ਕਾਂਗਰਸ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਰਾਹੀਂ ਰਾਜਨੀਤਕ ਗਤੀਵਿਧੀਆਂ ਜਾਰੀ ਰੱਖੇਗਾ

ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਵੱਲੋਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਵਿਚਾਰ ਚਰਚਾ ਦੇ ਦਿੱਤੇ ਸੱਦੇ ਦੇ ਫਲਸਰੂਪ ਅੱਜ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਮੋਰਚਾ ਕਮੇਟੀ ਨਾਲ ਵਿਚਾਰ ਵਟਾਂਦਰੇ ਕੀਤੇ ਗਏ।

ਕਾਂਗਰਸ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਰਾਹੀਂ ਰਾਜਨੀਤਕ ਗਤੀਵਿਧੀਆਂ ਜਾਰੀ ਰੱਖੇਗਾ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਵੱਲੋਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਵਿਚਾਰ ਚਰਚਾ ਦੇ ਦਿੱਤੇ ਸੱਦੇ ਦੇ ਫਲਸਰੂਪ ਅੱਜ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਮੋਰਚਾ ਕਮੇਟੀ ਨਾਲ ਵਿਚਾਰ ਵਟਾਂਦਰੇ ਕੀਤੇ ਗਏ। ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਅਮਨ ਅਰੋੜਾ, ਵਿਧਾਇਕ ਬਲਜਿੰਦਰ ਕੌਰ ਅਤੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਜਗਤਾਰ ਸਿੰਘ ਸੰਘੇੜਾ ਪਾਰਟੀ ਦੇ ਨੁਮਾਇੰਦਿਆਂ ਵਜੋਂ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਪੰਜਾਬ ਦੀ ਕਿਸਾਨੀ ਅਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਉੱਤੇ ਥੋਪੇ ਗਏ ਕਾਲੇ ਕਾਨੂੰਨਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਦਿੱਲੀ ਦੇ ਬਾਰਡਰ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਲੀ ਰੂਪ ਰੇਖਾ ਬਾਰੇ ਵਿਚਾਰ ਕੀਤਾ ਗਿਆ।

       ਵਿਚਾਰ ਚਰਚਾ ਦੇ ਦੌਰਾਨ ਆਪ ਆਗੂਆਂ ਨੇ ਕਿਹਾ ਕਿ ਆਮ ਆਦਮੀ ਸੰਯੁਕਤ ਕਿਸਾਨ ਮੋਰਚੇ ਦੇ ਪਹਿਲੇ ਦਿਨ ਤੋਂ ਨਾਲ ਹੈ ਅਤੇ ਭਵਿੱਖ ਵਿੱਚ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੀ ਰਹੇਗੀ। ਆਪ ਆਗੂਆਂ ਨੇ ਕਿਹਾ ਕਿ ਕਿਉਂ ਜੋ ਆਮ ਆਦਮੀ ਪਾਰਟੀ ਸੂਬੇ ਵਿੱਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਅਤੇ ਪੰਜਾਬ ਦੇ ਲੋਕ ਉਨ੍ਹਾਂ ਕੋਲੋਂ ਬਦਲਾਅ ਦੀ ਆਸ ਰੱਖਦੇ ਹਨ ਤਾਂ ਅਜਿਹੀ ਹਾਲਤ ਵਿੱਚ ਰਾਜਨੀਤਕ ਪ੍ਰੋਗਰਾਮ ਕਰਕੇ ਲੋਕਾਂ ਨਾਲ ਰਾਬਤਾ ਰੱਖਣਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਹੈ ਇਸ ਲਈ ਉਹ ਸਰਕਾਰ ਦੇ ਨਾਮ ਤੇ ਸਰਕਾਰੀ ਪ੍ਰੋਗਰਾਮ ਕਰਕੇ ਆਪਣੀਆਂ ਰਾਜਨੀਤਕ ਗਤੀਵਿਧੀਆਂ ਨੂੰ ਜਾਰੀ ਰੱਖੇਗੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਹੋਣ ਦੀ ਸੂਰਤ ਵਿਚ ਸ਼੍ਰੋਮਣੀ ਕਮੇਟੀ ਰਾਹੀਂ ਆਪਣੀਆਂ ਰਾਜਨੀਤਕ ਗਤੀਵਿਧੀ ਨੂੰ ਅੰਜਾਮ ਦੇ ਸਕਦੀ ਹੈ ਅਤੇ ਭਾਰਤੀ ਜਨਤਾ ਪਾਰਟੀ ਇਸ ਸਾਰੇ ਫਾਰਮੂਲੇ ਵਿੱਚ ਸ਼ਾਮਲ ਨਾ ਹੋਣ ਦੀ ਸੂਰਤ ਵਿੱਚ ਪ੍ਰਚਾਰ ਕਰਨ ਲਈ ਆਜ਼ਾਦ ਹੈ ਅਜਿਹੀ ਹਾਲਤ ਵਿੱਚ ਕੇਵਲ ਆਮ ਆਦਮੀ ਪਾਰਟੀ ਨੂੰ ਹੀ ਇਸ ਤੋਂ ਅਲੱਗ ਰੱਖਣਾ ਤਰਕ ਸੰਗਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਕੋ ਜਿਹੇ ਮੌਕੇ ਮਿਲਣੇ ਚਾਹੀਦੇ ਹਨ।

