ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ, ਝੂੰਦਾ ਕਮੇਟੀ ਦੀ ਰਿਪੋਰਟ ’ਤੇ ਹੋਵੇਗਾ ਮੰਥਨ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅੱਜ ਪਾਰਟੀ ਦੇ ਮੁੱਖ ਦਫ਼ਤਰ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ, ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਝੂੰਦਾ ਕਮੇਟੀ ਵਲੋਂ ਸੌਂਪੀ ਗਈ ਰਿਪੋਰਟ ’ਤੇ ਮੰਥਨ ਹੋ ਸਕਦਾ ਹੈ। ਕੀ ਕਹਿੰਦੀ ਹੈ ਝੂੰਦਾ ਕਮੇਟੀ ਦੀ ਰਿਪੋਰਟ 2022 ਦੀਆਂ ਵਿਧਾਨ ਸਭਾ ਚੋਣਾਂ ’ਚ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅੱਜ ਪਾਰਟੀ ਦੇ ਮੁੱਖ ਦਫ਼ਤਰ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ, ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਝੂੰਦਾ ਕਮੇਟੀ ਵਲੋਂ ਸੌਂਪੀ ਗਈ ਰਿਪੋਰਟ ’ਤੇ ਮੰਥਨ ਹੋ ਸਕਦਾ ਹੈ।
ਕੀ ਕਹਿੰਦੀ ਹੈ ਝੂੰਦਾ ਕਮੇਟੀ ਦੀ ਰਿਪੋਰਟ
2022 ਦੀਆਂ ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ਦੀ ਸਮੀਖਿਆ ਲਈ ਅਕਾਲੀ ਆਗੂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ’ਚ ਕਮੇਟੀ ਗਠਿਤ ਕੀਤੀ ਗਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਮੇਟੀ ਵਲੋਂ ਅੰਤਿਮ ਰਿਪੋਰਟ ਤਿਆਰ ਕਰਨ ਵੇਲੇ ਮੈਂਬਰਾਂ ’ਚ ਵੱਡੇ ਪੱਧਰ ’ਤੇ ਆਪਸੀ ਮਤਭੇਦ ਸਾਹਮਣੇ ਆਏ। ਇਹ ਵੀ ਸਾਹਮਣੇ ਆਇਆ ਕਿ ਜ਼ਿਆਦਾਤਰ ਅਕਾਲੀ ਆਗੂ ਤੇ ਵਰਕਰ ਮੌਜੂਦਾ ਲੀਡਰਸ਼ਿਪ ’ਚ ਤਬਦੀਲੀ ਚਾਹੁੰਦੇ ਹਨ। ਪਾਰਟੀ ਨੂੰ ਸਿਧਾਂਤਕ ਲੀਹਾਂ ’ਤੇ ਲਿਆਉਣ ਲਈ ਪਾਰਟੀ ਦੀਆਂ ਨੀਤੀਆਂ ਵਿੱਚ ਵੀ ਤਬਦੀਲੀ ਲਿਆਉਣ ਦੇ ਸੁਝਾਅ ਦਿੱਤੇ ਗਏ ਹਨ।
ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ’ਤੇ ਵੀ ਉੱਠੇ ਸਵਾਲ
