Moga News (ਨਵਦੀਪ ਸਿੰਘ):  ਮੋਗਾ ਜ਼ਿਲ੍ਹੇ ਦੇ ਪਿੰਡ ਨਿਧਾਂਵਾਲਾ ਦੇ ਰਹਿਣ ਵਾਲੇ 30 ਸਾਲਾਂ ਸਹਾਇਕ ਲਾਈਨਮੈਨ ਗੁਰਦੀਪ ਸਿੰਘ ਦੀ 11 ਕੇਵੀ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਮੋਰਚਰੀ ਵਿੱਚ ਰਖਵਾ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।


COMMERCIAL BREAK
SCROLL TO CONTINUE READING

ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਿਜਲੀ ਮੁਲਾਜ਼ਮ ਬਿਜਲੀ ਬੰਦ ਹੋਣ ਕਰਕੇ ਉਸ ਨੂੰ ਠੀਕ ਕਰਨ ਲਈ ਹਾਈ ਵੋਲਟੇਜ ਖੰਭੇ ਉਤੇ ਚੜਿਆ ਸੀ। ਬਾਅਦ ਵਿੱਚ ਮੋਗਾ ਦੇ ਸਿਵਲ ਹਸਪਤਾਲ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਪਰਿਵਾਰ ਨੇ ਪਾਵਰਕਾਮ ਦੇ ਵੱਡੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਬੇਸ਼ੱਕ ਪੁਲਿਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਪਰ ਪਰਿਵਾਰ ਤੇ ਬਿਜਲੀ ਮੁਲਾਜ਼ਮਾਂ ਵਿੱਚ ਰੋਸ ਹੈ ਕਿ ਹਸਪਤਾਲ ਵਿੱਚ ਕੋਈ ਵੀ ਵੱਡਾ ਅਧਿਕਾਰੀ ਨਹੀਂ ਪਹੁੰਚਿਆ ਜਿਸ ਕਰਕੇ ਉਨ੍ਹਾਂ ਨੇ ਬਿਜਲੀ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬਿਜਲੀ ਮੁਲਾਜ਼ਮ ਗੁਰਦੀਪ ਸਿੰਘ ਦੀ ਲਾਸ਼ ਨੂੰ ਬਾਜ਼ਾਰ ਵਿੱਚ ਲੈ ਕੇ ਰੋਸ ਮਾਰਚ ਕੀਤਾ।


ਜਾਣਕਾਰੀ ਦਿੰਦੇ ਹੋਏ ਬਿਜਲੀ ਮਹਿਕਮੇ ਦੇ ਮੁਲਾਜ਼ਮ ਮਨਜੋਤ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸਬ-ਸਟੇਸ਼ਨ ਡਗਰੁ ਅਧੀਨ ਪੈਂਦੇ ਪਿੰਡ ਡਰੋਲੀ ਭਾਈ ਨੇੜੇ 11 ਕੇ.ਵੀ ਹਾਈ ਵੋਲਟੇਜ ਲਾਈਨ ਦੀ ਲਪੇਟ ਵਿੱਚ ਆਉਣ ਨਾਲ ਬਿਜਲੀ ਵਿਭਾਗ ਦੇ ਸਹਾਇਕ ਲਾਈਨ ਗੁਰਦੀਪ ਸਿੰਘ ਦੀ ਮੌਤ ਹੋ ਗਈ  ਹੈ। ਉਨ੍ਹਾਂ ਨੇ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਉਸ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਵੱਲੋਂ ਗੁਰਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗੁਰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਨਿਧਾ ਵਾਲਾ ਪਿਛਲੇ ਕਈ ਸਾਲਾਂ ਤੋਂ ਬਿਜਲੀ ਮਹਿਕਮੇ ਵਿੱਚ ਬਤੌਰ ਲਾਈਨਮੈਨ ਦੀ ਡਿਊਟੀ ਨਿਭਾ ਰਿਹਾ ਸੀ।


ਉਨ੍ਹਾਂ ਨੇ ਕਿਹਾ ਕਿ ਬਿਜਲੀ ਵਿਭਾਗ ਉਸ ਤੋਂ ਤਿੰਨ ਰਾਤ ਦੀ ਡਿਊਟੀ ਲੈ ਰਿਹਾ ਸੀ। ਬੀਤੀ ਦੇਰ ਰਾਤ ਕਰੀਬ 1 ਵਜੇ ਗੁਰਦੀਪ ਸਿੰਘ ਜਿੱਥੇ ਡਿਊਟੀ ਕਰਕੇ ਆਪਣੇ ਘਰ ਪਹੁੰਚਿਆ ਸੀ ਉਥੇ ਸੋਮਵਾਰ ਨੂੰ ਸਵੇਰੇ ਬਿਜਲੀ ਵਿਭਾਗ ਦੇ ਆਦੇਸ਼ਾਂ ਅਨੁਸਾਰ ਉਸ ਨੂੰ ਫਿਰ ਡਿਊਟੀ ਉਤੇ ਬੁਲਾ ਲਿਆ ਗਿਆ। ਇਸੇ ਦੌਰਾਨ ਪਿੰਡ ਡਗਰੂ ਵਿੱਚ ਖਰਾਬ ਹੋਈ ਬਿਜਲੀ ਸਪਲਾਈ ਨੂੰ ਠੀਕ ਕਰਨ ਲਈ ਗੁਰਦੀਪ ਸਿੰਘ ਹਾਈ ਵੋਲਟੇਜ ਖੰਭੇ ਉਤੇ ਚੜ੍ਹ ਗਿਆ।


ਉਸ ਟਾਈਮ ਦੋ ਲਾਈਨਾਂ ਬੰਦ ਸਨ ਪਰ ਤੀਸਰੀ ਲਾਈਨ ਵਿੱਚ ਕਰੰਟ ਆਉਣ ਕਰਕੇ ਹਾਈਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਕੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਉੱਥੇ ਉਨ੍ਹਾਂ ਨੇ ਕਿਹਾ ਕਿ ਗੁਰਦੀਪ ਸਿੰਘ ਨੂੰ ਦੁਪਹਿਰੇ ਕਰੰਟ ਲੱਗ ਗਿਆ ਜਿਸਦੀ ਸੂਚਨਾ ਹੋਣ ਦੇ ਬਾਵਜੂਦ ਵੀ ਕੋਈ ਵੀ ਬਿਜਲੀ ਵਿਭਾਗ ਦਾ ਵੱਡਾ ਅਧਿਕਾਰੀ ਹਸਪਤਾਲ ਵਿੱਚ ਨਹੀਂ ਪਹੁੰਚਿਆ ਜਿਸ ਕਰਕੇ ਉਨ੍ਹਾਂ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਅਤੇ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ।
ਇਸ ਸਬੰਧੀ ਬਿਜਲੀ ਵਿਭਾਗ ਦੇ ਐਸਡੀਓ ਜਰਨੈਲ ਸਿੰਘ ਨੇ ਕਿਹਾ ਕਿ ਗੁਰਦੀਪ ਸਿੰਘ ਦੀ ਹਾਈ ਵੋਲਟੇਜ ਤਾਰਾਂ ਦੇ ਨਾਲ ਕਰੰਟ ਲੱਗਣ ਕਰਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪਰਮਿਟ ਲਿਆ ਹੋਇਆ ਸੀ ਪਰ ਪਿੱਛੇ ਤੋਂ ਕਰੰਟ ਕਿਵੇਂ ਆ ਗਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।