ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਜ ਮੌਕੇ ਦੀਆਂ ਸਰਕਾਰਾਂ ਪ੍ਰਤੀ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਪੈਸਾ ਕਮਾਉਣ ਲਈ ਦੁਨੀਆਂ ’ਤੇ ਨਹੀਂ ਆਇਆ ਸੀ। ਉਸਨੇ ਮਾਪਿਆਂ ਨੂੰ ਚੌਧਰੀ ਬਣਾ ਦਿੱਤਾ ਸੀ, ਆਪ ਇਹ ਸੰਸਾਰ ਦਾ ਚੌਧਰੀ ਬਣਿਆ ਫਿਰਦਾ ਸੀ। ਯੂਕੇ, ਯੂਐੱਸਏ ਵਰਗੇ ਮੁਲਕ ਉਸਦੇ ਪਿੱਛੇ PR ਲੈ-ਲੈ ਭੱਜ ਰਹੇ ਸਨ। 


COMMERCIAL BREAK
SCROLL TO CONTINUE READING

 


ਲਿਖਤ ’ਚ ਦਮ ਹੋਣਾ ਚਾਹੀਦਾ, ਮਹਿੰਗ ਕੱਪੜਿਆਂ ਨਾਲ ਗੀਤ ਹਿੱਟ ਨਹੀਂ ਹੁੰਦੇ - ਬਲਕੌਰ ਸਿੰਘ
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਵੋਟਾਂ ’ਚ ਹਾਰਨਾ ਸੋਚ ਸਕਦੇ ਹਾਂ, ਪਰ ਕਦੇ ਜ਼ਿੰਦਗੀ ’ਚ ਹਾਰ ਜਾਵਾਂਗੇ ਕਦੇ ਨਹੀਂ ਸੀ ਸੋਚਿਆ। ਉਨ੍ਹਾਂ ਕਿਹਾ ਕਿ ਮੂਸੇਵਾਲਾ ਕਹਿੰਦਾ ਸੀ ਕਿ ਤੁਹਾਡੀ ਲਿਖਤ ’ਚ ਦਮ ਹੋਣਾ ਚਾਹੀਦਾ, ਮਹਿੰਗੇ ਕੱਪੜੇ-ਲੀੜੇ ਗਾਣਿਆਂ ’ਚ ਦਿਖਾਉਣ ਨਾਲ ਗੀਤ ਹਿੱਟ ਨਹੀਂ ਹੁੰਦੇ। ਸਿੱਧੂ ਨੇ ਨਵੇਂ ਗਾਇਕਾਂ ਨੂੰ ਮੌਕਾ ਦਿੱਤਾ, ਜਦੋਂ ਗਾਇਕ ਆਪਣੇ ਪੈਰਾਂ ’ਤੇ ਹੋ ਗਏ, ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ। 


ਉਨ੍ਹਾਂ ਕਿਹਾ ਕਿ ਨੌਜਵਾਨ ਬੱਚੇ ਐਕਸੀਡੈਂਟ ਨਾਲ ਜਾਂ ਬੀਮਾਰੀ ਨਾਲ ਮਰ ਜਾਂਦੇ ਹਨ, ਮਾਪੇ ਸਬਰ ਕਰ ਲੈਂਦੇ ਹਨ। ਪਰ ਸਾਡੇ ਤੋਂ ਇੱਕ ਹੋਣਹਾਰ ਕਲਮ, ਪੰਜਾਬ ਦੀ ਆਵਾਜ਼ ਖੋਹੀ ਗਈ ਹੈ। ਉਨ੍ਹਾਂ ਸਮੇਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਗੁੰਡਿਆਂ, ਗੈਂਗਸਟਰਾਂ ਨੂੰ ਪਨਾਹ ਦੇਣੀ ਛੱਡ ਦਿਓ, ਨਹੀਂ ਤਾਂ ਉਹ ਵੇਲਾ ਵੀ ਆਏਗਾ ਜਦੋਂ ਤੁਹਾਡੀ ਸਕਿਓਰਟੀ ਲੋਕ ਪਾਸੇ ਕਰ ਦੇਣਗੇ। ਇਸ ਮੌਕੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ, ਹਰ ਇੱਕ ਦੀ ਅੱਖ਼ ’ਚ ਹੰਝੂ ਸਾਫ਼ ਦੇਖੇ ਜਾ ਸਕਦੇ ਸਨ। 