ਝੂੰਦਾ ਕਮੇਟੀ ਦੀ ਰਿਪੋਰਟ ਅਨੁਸਾਰ ਪਾਰਟੀ ਦੇ ਨਾਲ ਨਾਲ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ-ਕਾਜ ’ਚ ਵੀ ਪਾਰਦਰਸ਼ਤਾ ਲਿਆਉਣ ਦੀ ਗੱਲ ਕਹੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੁਆਰਾ ਦੁਰਵਰਤੋਂ, ਸਰਾਵਾਂ ਅਤੇ ਸ੍ਰੀ ਅਖੰਡ ਪਾਠਾਂ ਦੀ ਬੁਕਿੰਗ ’ਚ ਪਾਰਦਰਸ਼ਤਾ ਲਿਆਉਣ ਅਤੇ ਢਾਡੀਆਂ, ਰਾਗੀਆਂ ਤੇ ਪ੍ਰਚਾਰਕਾਂ ਦੇ ਗਿਲ਼ੇ ਸ਼ਿਕਵਿਆਂ ਨੂੰ ਦੂਰ ਕਰਨ ਦੇ ਮਾਮਲੇ ਉਠਾਏ ਗਏ ਹਨ।
ਵਿਧਾਇਕ ਇਆਲੀ ਵੀ ਰਿਪੋਰਟ ਲਾਗੂ ਕਰਨ ਦੀ ਕਰ ਚੁੱਕੇ ਹਨ ਮੰਗ
ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕਰ ਚੁੱਕੇ ਹਨ। ਅਕਾਲੀ ਲੀਡਰਸ਼ਿਪ ਦੇ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਨੂੰ ਵੋਟ ਨਹੀਂ ਪਾਈ ਸੀ। ਇਆਲੀ ਦਾ ਕਹਿਣਾ ਸੀ ਕਿ ਪਾਰਟੀ ਨੇ ਬਿਨਾ ਕਿਸੇ ਸ਼ਰਤ ਦੇ ਸਮਰਥਨ ਕੀਤਾ, ਜਦਕਿ ਬੰਦੀ ਸਿੱਖਾਂ ਦੀ ਰਿਹਾਈ, ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਵਰਗੇ ਮੁੱਦਿਆ ਨੂੰ ਭਾਜਪਾ ਸਾਹਮਣੇ ਨਹੀਂ ਰੱਖਿਆ।
ਅੰਦਰ-ਖਾਤੇ ਲਗਾਤਾਰ ਲੀਡਰਸ਼ਿਪ ਬਦਲੇ ਜਾਣ ਦੀ ਉੱਠ ਰਹੀ ਹੈ ਮੰਗ
ਝੂੰਦਾ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਕਰੀਬ 100 ਹਲਕਿਆਂ ਦੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਕੀਤੀ ਹੈ। ਜ਼ਿਆਦਾਤਰ ਆਗੂਆਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ’ਚ ਪਾਰਟੀ ਵੱਡੇ ਸੰਕਟ ’ਚ ਹੈ ਅਤੇ ਜ਼ਮੀਨੀ ਪੱਧਰ ’ਤੇ ਆਪਣੀ ਹੋਂਦ ਗਵਾ ਚੁੱਕੀ ਹੈ। ਲੀਡਰਸ਼ਿਪ ਪੰਥਕ ਸਿਧਾਤਾਂ ਤੋਂ ਥਿੜਕ ਚੁੱਕੀ ਹੈ ਤੇ ਲੋਕਾਂ ਦੇ ਮੁੱਦੇ ਉਠਾਉਣੇ ਬੰਦ ਕਰ ਦਿੱਤੇ ਹਨ। ਇਹ ਹੀ ਕਾਰਨ ਹੈ ਕਿ ਪੰਜਾਬ ’ਚ ਲੋਕਾਂ ਨੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਨਕਾਰਿਆ ਹੈ।
ਅਕਾਲੀ ਦਲ ਨੂੰ ਉਮੀਦ ਸੀ ਕਿ ਇਸ ਵਾਰ ਉਹ ਸੱਤਾ ’ਚ ਵਾਪਸੀ ਕਰੇਗੀ, ਪਰ ਇਸਦੇ ਉਲਟ ਪਾਰਟੀ ਦੀ ਹਾਲਤ ਹੋਰ ਵੀ ਬਦਤਰ ਹੋ ਗਈ। ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਦੇ ਬਾਵਜੂਦ ਅਕਾਲੀ ਦਲ 3 ਸੀਟਾਂ ਹੀ ਹਾਸਲ ਕਰ ਸਕਿਆ।