Mamdot News:  ਪਬਜੀ ਗੇਮ ਦੇ ਚੱਕਰ ਵਿੱਚ ਫਸ ਕੇ 22 ਨਵੰਬਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਜੱਲੋ ਕੇ ਦੀ ਰਹਿਣ ਵਾਲੀ 14 ਸਾਲਾ ਲੜਕੀ ਅੰਜੂ ਬਾਲਾ ਅਚਾਨਕ ਘਰੋਂ ਗਾਇਬ ਹੋ ਗਈ ਸੀ ਜਿਸ ਨੂੰ ਮਾਪਿਆਂ ਤੇ ਪੁਲਿਸ ਵੱਲੋਂ ਲੱਭਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।


COMMERCIAL BREAK
SCROLL TO CONTINUE READING

ਆਖਰ ਲੰਬੀ ਜੱਦੋ ਜਹਿਦ ਤੋਂ ਬਾਅਦ ਪੁਲਿਸ ਨੇ ਹਾਈਟੈਕ ਤਰੀਕੇ ਨਾਲ ਕੁੜੀ ਨੂੰ ਫ਼ਿਰੋਜ਼ਪੁਰ ਤੋਂ 450 ਕਿਲੋਮੀਟਰ ਦੂਰ ਗਾਜ਼ੀਆਬਾਦ ਦੀਆਂ ਝੁੱਗੀਆਂ ਵਿੱਚੋਂ ਲੱਭ ਲਿਆ। ਬਰਾਮਦ ਕਰਨ ਤੋਂ ਬਾਅਦ ਕੁੜੀ ਨੂੰ ਸਹੀ ਸਲਾਮਤ ਸਥਿਤੀ ਵਿੱਚ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।


ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦਿਹਾਤੀ ਦੇ ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਹੈ ਕਿ ਮਿਤੀ 22 ਨਵੰਬਰ ਨੂੰ ਸਵੇਰੇ ਸਾਢੇ ਚਾਰ ਵਜੇ 14 ਸਾਲਾ ਉਕਤ ਲੜਕੀ ਅੰਜੂ ਬਾਲਾ ਆਪਣੇ ਘਰੋਂ ਲਾਪਤਾ ਹੋ ਗਈ ਸੀ ਜਿਸ ਨੂੰ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਦੇ ਨਾਲ ਦੇਖਿਆ ਗਿਆ ਕਿ ਲੜਕੀ ਬੇਚੈਨੀ ਦੀ ਹਾਲਤ ਵਿੱਚ ਗਲੀਆਂ ਵਿੱਚ ਜਾ ਰਹੀ ਹੈ।


ਪਬਜੀ ਰਾਹੀਂ ਗਾਜ਼ੀਆਬਾਦ ਦੇ ਨੌਜਵਾਨ ਨੇ ਨਾਬਾਲਿਗਾ ਨੂੰ ਝਾਂਸੇ ਵਿੱਚ ਲਿਆ


ਬਾਰੀਕੀ ਨਾਲ ਕੀਤੀ ਜਾਂਚ ਪੜਤਾਲ ਦੌਰਾਨ ਇਹ ਪਤਾ ਲੱਗਾ ਕਿ ਕੁੜੀ ਪਬਜੀ ਗੇਮ ਦੀ ਸ਼ਿਕਾਰ ਹੋ ਚੁੱਕੀ ਸੀ ਅਤੇ ਮਾਨਸਿਕ ਅਸਥਿਰਤਾ ਦੇ ਕਾਰਨ ਉਹ ਕਿਸੇ ਦੇ ਚੁੰਗਲ ਵਿੱਚ ਫਸ ਗਈ ਸੀ। ਤਕਨੀਕੀ ਪੱਖ ਤੋਂ ਹਰ ਸੁਰਾਗ ਲਗਾਉਣ ਦੇ ਯਤਨ ਕੀਤੇ ਗਏ ਤਾਂ ਇਹ ਪਤਾ ਲੱਗਾ ਕਿ ਪਬਜੀ ਗੇਮ ਖੇਡਦੇ-ਖੇਡਦੇ ਲੜਕੀ ਦੀ ਦੋਸਤੀ ਗਾਜ਼ੀਆਬਾਦ ਤੋਂ ਇੱਕ ਨੌਜਵਾਨ ਨਾਲ ਹੋ ਗਈ ਜਿਸ ਨੇ ਇੰਸਟਾਗ੍ਰਾਮ ਰਾਹੀਂ ਆਪਣੇ ਝਾਂਸੇ ਵਿੱਚ ਲੈ ਲਿਆ ਅਤੇ ਸਾਢੇ 400 ਕਿਲੋਮੀਟਰ ਦੂਰ ਗਾਜੀਆਬਾਦ ਤੋਂ ਫਿਰੋਜ਼ਪੁਰ ਵਿਖੇ ਆ ਗਿਆ ਅਤੇ ਉਕਤ ਬਾਲਗ ਲੜਕੀ ਦੇ ਘਰੋਂ ਸਵੇਰੇ 6 ਵਜੇ ਵਾਲੀ ਬੱਸ ਉਤੇ ਰਵਾਨਾ ਹੋ ਗਈ।


