ਕਾਂਗਰਸੀ ਆਗੂਆਂ ’ਤੇ ਸਾੜ੍ਹਸਤੀ ਦੀ ਦਸ਼ਾ, ਹੁਣ ਸਾਬਕਾ MLA ਜੋਗਿੰਦਰ ਪਾਲ ’ਤੇ IT ਵਿਭਾਗ ਦਾ ਛਾਪਾ
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੋਂ ਬਾਅਦ ਵਿਧਾਨ ਸਭਾ ਹਲਕਾ ਭੋਆ ਤੋਂ ਸਾਬਕਾ MLA ਜੋਗਿੰਦਰ ਪਾਲ ਦੇ ਫ਼ਾਰਮ ਹਾਊਸ ’ਤੇ ਆਮਦਨ ਕਰ ਵਿਭਾਗ ਨੇ ਰੇਡ ਕੀਤੀ ਹੈ।
ਚੰਡੀਗੜ੍ਹ: ਕਾਂਗਰਸੀ ਆਗੂਆਂ ਦੀਆਂ ਮੁਸ਼ਕਿਲਾਂ ਦਿਨ ਪ੍ਰਤੀ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ, ਹੁਣ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੋਂ ਬਾਅਦ ਵਿਧਾਨ ਸਭਾ ਹਲਕਾ ਭੋਆ ਤੋਂ ਸਾਬਕਾ MLA ਜੋਗਿੰਦਰ ਪਾਲ ਦੇ ਫ਼ਾਰਮ ਹਾਊਸ ’ਤੇ ਆਮਦਨ ਕਰ ਵਿਭਾਗ (Income Tax) ਨੇ ਰੇਡ ਕੀਤੀ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜੋਗਿੰਦਰਪਾਲ ਦੇ ਕਈ ਕਰੀਬੀ ਰਿਸ਼ਤੇਦਾਰਾਂ ਦੇ ਘਰਾਂ ’ਤੇ ਵੀ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਵਲੋਂ ਛਾਪੇ ਮਾਰੇ ਗਏ ਹਨ। ਪਿਛਲੇ ਕਾਫ਼ੀ ਸਮੇਂ ਤੋਂ ਵਿਭਾਗ ਉਨ੍ਹਾਂ ਦੀ ਆਮਦਨ ਦੇ ਸਰੋਤਾਂ ’ਤੇ ਨਜ਼ਰਸਾਨੀ ਕਰ ਰਿਹਾ ਸੀ। ਦੱਸ ਦੇਈਏ ਕਿ ਆਪਣੇ ਖੇਤਰ ’ਚ ਜੋਗਿੰਦਰਪਾਲ ਦਾ ਰੇਤ ਦਾ ਕਾਰੋਬਾਰ ’ਚ ਵੱਡਾ ਨਾਮ ਹੈ।
ਇਸ ਸਾਲ ਜੂਨ ਮਹੀਨੇ ਦੌਰਾਨ ਇੱਕ ਮਾਈਨਿੰਗ ਅਫ਼ਸਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਕੀੜੀ ਖ਼ੁਰਦ ’ਚ ਸਥਿਤ ਕ੍ਰਿਸ਼ਨਾ ਸਟੋਨ ਕਰੈਸ਼ਰ ’ਤੇ ਛਾਪਾ ਮਾਰਿਆ ਸੀ। ਇਸ ਛਾਪੇਮਾਰੀ ਦੌਰਾਨ ਨਜਾਇਜ਼ ਮਾਈਨਿੰਗ (Illegal Mining) ਦੇ ਚੱਲਦਿਆਂ ਪੁਲਿਸ ਟੀਮ ਨੇ ਮੌਕੇ ਤੋਂ ਪੌਕਲੈਨ ਮਸ਼ੀਨ, ਜੇ. ਸੀ. ਬੀ ਅਤੇ ਟਰੈਕਟਰ ਟਰਾਲੀ ਜ਼ਬਤ ਕੀਤੇ ਸਨ। ਮੌਕੇ ਤੋਂ ਪੌਕਲੇਨ ਡਰਾਈਵਰ ਸੁਨੀਲ ਕੁਮਾਰ ਅਤੇ ਕਰੈਸ਼ਰ ’ਤੇ ਤੈਨਾਤ ਕਰਮਚਾਰੀ ਪ੍ਰਕਾਸ਼ ਭੱਜਣ ’ਚ ਕਾਮਯਾਬ ਹੋ ਗਏ ਸਨ। ਪੁਲਿਸ ਨੇ ਜਾਂਚ ਤੋਂ ਬਾਅਦ ਜੋਗਿੰਦਰਪਾਲ ਦੀ ਘਰਵਾਲੀ ਕ੍ਰਿਸ਼ਨਾ ਅਤੇ ਇਕ ਹੋਰ ਹਿੱਸੇਦਾਰ ਲਕਸ਼ ਮਹਾਜਨ ਸਣੇ ਕੁੱਲ 5 ਲੋਕਾਂ ’ਤੇ ਮਾਮਲਾ ਦਰਜ ਕੀਤਾ ਸੀ।
ਜ਼ਿਕਰਯੋਗ ਹੈ ਕਿ ਸਾਬਕਾ MLA ਜੋਗਿੰਦਰਪਾਲ ਭੋਆ (Joginder Pal) ਨੂੰ ਨਜਾਇਜ਼ ਮਾਈਨਿੰਗ ਦੇ ਮਾਮਲੇ ’ਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਸ ਸਮੇਂ ਉਨ੍ਹਾਂ ਦਾ ਤਬੀਅਤ ਜ਼ਿਆਦਾ ਖ਼ਰਾਬ ਹੋਣ ਕਾਰਨ ਗੁਰੂ ਨਾਨਕ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਸੀ।