ਚੰਡੀਗੜ੍ਹ- ਸਾਡੇ ਸੱਭਿਆਚਾਰ ਦੀਆਂ ਲੋਕ ਸਿਆਣਪਾਂ ਵਿਚ ਵੀ ਗੁਰੂ ਦੀ ਮਹੱਤਤਾ ਨੂੰ ਇਨ੍ਹਾਂ ਸ਼ਬਦਾਂ ਵਿਚ ਪ੍ਰਗਟਾਇਆ ਗਿਆ ਹੈ : 'ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ'। ਸਮੇਂ ਦੇ ਬਦਲਣ ਨਾਲ ਅਧਿਆਪਕ ਦੀ ਭੂਮਿਕਾ ਵੀ ਬਦਲਦੀ ਰਹੀ ਹੈ। ਅਜੋਕੇ ਸੰਸਾਰ ਵਿਚ ਸਿੱਖਿਆ ਅਤੇ ਗਿਆਨ ਪ੍ਰਾਪਤੀ ਦੇ ਅਨੇਕਾਂ ਸੋਮੇ ਹਨ। ਅਖ਼ਬਾਰਾਂ, ਰਸਾਲੇ, ਪੁਸਤਕਾਂ, ਰੇਡੀਉ, ਟੈਲੀਵਿਜ਼ਨ ਅਤੇ ਅਜਿਹੇ ਹੋਰ ਸਾਧਨਾਂ ਨੇ ਸੂਚਨਾ, ਮਨੋਰੰਜਨ ਅਤੇ ਗਿਆਨ ਪ੍ਰਾਪਤੀ ਦੇ ਖੇਤਰ ਨੂੰ ਬਹੁਤ ਵਿਸ਼ਾਲਤਾ ਪ੍ਰਦਾਨ ਕੀਤੀ ਹੈ। ਇਸ ਦੇ ਬਾਵਜੂਦ ਅਧਿਆਪਕ ਦੀ ਮਹੱਤਤਾ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ।


COMMERCIAL BREAK
SCROLL TO CONTINUE READING


ਭਾਰਤੀ ਸਮਾਜ ਵਿਚ ਅਧਿਆਪਕ ਆਪਣੇ ਵਿਸ਼ੇਸ਼ ਰੁਤਬੇ, ਵਿਦਵਤਾ, ਸੂਝ-ਬੂਝ, ਪਥ-ਪ੍ਰਦਰਸ਼ਕ, ਕੌਮ ਦਾ ਨਿਰਮਾਤਾ ਅਤੇ ਸਮਰਪਿਤ ਭਾਵਨਾ ਦੀ ਬਦੌਲਤ ਡੂੰਘੇ ਆਦਰ ਸਤਿਕਾਰ ਦਾ ਪਾਤਰ ਰਿਹਾ ਹੈ। ਕਦੇ ਸਮਾਂ ਸੀ ਅਧਿਆਪਕ ਨੂੰ 'ਗੁਰੂ' ਦਾ ਦਰਜਾ ਪ੍ਰਾਪਤ ਸੀ ਅਤੇ ਉਸ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਉਸ ਦੇ 'ਚੇਲੇ-ਬਾਲਕੇ' ਸਨ। ਉਨ੍ਹਾਂ ਸਮਿਆਂ ਵਿਚ ਗੁਰੂ ਰੂਪੀ ਅਧਿਆਪਕ ਆਪਣੇ ਸਿਖਿਆਰਥੀਆਂ ਨੂੰ ਹੋਰ ਪੜ੍ਹਾਈ ਦੇ ਨਾਲ-ਨਾਲ ਧਰਮ, ਸਦਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਵੀ ਪ੍ਰਦਾਨ ਕਰਦਾ ਸੀ। ਸਾਡੇ ਧਾਰਮਿਕ ਰਹਿਬਰਾਂ ਨੇ ਵੀ ਕਿਸੇ ਮਨੁੱਖ ਦੇ ਜੀਵਨ ਵਿਚ ਗੁਰੂ ਦੀ ਮਹਾਨਤਾ ਦਾ ਵਰਨਣ ਕੀਤਾ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਦੀ ਵਡਿਆਈ ਕਰਦਿਆਂ ਫਰਮਾਇਆ ਹੈ-



ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ



ਕੁਝ ਸਾਲਾਂ ਤੋਂ ਯੂਨੈਸਕੋ ਨੇ ਵੀ ਅਧਿਆਪਕ ਦੀ ਮਹੱਤਵਪੂਰਨ ਦੇਣ ਨੂੰ ਮਾਨਤਾ ਪ੍ਰਦਾਨ ਕਰਦਿਆਂ 'ਅੰਤਰਰਾਸ਼ਟਰੀ ਅਧਿਆਪਕ ਦਿਵਸ' ਮਨਾਏ ਜਾਣ ਦਾ ਐਲਾਨ ਕੀਤਾ ਹੈ। ਭਾਰਤ ਵਿਚ ਇਹ ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਬਿਨਾਂ ਸੰਸਾਰ ਦੇ ਅਨੇਕਾਂ ਦੇਸ਼ਾਂ ਵਿਚ ਵੱਖ-ਵੱਖ ਮਿਤੀਆਂ ਨੂੰ ਅਧਿਆਪਕ ਦਿਵਸ ਮਨਾਏ ਜਾਂਦੇ ਹਨ। ਭਾਰਤ ਵਿਚ ਤਾਂ ਸਦੀਆਂ ਤੋਂ ਹੀ ਅਧਿਆਪਕ ਦੀ ਮਿਹਨਤ, ਲਗਨ ਅਤੇ ਬੱਚੇ ਦੀ ਸ਼ਖ਼ਸੀਅਤ ਨੂੰ ਸਿਰਜਣ ਦੀ ਸਮਰਪਿਤ ਭਾਵਨਾ ਨੂੰ ਸਤਿਕਾਰਿਆ ਅਤੇ ਵਡਿਆਇਆ ਜਾਂਦਾ ਰਿਹਾ ਹੈ।



