Samrala News: ਬੇ-ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਸਤਰਾਂ ਸਮਰਾਲਾ ਦੇ ਪਿੰਡ ਭਗਵਾਨਪੁਰਾ ਦੀ ਚਰਨਜੀਤ ਕੌਰ ਉਤੇ ਬਿਲਕੁਲ ਸਹੀ ਢੁਕਦੀਆਂ ਹਨ।
Trending Photos
Samrala News (ਵਰੁਣ ਕੌਸ਼ਲ): ਮਸ਼ਹੂਰ ਸ਼ਾਇਰ ਬਾਬਾ ਨਜ਼ਮੀ ਦੀਆਂ ਸਤਰਾਂ ਬੇ-ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸਮਰਾਲਾ ਦੇ ਪਿੰਡ ਭਗਵਾਨਪੁਰਾ ਦੀ ਚਰਨਜੀਤ ਕੌਰ ਉਤੇ ਬਿਲਕੁਲ ਸਹੀ ਢੁਕਦੀਆਂ ਹਨ। ਚਰਨਜੀਤ ਕੌਰ ਆਪਣੇ ਪਤੀ, ਤਿੰਨ ਬੱਚਿਆਂ ਅਤੇ ਸੱਸ ਨਾਲ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੀ ਸੀ। ਉਸ ਦਾ ਪਤੀ ਪ੍ਰੈਸ ਕਰਨ ਦਾ ਕੰਮ ਕਰਦਾ ਸੀ। ਕਦੇ ਪੈਸੇ ਬਣਦੇ ਅਤੇ ਕਦੇ ਨਾ ਜਿਸ ਕਾਰਨ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ। ਉਹ ਜਿਵੇਂ-ਕਿਵੇਂ ਆਪਣੀ ਜ਼ਿੰਦਗੀ ਹੰਢਾ ਰਹੇ ਸਨ।
ਇੱਕ ਦਿਨ ਚਰਨਜੀਤ ਕੌਰ ਨੇ ਆਪਣੇ ਪੁੱਤਰ ਦੀ 10 ਰੁਪਏ ਫ਼ੀਸਦੀ ਭਰਨੀ ਸੀ ਪਰ ਉਨ੍ਹਾਂ ਕੋਲ ਪੈਸੇ ਨਹੀਂ ਸਨ। ਚਰਨਜੀਤ ਕੌਰ ਨੇ ਆਪਣੇ ਗੁਆਂਢੀਆਂ ਤੋਂ 10 ਰੁਪਏ ਮੰਗੇ ਤਾਂ ਉਸ ਨੂੰ ਕਿਸੇ ਵੀ ਘਰ ਤੋਂ ਉਧਾਰੇ ਪੈਸੇ ਨਾ ਮਿਲਣ ਕਾਰਨ ਕਾਫੀ ਨਿਰਾਸ਼ਾ ਹੋਈ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਦਾ ਹੱਥ ਵਟਾਉਣ ਲਈ ਖ਼ੁਦ ਕੰਮ ਕਰਨ ਦਾ ਫ਼ੈਸਲਾ ਕੀਤਾ ਅਤੇ 2007 ਵਿੱਚ ਬੈਗ ਬਣਾਉਣ ਦਾ ਕੰਮ ਸਿਖਿਆ ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ।
ਚਰਨਜੀਤ ਕੌਰ ਮੁਤਾਬਕ ਔਰਤਾਂ ਨੂੰ ਘਰ ਦੇ ਕੰਮ ਦੇ ਨਾਲ ਹੋਰ ਸਹਾਇਕ ਧੰਦਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਸ ਨੇ ਸਕੂਲ ਬੈਗ, ਕੈਰੀ ਬੈਗ, ਲੇਡੀਜ਼ ਪਰਸ ਬਣਾਉਣ, ਵੇਚਣ ਦਾ ਅਪਣੇ ਗਰੁੱਪ ਸਮੇਤ ਕੰਮ ਕਰ ਰਹੀ ਹੈ। ਹੁਣ ਉਹ ਖੁਦ ਔਰਤਾਂ ਤੇ ਲੜਕੀਆਂ ਨੂੰ ਕੰਮ ਸਿਖਾ ਕੇ ਆਤਮ ਨਿਰਭਰ ਬਣਾ ਰਹੀ ਹੈ।
ਚਰਨਜੀਤ ਕੌਰ ਮੁਤਾਬਕ ਉਸ ਨੇ ਆਪਣੀ ਧੀ ਜਿਸ ਦਾ ਵਿਆਹ ਕੀਤਾ ਹੈ ਉਸ ਦੇ ਸਹੁਰੇ ਘਰ ਸੱਸ ਵੀ ਚਰਨਜੀਤ ਕੌਰ ਦਾ ਕੰਮ ਵੇਖ ਖੁਦ ਹੀ ਆਪਣੀ ਨੂੰਹ ਨਾਲ ਬੈਗ ਬਣਾਉਣ ਦਾ ਕੰਮ ਕਰਨ ਲੱਗ ਪਈ ਹੈ। ਚਰਨਜੀਤ ਕੌਰ ਕੋਲੋਂ ਕੰਮ ਸਿਖ ਕੇ ਕਈ ਲੜਕੀਆਂ ਅਤੇ ਔਰਤਾਂ ਆਪਣੇ ਘਰ ਦਾ ਵਧੀਆ ਗੁਜ਼ਾਰਾ ਕਰ ਰਹੀਆਂ ਹਨ।
ਚਰਨਜੀਤ ਕੌਰ ਕੋਲ ਕੰਮ ਸਿੱਖਣ ਵਾਲੀ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ। ਫਿਰ ਉਨ੍ਹਾਂ ਨੇ ਚਰਨਜੀਤ ਕੌਰ ਕੋਲੋਂ ਫਰੀ ਵਿੱਚ ਕੰਮ ਸਿਖ ਕੇ ਆਪਣਾ ਕੰਮ ਸ਼ੁਰੂ ਕੀਤਾ ਜਿਸ ਨਾਲ ਕੁਲਵਿੰਦਰ ਕੌਰ ਦੇ ਘਰ ਦਾ ਗੁਜ਼ਾਰਾ ਹੋਣ ਲੱਗ ਪਿਆ।
ਕੁਲਵਿੰਦਰ ਕੌਰ ਮੁਤਾਬਕ ਉਸ ਦੀਆਂ ਦੋ ਵੱਡੀਆ ਭੈਣਾਂ ਹਨ ਜਿਨ੍ਹਾਂ ਦਾ ਵਿਆਹ ਉਸ ਨੇ ਇਸ ਕੰਮ ਦੀ ਕਮਾਈ ਤੋਂ ਕੀਤਾ ਹੈ। ਕੁਲਵਿੰਦਰ ਕੌਰ ਨੇ ਨੇ ਨੌਜਵਾਨਾਂ ਨੂੰ ਸੇਧ ਦਿੱਤੀ ਕਿ ਮੋਬਾਈਲ ਅਤੇ ਬਾਹਰ ਜਾਣ ਦੇ ਬਾਰੇ ਸੋਚਣ ਉਤੇ ਸਮਾਂ ਨਾ ਖਰਾਬ ਕਰਨ ਬਲਕਿ ਕੋਈ ਕੰਮ ਸ਼ੁਰੂ ਕਰਨ।