ਪੁਲਿਸ ਦੀ ਮੁਸਤੈਦੀ ਨਾਲ ਲੜਕੀ ਬਰਾਮਦ


ਇਸ ਤੋਂ ਬਾਅਦ ਦੋਵੇਂ ਜਣੇ ਗਾਜੀਆਬਾਦ ਵਿਖੇ ਬੱਸ ਰਾਹੀਂ ਚਲੇ ਗਏ। ਥਾਣਾ ਮਮਦੋਟ ਦੇ ਮੁਖੀ ਇੰਸਪੈਕਟਰ ਅਭਿਨਵ ਚੌਹਾਨ ਦੀ ਅਗਵਾਈ ਹੇਠ ਇੱਕ ਟੀਮ ਗਠਿਤ ਕੀਤੀ ਗਈ ਜਿਸ ਵਿੱਚ ਚਾਰ ਮੁਲਾਜ਼ਮਾਂ ਗਾਜੀਆਬਾਦ ਵਿੱਚ ਛਾਪੇਮਾਰੀ ਕਰ ਲਈ ਰਵਾਨਾ ਕੀਤਾ ਗਿਆ। ਲੜਕੀ ਦੇ ਮੋਬਾਈਲ ਦੀ ਲੋਕੇਸ਼ਨ ਮੁਤਾਬਕ ਜਦ ਛਾਪੇਮਾਰੀ ਕੀਤੀ ਗਈ ਤਾਂ ਲੜਕੀ ਲਵਾਰਿਸ ਹਾਲਤ ਵਿੱਚ ਬੈਠੀ ਹੋਈ ਸੀ ਅਤੇ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ।


ਮਹਿਲਾ ਪੁਲਿਸ ਕਰਮਚਾਰੀ ਦੀ ਸਹਾਇਤਾ ਨਾਲ ਉਕਤ ਟੀਮ ਨੇ ਲੜਕੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਮੈਡੀਕਲ ਕਰਵਾਉਣ ਉਪਰੰਤ ਥਾਣਾ ਮਮਦੋਟ ਵਿਖੇ ਲਿਆਂਦਾ ਗਿਆ ਜਿਸ ਤੋਂ ਬਾਅਦ ਅੱਜ ਸਹੀ ਸਲਾਮਤ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਲੜਕੀ ਨੂੰ ਵਰਗਲਾਉਣ ਵਾਲੇ ਮੁਲਜ਼ਮ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।


ਵੀਡੀਓ ਗੇਮਾਂ ਉਤੇ ਪਾਬੰਦੀ ਲਗਾਉਣ ਦੀ ਮੰਗ


ਉਧਰ ਲੜਕੀ ਦੇ ਪਿਤਾ ਸੁਖਵਿੰਦਰ ਸਿੰਘ ਨੇ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੋਬਾਇਲ ਫੋਨਾਂ ਉਤੇ ਚੱਲਦੀਆਂ ਬੱਚਿਆਂ ਲਈ ਘਾਤਕ ਸਿੱਧ ਹੋ ਰਹੀਆਂ ਵੀਡੀਓ ਗੇਮਾਂ ਅਤੇ ਐਪਾਂ ਉਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।


ਇਸ ਘਟਨਾ ਤੋਂ ਪਰੇਸ਼ਾਨ ਹੋਏ ਹੋਰ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਹੁਣ ਜਦੋਂ ਬੱਚੇ ਸਕੂਲਾਂ 'ਚ ਜਾ ਕੇ ਕਲਾਸਾਂ ਲਗਾ ਰਹੇ ਹਨ ਤਾਂ ਸਕੂਲਾਂ ਵਾਲੇ ਅਜੇ ਵੀ ਬੱਚਿਆਂ ਨੂੰ ਮੋਬਾਇਲ ਫੋਨਾਂ ਉਤੇ ਕੰਮ ਭੇਜ ਰਹੇ ਹਨ, ਜਿਸ ਕਾਰਨ ਮਜਬੂਰੀ ਵੱਸ ਮਾਪਿਆਂ ਵੱਲੋਂ ਬੱਚਿਆਂ ਨੂੰ ਮੋਬਾਈਲ ਦੇਣੇ ਪੈਂਦੇ ਹਨ। ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਵੱਲੋਂ ਮੋਬਾਇਲ ਫੋਨ ਉਤੇ ਕੰਮ ਭੇਜਣ ਉਤੇ ਪੂਰਨ ਪਾਬੰਦੀ ਦੀ ਮੰਗ ਕੀਤੀ ਹੈ ਤਾਂ ਜੋ ਮੋਬਾਈਲਾਂ ਵਿਚ ਨਿਘਰਦੀ ਜਾ ਰਹੀ ਨੌਜਵਾਨੀ ਨੂੰ ਬਚਾਇਆ ਜਾ ਸਕੇ।