ਨਵਜੋਤ ਸਿੱਧੂ ਨੂੰ ਗੁੱਸਾ ਕਿਉਂ ਆਉਂਦਾ ਹੈ? ਪੜ੍ਹੋ ਉਹ ਘਟਨਾਵਾਂ ਜਦੋਂ ਗੁੱਸੇ ਵਿਚ ਸਿੱਧੂ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ
Advertisement

ਨਵਜੋਤ ਸਿੱਧੂ ਨੂੰ ਗੁੱਸਾ ਕਿਉਂ ਆਉਂਦਾ ਹੈ? ਪੜ੍ਹੋ ਉਹ ਘਟਨਾਵਾਂ ਜਦੋਂ ਗੁੱਸੇ ਵਿਚ ਸਿੱਧੂ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ

ਆਪਣੇ ਗੁੱਸੇ ਕਾਰਨ ਕਈ ਵਾਰ ਚਰਚਾਵਾਂ ਵਿੱਚ ਰਹੇ ਤੇ ਕ੍ਰਿਕਟ ਦੇ ਮੈਦਾਨ ਤੋਂ ਲੈਕੇ ਸਿਆਸਤ ਤੱਕ ਆਪਣਾ ਗੁੱਸਾ ਦਿਖਾਉਂਦੇ ਆਏ। ਅੱਜ ਅਸੀਂ ਉਨਾਂ ਘਟਨਾਵਾਂ ਦਾ ਜਿਕਰ ਕਰ ਰਹੇ ਹਾਂ ਜਦੋਂ ਨਵਜੋਤ ਸਿੱਧੂ ਦਾ ਗੁੱਸਾ ਚਰਚਾ ਦਾ ਵਿਸ਼ਾ ਬਣਿਆ।

 

ਨਵਜੋਤ ਸਿੱਧੂ ਨੂੰ ਗੁੱਸਾ ਕਿਉਂ ਆਉਂਦਾ ਹੈ? ਪੜ੍ਹੋ ਉਹ ਘਟਨਾਵਾਂ ਜਦੋਂ  ਗੁੱਸੇ ਵਿਚ ਸਿੱਧੂ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ

ਗੁਰਪ੍ਰੀਤ ਸਿੰਘ/ਚੰਡੀਗੜ੍ਹ:1980 ਦੇ ਵਿੱਚ ਇੱਕ ਫਿਲਮ ਆਈ ਸੀ। ਨਾਮ ਸੀ ‘ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ’। ਫਿਲਮ ਦੀ ਕਹਾਣੀ ਇੱਕ ਮਕੈਨਿਕ ਦੀ ਹੈ, ਜੋ ਅਕਸਰ ਗੁੱਸੇ ਵਿੱਚ ਰਹਿੰਦਾ ਹੈ। ਪਿੰਟੋ ਅਮੀਰਾਂ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ ਤੇ ਆਪਣੇ ਸਾਥੀ ਮਕੈਨਿਕਾਂ ਤੋਂ ਗੁੱਸੇ ਵਿੱਚ ਰਹਿੰਦਾ ਹੈ। ਪਿੰਟੋ ਇਸ ਭਰਮ ਵਿੱਚ ਹੈ ਕਿ ਉਹ ਬਹੁਤ ਮਿਹਨਤੀ ਹੈ ਤੇ ਉਸਦੇ ਸਾਥੀ ਮਕੈਨਿਕ ਕੰਮ ਚੋਰੀ ਕਰਦੇ ਹਨ। ਪਿੰਟੋ ਇੱਕ ਸਫ਼ਲ ਵਿਅਕਤੀ ਬਣਨਾ ਚਾਹੁੰਦਾ ਹੈ। ਪਰ ਉਸਦੀ ਬਾਕੀਆਂ ਬਾਰੇ ਨੁਕਤਾਚੀਨੀ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਉਹ ਹਮੇਸ਼ਾ ਆਪਣੇ ਸਾਥੀ ਮੁਲਾਜ਼ਮਾਂ ਨੂੰ ਦੋਸ਼ ਦਿੰਦਾ ਹੈ। ਇਸ ਫਿਲਮ ਨੇ ਅਲਬਰਟ ਪਿੰਟੋ ਦਾ ਗੁੱਸਾ ਮਸ਼ਹੂਰ ਕੀਤਾ ਤੇ ਇਹ ਨਾਮ ਗੁੱਸੇ ਦੇ ਵਿਸ਼ੇਸ਼ਣ ਦੇ ਵਜੋਂ ਵਰਤਿਆ ਜਾਣ ਲੱਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਕਈ ਵਾਰੀ ਅਲਬਰਟ ਪਿੰਟੋ ਵਾਲੇ ਕਿਰਦਾਰ ਵਿੱਚ ਨਜ਼ਰ ਆਏ ਹਨ। ਉਹ ਆਪਣੇ ਗੁੱਸੇ ਕਾਰਨ ਕਈ ਵਾਰ ਚਰਚਾਵਾਂ ਵਿੱਚ ਰਹੇ ਤੇ ਕ੍ਰਿਕਟ ਦੇ ਮੈਦਾਨ ਤੋਂ ਲੈਕੇ ਸਿਆਸਤ ਤੱਕ ਆਪਣਾ ਗੁੱਸਾ ਦਿਖਾਉਂਦੇ ਆਏ। ਅੱਜ ਨਵਜੋਤ ਸਿੱਧੂ ਦੇ ਖਿਲਾਫ ਉਸ ਮਾਮਲੇ ਦੀ ਸੁਣਵਾਈ ਫਿਰ ਸ਼ੁਰੂ ਹੋ ਗਈ ਹੈ ਜਦੋਂ ਪਾਰਕਿੰਗ ਦੇ ਝਗੜੇ ਵਿੱਚ ਗੁਰਨਾਮ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਅੱਜ ਅਸੀਂ ਉਨਾਂ ਘਟਨਾਵਾਂ ਦਾ ਜਿਕਰ ਕਰ ਰਹੇ ਹਾਂ ਜਦੋਂ ਨਵਜੋਤ ਸਿੱਧੂ ਦਾ ਗੁੱਸਾ ਚਰਚਾ ਦਾ ