੱਗੇ ਕੋਈ ਵੀ ਚੁਣੌਤੀ ਖੜ੍ਹ ਨਹੀਂ ਸਕਦੀ। ਉਸਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੇੋਂ ਆਪਣੀ ਝੋਨੇ ਦੀ ਫ਼ਸਲ ਐਸ.ਐਮ.ਐਸ. ਲੱਗੀ ਕੰਬਾਇਨ ਤੋਂ ਕਟਵਾ ਕੇ ਹਾਈਡ੍ਰੋਲਿਕ ਡਿਸਕਾਂ, ਪਲਾਉ, ਤਵੀਆਂ ਅਤੇ ਰੋਟਾਵੇਟਰ ਵਰਗੇ ਸੰਦਾਂ ਦੀ ਲੋੜ ਅਨੁਸਾਰ ਵਰਤੋਂ ਕਰਕੇ ਆਪਣੇ 32 ਏਕੜ ਰਕਬੇ ਉੱਪਰ ਸਫ਼ਲਤਾਪੂਰਵਕ ਕਣਕ ਅਤੇ ਆਲੂ ਦੀ ਕਾਸ਼ਤ ਕਰ ਰਿਹਾ ਹੈ।  

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸੇਧ ਲੈਣ ਵਾਲਾ ਕਿਸਾਨ ਮਨਜਿੰਦਰ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲਿਆਂ ਤੇ ਵੀ ਉਚੇਚੇ ਤੌਰ ਤੇ ਪਹੁੰਚਦਾ ਹੈ।  ਮਨਜਿੰਦਰ ਸਿੰਘ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਕਾਰਣ ਇਲਾਕੇ ਦੇ ਕਿਸਾਨਾਂ ਲਈ ਰਾਹ ਬਸੇਰਾ ਬਣਿਆ ਹੋਇਆ ਹੈ। ਉਸਨੇ ਅੱਗੇ ਕਿਹਾ ਕਿ ਆਮ ਤੌਰ ਤੇ ਕਿਸਾਨਾਂ ਵਿੱਚ ਧਾਰਨਾ ਬਣੀ ਹੋਈ ਹੈ ਕਿ ਕਣਕ ਦੀ ਸਿੱਧੀ ਬਿਜਾਈ ਨਾਲ ਕਣਕ ਦੀ  ਫ਼ਸਲ ਚੰਗੀ ਨਹੀਂ ਰਹਿੰਦੀ ਪ੍ਰੰਤੂ ਇਹ ਇੱਕ ਤਰਕਹੀਣ ਗੱਲ ਹੈ। ਉਸਨੇ ਕਿਹਾ ਕਿ ਸਿੱਧੀ ਬਿਜਾਈ ਨਾਲ ਜਿੱਥੇ ਕਣਕ ਦੀ ਫ਼ਸਲ ਤੰਦਰੁਸਤ ਰਹਿੰਦੀ ਹੈ ਉਥੇ ਨਾਲ ਹੀ ਫ਼ਸਲ ਦਾ ਝਾੜ ਵਧਦਾ ਅਤੇ ਕਿਸਾਨ ਦਾ ਖਰਚਾ ਘੱਟਦਾ ਹੈ। ਉਸਨੇ ਅੱਗੇ ਕਿਹਾ ਕਿ ਸਿੱਧੀ ਬਿਜਾਈ ਦਾ ਸਭ ਤੋਂ ਵੱਡਾ ਲਾਭ ਵਾਤਾਵਰਨ ਨੂੰ ਹੈ ਅਤੇ ਚੰਗੇ ਵਾਤਾਵਰਨ ਦਾ ਸਿੱਧਾ ਸੰਪਰਕ ਸਾਡੀ ਚੰਗੀ ਸਿਹਤ ਜੁੜਿਆ ਹੋਇਆ ਹੈ।  

ਉਸਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਗਲਾਉਣ ਵਾਲੇ ਕਿਸਾਨਾਂ ਨੂੰ ਕਾਫ਼ੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਵਾਤਾਵਰਨ ਪੱਖੀ ਖੇਤੀਬਾੜੀ ਸੰਦਾਂ ਨੂੰ ਭਾਰੀ ਸਬਸਿਡੀ ਤੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਕਿ ਕਿਸਾਨ ਵਾਤਾਵਰਨ ਸ਼ੁੱਧਤਾ ਵਿੱਚ ਅਹਿਮ ਰੋਲ ਅਦਾ ਕਰ ਸਕਣ।  
ਮਨਜਿੰਦਰ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਵਿਰਾਸਤ ਵਿੱਚ ਮਿਲੇ ਖੂਬਸੂਰਤ ਵਾਤਾਵਰਨ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ  ਅਤੇ ਝੋਨੇ ਦੀ ਪਰਾਲੀ ਨਾ ਸਾੜਨ ਦਾ ਪ੍ਰਣ ਲੈਣਾ ਚਾਹੀਦਾ ਹੈ।

WATCH LIVE TV