ਪੰਜਾਬ ਸਰਕਾਰ ਵਲੋਂ 9 ਹਜ਼ਾਰ ਅਧਿਆਪਕ ਰੈਗੂਲਰ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ
ਅਧਿਆਪਕ ਦਿਵਸ ਮੌਕੇ CM ਮਾਨ ਨੇ ਕਿਹਾ ਸੀ ਕਿ ਜਲਦ ਹੀ 8,736 ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਤਿਉਹਾਰਾਂ ਦੇ ਸੀਜ਼ਨ ’ਚ ਅਧਿਆਪਕਾਂ ਨੂੰ ਤੋਹਫ਼ਾ ਦਿੱਤਾ ਹੈ। ਜੀ ਹਾਂ, ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਨੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ, ਜਿਸਨੂੰ ਅੱਜ ਉਨ੍ਹਾਂ ਨੇ ਪੂਰਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਧਿਆਪਕ ਦਿਵਸ ਮੌਕੇ CM ਮਾਨ ਨੇ ਕਿਹਾ ਸੀ ਕਿ ਜਲਦ ਹੀ 8,736 ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ। ਇਹ ਐਲਾਨ ਮੁੱਖ ਮਤੰਰੀ ਭਗਵੰਤ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੀਟਿੰਗ ਦੌਰਾਨ ਕੀਤਾ ਸੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦਿਆਂ ਲਿਖਿਆ, "ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ... ਅਧਿਆਪਕਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਅਧਿਆਪਕ ਦਿਵਸ ਵਾਲੇ ਦਿਨ ਲਿਆ ਸੀ, ਉਸਨੂੰ ਬੂਰ ਪੈ ਗਿਆ ਹੈ.. ਲਗਭਗ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ..ਹੁਣ ਬਾਕੀਆਂ ਲਈ ਕੰਮ ਕਰਾਂਗੇ..ਵਾਅਦੇ ਮੁਤਾਬਕ 30 ਹਜ਼ਾਰ ਨੂੰ ਪੱਕਾ ਕਰਾਂਗੇ। ਜੋ ਕਹਿੰਦੇ ਹਾਂ, ਉਹ ਕਰਦੇ ਹਾਂ..
ਉਨ੍ਹਾਂ ਦੱਸਿਆ ਕਿ 5,442 ਸਿੱਖਿਆ ਪ੍ਰਵਾਈਡਰ, 1130 ਸੰਮਲਿਤ ਸਿੱਖਿਆ ਵਲੰਟੀਅਰਾਂ ਨੂੰ ਸਿੱਧਾ ਰੈਗੂਲਰ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਪਾਰਦਰਸ਼ੀ ਨੀਤੀ ਤਹਿਤ ਚੁਣਕੇ ਆਏ 1639 ਅਧਿਆਪਕਾਂ ਅਤੇ ਬੋਰਡ ਅਧੀਨ ਆਉਂਦੇ 525 ਅਧਿਆਪਕਾਂ ਨੂੰ ਵੀ ਰੈਗੂਲਰ ਕੀਤਾ ਜਾਵੇਗਾ।