ਬੱਚੇ ਦੇ ਸਰਵਪੱਖੀ ਵਿਕਾਸ ਲਈ ਅਧਿਆਪਕ ਦਾ ਚਿੰਤਨਸ਼ੀਲ ਅਤੇ ਸਿਰਜਣਾਤਮਕ ਹੋਣਾ ਸਿੱਖਿਆ ਦੇ ਖੇਤਰ ਦੀ ਵੱਡੀ ਲੋੜ ਹੈ। ਅੱਜ ਅਧਿਆਪਕ ਦੀ ਚੇਤਨ ਭੂਮਿਕਾ ਦੀ ਸਭ ਤੋਂ ਵੱਧ ਲੋੜ ਹੈ। ਅਧਿਆਪਕ ਕੇਵਲ ਨਿਸਚਿਤ ਪਾਠਕ੍ਰਮ ਪੜ੍ਹਾਉਣ ਵਿਚ ਹੀ ਨਾ ਰੁੱਝਿਆ ਰਹੇ। ਜਦੋਂ ਤੱਕ ਬੱਚੇ ਦੇ ਮਨ ਵਿਚ ਸਿੱਖਣ ਤੇ ਸਮਝਣ ਦੀ ਤਾਂਘ ਤੇ ਜਗਿਆਸਾ ਪੈਦਾ ਨਹੀਂ ਹੁੰਦੀ, ਉਦੋਂ ਤੱਕ ਕੁਝ ਸਿਖਾਉਣ ਦੀ ਗੱਲ ਕਰਨੀ ਹਨੇਰੇ ਵਿਚ ਟੱਕਰਾਂ ਮਾਰਨ ਵਾਲੀ ਗੱਲ ਹੈ। ਜੇਕਰ ਅਧਿਆਪਕ ਦੇ ਅੰਦਰ ਗਿਆਨ ਦੀ ਜੋਤ ਜਗਦੀ ਹੋਵੇ ਤਾਂ ਉਹ ਬੱਚੇ ਅੰਦਰ ਵੀ ਜਗਿਆਸਾ ਦਾ 'ਦੀਪਕ' ਜਗਾ ਸਕਦਾ ਹੈ।



ਮਿਹਨਤ ਤੇ ਲਗਨ ਨਾਲ ਪੜ੍ਹਾਉਣ ਵਾਲਾ ਅਧਿਆਪਕ ਕਦੇ ਇਨਾਮਾਂ ਦੀ ਝਾਕ ਨਹੀਂ ਰੱਖਦਾ। ਅਧਿਆਪਕ ਲਈ ਸਭ ਤੋਂ ਵੱਡਾ ਇਨਾਮ ਉਸ ਦਾ ਹਰ ਹੀਲੇ ਸਤਿਕਾਰ ਬਹਾਲ ਰੱਖਣਾ ਹੈ। ਸਰਕਾਰਾਂ, ਵਿੱਦਿਆ ਵਿਭਾਗ ਤੇ ਪੂਰਾ ਸਰਕਾਰੀ ਤੰਤਰ ਜਿਸ ਤਰ੍ਹਾਂ ਅਧਿਆਪਕਾਂ ਨਾਲ ਵਿਹਾਰ ਕਰਦਾ ਹੈ, ਉਹ ਅਧਿਆਪਕ ਦੀ ਮਾਣ-ਮਰਿਆਦਾ ਨੂੰ ਕਦੇ ਨਹੀਂ ਗੌਲਦਾ। ਰਾਜ ਪੁਰਸਕਾਰ ਲਈ ਤਾਂ ਕੇਵਲ ਉਹੀ ਅਧਿਆਪਕ ਵਿਚਾਰੇ ਜਾਂਦੇ ਹਨ, ਜਿਹੜੇ ਆਪਣੀਆਂ ਪ੍ਰਾਪਤੀਆਂ ਬਾਰੇ ਵਿਭਾਗ ਨੂੰ ਭੇਜਣਗੇ। ਹਜ਼ਾਰਾਂ ਅਧਿਆਪਕ ਇਨਾਮ ਦੇਣ ਦੀ ਇਸ ਪ੍ਰਣਾਲੀ ਨੂੰ ਹੀ ਦੋਸ਼ਪੂਰਨ ਮੰਨਦੇ ਹਨ, ਸ਼ਾਇਦ ਇਸੇ ਕਾਰਨ ਹੀ ਉਹ ਇਨਾਮ ਲਈ ਅਰਜ਼ੀ ਨਹੀਂ ਦਿੰਦੇ। ਮਿਹਨਤੀ ਤੇ ਲਗਨ ਨਾਲ ਕੰਮ ਕਰਨ ਵਾਲੇ ਅਧਿਆਪਕ ਦੇ ਕੰਮ ਨੂੰ ਮਾਨਤਾ ਤਾਂ ਮਿਲਣੀ ਚਾਹੀਦੀ ਹੀ ਹੈ। ਅਧਿਆਪਕ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਆਧਾਰ ਬਣਾਉਣ ਦੀ ਲੋੜ ਹੈ।


WATCH LIVE TV