Bathinda News: ਅਦਾਲਤਾਂ ਦਾ ਕੰਮਕਾਜ ਪੰਜਾਬੀ ਭਾਸ਼ਾ `ਚ ਹੋਣਾ ਚਾਹੀਦਾ-ਜਸਵੰਤ ਜਫਰ
Bathinda News: ਬਠਿੰਡਾ ਪਹੁੰਚੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਦਾ ਸੁਨੇਹਾ ਦਿੱਤਾ।
Bathinda News: ਬਠਿੰਡਾ ਪਹੁੰਚੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੇ ਪੰਜਾਬੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਅਦਾਲਤਾਂ ਦਾ ਕੰਮ ਪੰਜਾਬੀ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਬਤੌਰ ਪੰਜਾਬੀ ਹਰ ਪੰਜਾਬੀ ਨੂੰ ਪੰਜਾਬੀ ਭਾਸ਼ਾ ਪ੍ਰਫੁੱਲਤ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਕਦਰੀ ਨੂੰ ਵੇਖਦਿਆਂ ਭਾਸ਼ਾ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਉਤੇ ਜਾ ਕੇ ਨਾਟਕ ਕਰਵਾਏ ਜਾ ਰਹੇ ਹਨ ਤਾਂ ਜੋ ਪੰਜਾਬੀ ਭਾਸ਼ਾ ਲਿਖਣ ਉਚਾਰਨ ਤੇ ਪ੍ਰਫੁੱਲਿਤ ਕੀਤਾ ਜਾ ਸਕੇ।
ਬਠਿੰਡਾ ਦੇ ਰਜਿੰਦਰਾ ਕਾਲਜ ਵਿੱਚ ਪਹੁੰਚੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਬਹੁਤੀਆਂ ਥਾਵਾਂ ਉਤੇ ਪੰਜਾਬੀ ਭਾਸ਼ਾ ਦੀ ਬੇਕਦਰੀ ਕੀਤੀ ਜਾ ਰਹੀ ਹੈ। ਇਸ ਵੱਡਾ ਕਾਰਨ ਲੋਕਾਂ ਵੱਲੋਂ ਅੰਗਰੇਜ਼ੀ ਭਾਸ਼ਾ ਦਾ ਤਰਜਮਾ ਕਰਕੇ ਪੰਜਾਬੀ ਭਾਸ਼ਾ ਵਿੱਚ ਲਿਖਿਆ ਜਾ ਰਿਹਾ ਹੈ। ਇਸ ਕਾਰਨ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਵਿਗੜ ਰਿਹਾ ਹੈ।
ਇਸ ਲਈ ਹਰ ਪੰਜਾਬੀ ਨੂੰ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲੱਤ ਕਰਨ ਲਈ ਆਪਣਾ ਯੋਗਦਾਨ ਪਾਵੇ ਅਤੇ ਪੰਜਾਬੀ ਭਾਸ਼ਾ ਵਿੱਚ ਉਚਾਰਨ, ਲਿਖਣ ਅਤੇ ਬੋਲਣ ਨੂੰ ਤਰਜੀਹ ਦੇਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਵੱਧ ਤੋਂ ਵੱਧ ਪੰਜਾਬੀ ਵਿੱਚ ਕੰਮਕਾਜ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਅਦਾਲਤੀ ਕਾਰਜਾਂ ਵਿੱਚ ਵੀ ਪੰਜਾਬੀ ਵਿੱਚ ਹੀ ਕਾਰਜ ਹੋਣੇ ਚਾਹੀਦੇ ਹਨ ਕਿਉਂਕਿ ਜੋ ਵੀ ਲੋਕ ਇਨਸਾਫ਼ ਲਈ ਅਦਾਲਤ ਵਿੱਚ ਜਾਂਦੇ ਹਨ। ਉਨ੍ਹਾਂ ਨੂੰ ਉਸ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਜ਼ਿਆਦਾਤਰ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲਗਾਏ ਗਏ ਪੰਜਾਬੀ ਭਾਸ਼ਾ ਦੇ ਬੋਰਡ ਗਲਤ ਹਨ ਕਿਉਂਕਿ ਇਹ ਜ਼ਿਆਦਾਤਰ ਬੋਰਡ ਦਿੱਲੀ ਤੋਂ ਬਣ ਕੇ ਆਏ ਹਨ। ਜਿੱਥੇ ਗੂਗਲ ਟਰਾਂਸਲੇਟ ਰਾਹੀਂ ਅੰਗਰੇਜ਼ੀ ਤੋਂ ਪੰਜਾਬੀ ਕੀਤੀ ਜਾਂਦੀ ਹੈ ਅਤੇ ਬਹੁਤੇ ਬੋਰਡ ਤੇ ਸਿਹਾਰੀਆਂ-ਬਿਹਾਰੀਆਂ ਹੋੜੇ ਕਨੌੜੇ ਗਲਤ ਹੁੰਦੇ ਹਨ।
ਬਠਿੰਡਾ ਵਿੱਚ ਬਣਾਏ ਗਏ ਗੁਰਮੁਖੀ ਚੌਕ ਸਬੰਧੀ ਬੋਲਦਿਆਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਨਾਮ ਗੁਰਮੁਖੀ ਰੱਖਿਆ ਗਿਆ ਹੈ। ਜਦੋਂ ਕਿ ਲਿਖਿਆ ਅੰਗਰੇਜ਼ੀ ਵਿੱਚ ਗਿਆ ਹੈ। ਇਸ ਲਈ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਭਾਸ਼ਾ ਵਿਭਾਗ ਵੱਲੋਂ ਤਿੰਨ ਰੋਜ਼ਾ ਨਾਟਕ ਮੇਲਾ ਕਰਵਾਇਆ ਜਾ ਰਿਹਾ ਹੈ। ਅੱਜ ਇਸ ਮੌਕੇ ਨਾਟਕ ਵੀ ਖੇਡਿਆ ਗਿਆ ਜਿਸ ਰਾਹੀਂ ਲੋਕਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਸੁਨੇਹਾ ਦਿੱਤਾ ਗਿਆ।