Amritsar News: ਸਕੂਲ `ਚ ਬੱਚਿਆਂ ਨੂੰ ਘਟੀਆ ਖਾਣਾ ਦੇਣ ਉਤੇ ਪਿੰਡ ਵਾਸੀਆਂ ਲਗਾਇਆ ਧਰਨਾ
Amritsar News: ਪਿੰਡ ਖਾਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਮਾੜਾ ਖਾਣਾ ਖੁਆਉਣ ਕਾਰਨ ਪਿੰਡ ਵਾਸੀਆਂ ਨੇ ਸਕੂਲ ਦੀ ਪ੍ਰਿੰਸੀਪਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ।
Amritsar News (ਭਰਤ ਸ਼ਰਮਾ): ਅੰਮ੍ਰਿਤਸਰ ਵਾਹਘਾ ਬਾਰਡਰ ਰੋਡ ਉਤੇ ਪਿੰਡ ਖਾਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਮਾੜੇ ਦਰਜੇ ਦਾ ਖਾਣਾ ਖੁਆਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਚੱਲਦੇ ਪਿੰਡ ਵਾਸੀਆਂ ਨੇ ਸਕੂਲ ਦੀ ਪ੍ਰਿੰਸੀਪਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ।
ਇਸ ਮੌਕੇ ਪਿੰਡ ਵਾਸੀ ਨੀਤੂ, ਸਰਪੰਚ ਮਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਖਾਸਾ ਵਿੱਚ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਖ਼ਰਾਬ ਸਬਜ਼ੀਆਂ ਤੋਂ ਬਣਿਆ ਖਾਣਾ ਖੁਆਇਆ ਜਾ ਰਿਹਾ, ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਸਕੂਲ ਮੁਖੀ ਦੇ ਆਉਣ ਤੋਂ ਬਾਅਦ ਤੋਂ ਵੀ ਅਧਿਆਪਕ ਬੱਚਿਆਂ ਨੂੰ ਸਹੀ ਢੰਗ ਨਾਲ ਨਹੀਂ ਪੜ੍ਹਾ ਰਹੇ, ਜਿਸ ਕਾਰਨ ਪਿੰਡ ਦੇ ਕਈ ਬੱਚੇ ਸਕੂਲ ਛੱਡ ਚੁੱਕੇ ਹਨ। ਸਕੂਲ ਦੀ ਅਣਗਹਿਲੀ ਕਾਰਨ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਸਿਰਫ਼ 30 ਬੱਚੇ ਹੀ ਰਹਿ ਗਏ ਹਨ।
ਇਸ ਕਾਰਨ ਉਨ੍ਹਾਂ ਨੂੰ ਅੱਜ ਸਕੂਲ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦੇਣਾ ਪਿਆ। ਇਸ ਦੌਰਾਨ ਪ੍ਰਿੰਸੀਪਲ ਨਵਨੀਤ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਲਗਾਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਬਿਮਾਰੀ ਕਾਰਨ ਪਿਛਲੇ ਇਕ ਮਹੀਨੇ ਤੋਂ ਛੁੱਟੀ 'ਤੇ ਸੀ। ਉਨ੍ਹਾਂ ਪਿੰਡ ਦੇ ਸਾਬਕਾ ਸਰਪੰਚ ਦੇ ਪਰਿਵਾਰ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦਾ ਪਰਿਵਾਰ ਵਾਰ-ਵਾਰ ਸਰਪੰਚ ਨੂੰ ਮਿਲਣ ਲਈ ਦਬਾਅ ਪਾ ਰਿਹਾ, ਜਦੋਂ ਉਸ ਦੀ ਗੱਲ ਨਾ ਮੰਨੀ ਤਾਂ ਉਸ ਨੂੰ ਬਦਨਾਮ ਕਰਨ ਲਈ ਇਹ ਸਾਰੀ ਸਾਜ਼ਿਸ਼ ਰਚੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਧਰਨਾ ਲਗਾਉਣ ਵਾਲਿਆਂ ਦੇ ਬੱਚੇ ਇਸ ਸਕੂਲ ਵਿੱਚ ਨਹੀਂ ਪੜ੍ਹਦੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨਾਲ ਕਿਸੇ ਕਿਸਮ ਦੀ ਘਟਨਾ ਵਾਪਰਦੀ ਹੈ ਤਾਂ ਪਿੰਡ ਵਾਸੀ ਜ਼ਿੰਮੇਵਾਰ ਹੋਣਗੇ। ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਸਕੂਲ ਦੇ ਅੰਦਰ ਪਿੰਡ ਵਾਲੇ ਦਾਖਲ ਹੋ ਗਏ ਹਨ।
ਜਦੋਂ ਇੱਥੇ ਆਇਆ ਤੇ ਬੱਚੇ ਸਾਰੇ ਬਾਹਰ ਸਨ ਦੇ ਪਿੰਡ ਵਾਲੇ ਸਾਰੇ ਸਕੂਲ ਅੰਦਰ ਸਨ ਅਤੇ ਇਹ ਸਰਾਸਰ ਗਲਤ ਹੈ। ਜੇਕਰ ਇਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਆਪਣੇ ਪਿੰਡ ਦੇ ਸਰਪੰਚ ਨੂੰ ਦੇਣ ਜਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣ। ਇਸ ਸਕੂਲ ਦੇ ਅੰਦਰ ਵੜ ਕੇ ਜੇਕਰ ਪਿੰਡ ਵਾਲੇ ਧਰਨੇ ਪ੍ਰਦਰਸ਼ਨ ਕਰਨਗੇ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਮਿੱਡ ਦੇ ਮੀਲ ਠੀਕ ਨਹੀਂ ਬਣ ਰਿਹਾ ਤੇ ਉਸ ਦੇ ਬਾਰੇ ਪਿੰਡ ਦੇ ਸਰਪੰਚ ਜਾਂ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਇਸ ਤਰ੍ਹਾਂ ਸਕੂਲ ਅੰਦਰ ਦਾਖਲ ਹੋ ਕੇ ਧਰਨਾ ਲਗਾਉਣਾ ਗਲਤ ਗੱਲ ਹੈ।