ਪਠਾਨਕੋਟ ਦੀ ਰਣਜੀਤ ਸਾਗਰ ਡੈਮ ਝੀਲ ਅਤੇ ਕੇਸ਼ੋਪੁਰ ਛੰਬ 'ਚ ਹਰ ਸਾਲ ਤਿੱਬਤ, ਚੀਨ, ਸਾਇਬੇਰੀਆ, ਲੱਦਾਖ ਆਦਿ ਥਾਵਾਂ 'ਤੇ ਭਾਰੀ ਬਰਫਬਾਰੀ ਹੋਣ ਕਾਰਨ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। DFO ਵਾਈਲਡਲਾਈਫ ਦਾ ਕਹਿਣਾ ਹੈ ਕਿ 15 ਦਸੰਬਰ ਤੋਂ ਬਾਅਦ ਵਿਦੇਸ਼ੀ ਪੰਛੀਆਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ।
Trending Photos
Pathankot News/ਅਜੇ ਮਹਾਜਨ: ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਅਤੇ ਕੇਸ਼ੋਪੁਰ ਛੰਬ ਦੀ ਝੀਲ ਵਿੱਚ ਵੀ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਇਹ ਵਿਦੇਸ਼ੀ ਪੰਛੀ ਸਰਦੀਆਂ ਦੇ ਮੌਸਮ ਵਿੱਚ ਤਿੱਬਤ, ਚੀਨ, ਸਾਇਬੇਰੀਆ, ਯੂਕਰੇਨ, ਲੇਹ, ਲੱਦਾਖ ਆਦਿ ਥਾਵਾਂ ਤੋਂ ਪੰਜਾਬ ਵੱਲ ਪਰਵਾਸ ਕਰਦੇ ਹਨ ਕਿਉਂਕਿ ਸਰਦੀਆਂ ਦੇ ਮੌਸਮ ਵਿੱਚ ਬਰਫ਼ਬਾਰੀ ਅਤੇ ਅੱਤ ਦੀ ਠੰਢ ਕਾਰਨ ਇਨ੍ਹਾਂ ਦਾ ਪ੍ਰਵਾਸ ਨਿਸ਼ਚਿਤ ਹੋ ਜਾਂਦਾ ਹੈ।
ਪਿਛਲੇ ਕਈ ਸਾਲਾਂ ਤੋਂ ਇਹ ਪੰਛੀ ਰਣਜੀਤ ਸਾਗਰ ਡੈਮ ਝੀਲ ਅਤੇ ਕੇਸ਼ੋਪੁਰ ਛੰਬ ਤੱਕ ਪਹੁੰਚ ਰਹੇ ਹਨ। ਇੱਥੇ ਪਹੁੰਚਣ ਲਈ ਉਨ੍ਹਾਂ ਨੂੰ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਵਾਈਲਡਲਾਈਫ ਜੀਵ ਵਿਭਾਗ ਦੇ ਅਧਿਕਾਰੀ ਇਨ੍ਹਾਂ ਵਿਦੇਸ਼ੀ ਪੰਛੀਆਂ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਸੈਲਾਨੀ ਵੀ ਇਨ੍ਹਾਂ ਪੰਛੀਆਂ ਨੂੰ ਦੇਖਣ ਲਈ ਇੱਥੇ ਆਉਂਦੇ ਹਨ।
ਇਹ ਵੀ ਪੜ੍ਹੋ:- Sukhbir Singh Badal: ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ 8ਵਾਂ ਦਿਨ, ਪਹੁੰਚੇ ਤਖ਼ਤ ਸ੍ਰੀ ਦਮਦਮਾ ਸਾਹਿਬ, ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ
DFO ਵਾਈਲਡਲਾਈਫ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਭਾਗ ਲਗਾਤਾਰ ਇਨ੍ਹਾਂ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਸੈਲਾਨੀਆਂ ਨੂੰ ਵੀ ਕਿਹਾ ਜਾਂਦਾ ਹੈ ਕਿ ਉਹ ਇਨ੍ਹਾਂ ਦੇ ਨੇੜੇ ਨਾ ਜਾਣ ਅਤੇ ਦੂਰੋਂ ਹੀ ਇਨ੍ਹਾਂ ਪੰਛੀਆਂ ਨੂੰ ਦੇਖਣ। ਸਰਦੀਆਂ ਦੇ ਮੌਸਮ ਵਿਚ ਵਿਦੇਸ਼ੀ ਪੰਛੀਆਂ ਦੀਆਂ ਕਈ ਕਿਸਮਾਂ ਪੰਜਾਬ ਪਹੁੰਚ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਡੀਐਫਓ ਜੰਗਲੀ ਜੀਵ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਵਿਦੇਸ਼ੀ ਪੰਛੀਆਂ ਦੀ ਗਿਣਤੀ ਦਾ ਕੰਮ 15 ਦਸੰਬਰ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ, ਜੋ ਫਰਵਰੀ ਮਹੀਨੇ ਤੱਕ ਜਾਰੀ ਰਹੇਗਾ।
ਕੇਸ਼ੋਪੁਰ ਛੰਬ, ਗੁਰਦਾਸਪੁਰ ਸ਼ਹਿਰ ਤੋਂ 5 ਕਿਲੋਮੀਟਰ ਦੂਰ ਬਹਿਰਾਮਪੁਰ ਸੜਕ ’ਤੇ ਸਥਿਤ ਹੈ ਅਤੇ ਇਹ ਕੇਸ਼ੋਪੁਰ, ਮਿਆਣੀ, ਡੱਲਾ, ਮੱਟਮ ਤੇ ਮਗਰ ਮੂੰਧੀਆਂ ਨਾਂਅ ਦੇ ਪਿੰਡਾਂ ਤੱਕ 850 ਏਕੜ ਰਕਬੇ ਵਿੱਚ ਇਹ ਛੰਬ ਫੈਲੀ ਹੋਈ ਹੈ। ਇੱਥੇ ਛੋਟੇ ਤੇ ਵੱਡੇ ਕੁਦਰਤੀ ਤਲਾਬ ਹਨ, ਜਿਨ੍ਹਾਂ ਵਿੱਚ ਬਹੁਤਾ ਪਾਣੀ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਕੇਸ਼ੋਪੁਰ ਛੰਬ ਦਾ ਪੂਰਾ ਨਾਂਅ ਮਾਰਚ 2013 ਵਿੱਚ ‘ਕੇਸ਼ੋਪੁਰ ਛੰਬ ਕਮਿਊਨਿਟੀ ਰਿਜ਼ਰਵ’ ਰੱਖਿਆ ਗਿਆ ਸੀ ਅਤੇ ਇਹ ਹੁਣ ਰਾਮਸਰ ਸਾਈਟ ਵਿੱਚ ਸ਼ੁਮਾਰ ਹੈ।