Trending Photos
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ (13 ਮਾਰਚ) ਨੂੰ ਹੋਣ ਜਾ ਰਹੀ ਹੈ। ਇਸ ਦੌਰਾਨ ਬਜਟ ਦੀਆਂ ਤਰੀਕਾਂ ਦਾ ਫੈਸਲਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਟਵਾਰੀਆਂ ਦਾ ਕੰਮ ਉਨ੍ਹਾਂ ਦੇ ਬਰਾਬਰ ਕਾਡਰ ਦੇ ਹੋਰ ਮੁਲਾਜ਼ਮਾਂ ਤੋਂ ਡੈਪੂਟੇਸ਼ਨ 'ਤੇ ਕਰਵਾਉਣ ਦਾ ਵੀ ਫੈਸਲਾ ਲਿਆ ਜਾ ਸਕਦਾ ਹੈ। ਇਸ ਲਈ ਕੈਬਨਿਟ ਵਿੱਚ ਵੀ ਨਿਯਮ ਬਣਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਇਸ ਦੌਰਾਨ ਕੁਝ ਹੋਰ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਮੀਟਿੰਗ ਸਵੇਰੇ 11 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਸਮਾਪਤ ਹੋਵੇਗੀ।
ਮੰਤਰੀ ਮੰਡਲ ਦੀ ਮੀਟਿੰਗ ਵਿਚ ਨਸ਼ਿਆਂ ਵਿਰੁਧ ਚੱਲ ਰਹੀ ਮੁਹਿੰਮ ਦਾ ਵੀ ਮੁੱਖ ਮੰਤਰੀ ਵਲੋਂ ਜਾਇਜ਼ਾ ਲਿਆ ਜਾਵੇਗਾ ਅਤੇ ਇਸ ਨੂੰ ਹੋਰ ਅੱਗੇ ਵਧਾਉਣ ਲਈ ਵਿਚਾਰ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਰਾਹਤ ਦੇਣ ਵਾਲਾ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਸੂਬੇ ਦੀ ਵਿੱਤੀ ਹਾਲਤ ਉਪਰ ਵੀ ਚਰਚਾ ਹੋਣ ਦੇ ਆਸਾਰ ਹਨ।
ਪਿਛਲੇ ਮਹੀਨੇ ਪੰਜਾਬ ਸਰਕਾਰ ਨੇ 24 ਤੇ 25 ਫਰਵਰੀ ਨੂੰ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਸੀ। ਇਸ ਤੋਂ ਬਾਅਦ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੈਸ਼ਨ ਨੂੰ ਖ਼ਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਹੁਣ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਬੁਲਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਅੱਜ ਦੀ ਬੈਠਕ ਦੇ ਵਿੱਚ ਇਸ ਸਬੰਧ ਵਿੱਚ ਤਾਰੀਖ ਦਾ ਐਲਾਨ ਕਰ ਸਕਦੀ ਹੈ।
ਪਿਛਲੇ ਸਾਲ ਬਜਟ 5 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤਾ ਗਿਆ ਸੀ। ਪੰਜਾਬ ਬਜਟ 2024-25 ਵਿੱਚ ਕੁੱਲ ₹2,04,918 ਕਰੋੜ ਦਾ ਖਰਚਾ ਸੀ, ਜੋ ਖੇਤੀਬਾੜੀ, ਸਿੱਖਿਆ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ‘ਤੇ ਕੇਂਦ੍ਰਿਤ ਸੀ। ਖੇਤੀਬਾੜੀ ਲਈ ₹13,784 ਕਰੋੜ ਅਲਾਟ ਕੀਤੇ ਗਏ ਹਨ, ਜਿਸ ਵਿੱਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ ₹9,330 ਕਰੋੜ ਸ਼ਾਮਲ ਹਨ। ਸਿੱਖਿਆ ਖੇਤਰ ਨੂੰ ₹16,987 ਕਰੋੜ ਪ੍ਰਾਪਤ ਹੁੰਦੇ ਹਨ, ਜਿਸ ਵਿੱਚ ‘ਸਕੂਲ ਆਫ ਹੈਪੀਨੇਸ’ ਵਰਗੀਆਂ ਪਹਿਲਕਦਮੀਆਂ ਸ਼ਾਮਲ ਹਨ।
ਫਿਰ ਵਿਧਾਨ ਸਭਾ ਸੈਸ਼ਨ ਛੇ ਦਿਨ ਚੱਲੇਗਾ
ਪਤਾ ਲੱਗਾ ਹੈ ਕਿ ਸਰਕਾਰ 18 ਮਾਰਚ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਲੁਧਿਆਣਾ ਵਿੱਚ ਹੋਣ ਵਾਲੀ ਰੈਲੀ ਤੋਂ ਬਾਅਦ ਹੀ ਬਜਟ ਸੈਸ਼ਨ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਸੈਸ਼ਨ 21 ਤੋਂ 28 ਮਾਰਚ ਤੱਕ ਹੋ ਸਕਦਾ ਹੈ। ਇਸ ਦੌਰਾਨ 24 ਤਰੀਕ ਨੂੰ ਬਜਟ ਪੇਸ਼ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਅੰਤਿਮ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਜਾਣਾ ਹੈ। ਜੇਕਰ ਬਜਟ ਸੈਸ਼ਨ 21 ਤੋਂ ਸ਼ੁਰੂ ਹੁੰਦਾ ਹੈ ਤਾਂ ਸੈਸ਼ਨ ਸਿਰਫ਼ 6 ਦਿਨ ਹੀ ਚੱਲੇਗਾ। 22 ਅਤੇ 23 ਮਾਰਚ ਨੂੰ ਛੁੱਟੀਆਂ ਹੋਣ ਕਾਰਨ 21 ਨੂੰ ਹੀ ਰਾਜਪਾਲ ਦੇ ਸੰਬੋਧਨ 'ਤੇ ਚਰਚਾ ਹੋਵੇਗੀ।