ਸਰਕਾਰਾਂ ਗੈਂਗਸਟਰਾਂ ਨੂੰ ਪਨਾਹ ਦੇਣਾ ਬੰਦ ਕਰਨ :  ਬਲਕੌਰ ਸਿੰਘ
ਜੇਕਰ ਤੁਸੀਂ ਲਾਰੈਂਸ ਵਰਗੇ ਗੈਂਗਸਟਰਾਂ ਨੂੰ ਟੀਵੀ ਚੈਨਲਾਂ ’ਤੇ ਮਹਿੰਗੇ ਕੱਪੜਿਆਂ ਤੇ ਭਾਰੀ ਪੁਲਿਸ ਸਕਿਓਰਟੀ ਨਾਲ ਵਿਖਾਓਗੇ ਤਾਂ ਬੱਚੇ ਗੈਂਗਸਟਰ ਕਲਚਰ ਪ੍ਰਤੀ ਆਕਰਸ਼ਿਤ ਹੋਣਗੇ। ਜਦੋਂ ਗੈਂਗਸਟਰਾਂ ’ਤੇ 100-100 ਪਰਚੇ ਚੱਲ ਰਹੇ ਹਨ ਤਾਂ ਉਨ੍ਹਾਂ ਨੂੰ ਸੰਭਾਲ ਕੇ ਕਿਉਂ ਰੱਖ ਰਹੇ ਹੋ। ਉਲਟਾ ਰਿਵਾਜ ਚੱਲ ਰਿਹਾ ਹੈ ਜਿਸ ’ਤੇ ਜ਼ਿਆਦਾ ਪਰਚੇ ਹੁੰਦੇ ਹਨ, ਉਸਦੇ ਨਾਮ ’ਤੇ ਵੱਧ ਫ਼ਿਰੌਤੀ ਵਸੂਲੀ ਜਾਂਦੀ ਹੈ।



ਆਖ਼ਰੀ ਸਾਹ ਤੱਕ ਬੋਲਦਾ ਰਹਾਂਗਾ, ਭਾਵੇਂ ਮੈਨੂੰ ਅੱਜ ਮਾਰ ਦਿਓ- ਬਲਕੌਰ ਸਿੰਘ
ਉਨ੍ਹਾਂ ਸਾਫ਼ ਕਿਹਾ ਕਿ ਮੈਨੂੰ ਭਾਵੇਂ ਅੱਜ ਮਾਰ ਦਿਓ, ਮੇਰੀਆਂ ਗੱਲਾਂ ਸਰਕਾਰਾਂ ਨੂੰ ਚੁੱਭ ਰਹੀਆਂ ਹੋਣਗੀਆਂ। ਪਰ ਮੈਂ ਆਪਣੇ ਆਖ਼ਰੀ ਸਾਹ ਤੱਕ ਗੈਂਗਸਟਰ ਕਲਚਰ ਖ਼ਿਲਾਫ਼ ਆਵਾਜ਼ ਚੁੱਕਦਾ ਰਹਾਂਗਾ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਕਿਓਰਟੀ ਦੇਣੀ ਬੰਦ ਕਰ ਦਿਓ, ਮੈਂ ਵੀ ਆਮ ਬੰਦਿਆਂ ਵਾਂਗ ਇਕੱਲਾ ਹੀ ਗਵਾਹੀ ਦੇਣ ਅਦਾਲਤ ’ਚ ਜਾਵਾਂਗਾ।