       ਚੋਣ ਮਨੋਰਥ ਪੱਤਰ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਝੂਠ ਬੋਲ ਕੇ ਵੋਟਾਂ ਲੈਣ ਚ ਮਸਲੇ ਉੱਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਪਾਰਟੀ ਸ਼ੁਰੂ ਤੋਂ ਹੀ ਇਹ ਮੰਗ ਕਰਦੀ ਆਈ ਹੈ ਕਿ ਘੋਸ਼ਣਾ ਪੱਤਰ ਇੱਕ ਕਾਨੂੰਨੀ ਦਸਤਾਵੇਜ਼ ਵਜੋਂ ਲਿਆ ਜਾਣਾ ਚਾਹੀਦਾ ਹੈ ਅਤੇ ਚੋਣ ਘੋਸ਼ਣਾ ਪੱਤਰ ਵਿੱਚ ਕੀਤੇ ਵਾਅਦੇ ਨਾ ਪੂਰੇ ਕਰਨ ਵਾਲੀ ਪਾਰਟੀ ਦੀ ਮਾਨਤਾ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ।

    ਆਪ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕਦੀ ਵੀ ਅਜਿਹਾ ਕੋਈ ਕਾਰਜ ਨਹੀਂ ਕੀਤਾ ਜਿਸ ਨਾਲ ਮੋਰਚੇ ਨੂੰ ਢਾਹ ਲੱਗੇ ਅਤੇ ਭਵਿੱਖ ਵਿਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਹਰ ਹੁਕਮ ਦੀ ਪਾਲਣਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੋਰਚੇ ਦੀ ਸ਼ੁਰੂਆਤ ਤੋਂ ਹੁਣ ਤਕ ਕਿਸਾਨਾਂ ਦੇ ਨਾਲ ਡਟੇ ਹੋਏ ਹਨ ਅਤੇ ਇੱਥੋਂ ਤਕ ਕਿ ਸ਼ਹਿਰੀ ਚੋਣਾਂ ਦੇ ਦੌਰਾਨ ਵੀ ਆਮ ਆਦਮੀ ਪਾਰਟੀ ਨੇ ਅਾਪਣੇ ਵਲੰਟੀਅਰਾਂ ਨੂੰ ਵਾਪਸ ਨਾ ਆਉਣ ਦੀ ਤਾਕੀਦ ਕਰਦਿਆਂ ਘੱਟ ਸਰੋਤਾਂ ਨਾਲ ਚੋਣਾਂ ਲੜੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ ਇੱਥੇ ਜ਼ੋਰ ਸ਼ੋਰ ਨਾਲ ਪਾਰਟੀ ਨਾਲ ਜੁਡ਼ ਰਹੇ ਹਨ ਅਜਿਹੀ ਸਥਿਤੀ ਵਿੱਚ ਲੋਕਾਂ ਦੀਆਂ ਭਾਵਨਾਵਾਂ ਦੇ ਖ਼ਿਲਾਫ਼ ਜਾਣਾ ਵੀ ਆਮ ਆਦਮੀ ਪਾਰਟੀ ਲਈ ਅਸਾਨ ਨਹੀਂ ਹੋਵੇਗਾ। 

       ਆਪ ਆਗੂਆਂ ਨੇ ਕਿਹਾ ਕਿ ਕਿਉਂ ਜੋ ਨਰਿੰਦਰ ਮੋਦੀ ਨੂੰ ਸਿੱਧੀ ਟੱਕਰ ਦੇਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਸਭ ਤੋਂ ਉੱਪਰ ਰੱਖਦੇ ਹਨ ਅਜਿਹੀ ਸੂਰਤ ਵਿੱਚ ਆਪ ਹੋਰ ਤਾਕਤ ਨਾਲ ਨਰਿੰਦਰ ਮੋਦੀ ਦੇ ਖ਼ਿਲਾਫ਼ ਮੈਦਾਨ ਵਿੱਚ ਉਤਰਨਾ ਚਾਹੁੰਦੀ ਹੈ। ਦਿੱਲੀ ਵਿੱਚ ਵੀ ਮੋਦੀ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਤਿੰਨ ਵਾਰ ਮੋਦੀ ਨੂੰ ਧੂੜ ਚਟਾਈ ਹੈ ਉੱਥੇ ਭਵਿੱਖ ਵਿੱਚ ਵੀ ਮੋਦੀ ਨੂੰ ਹਰਾ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦਾ ਦਮ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਹਰ ਫ਼ੈਸਲਾ ਆਮ ਆਦਮੀ ਪਾਰਟੀ ਦੇ ਸਿਰ ਮੱਥੇ ਹੋਵੇਗਾ ਅਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰ ਲਗਾਤਾਰ ਯੋਗਦਾਨ ਪਾਉਂਦੇ ਰਹਿਣਗੇ।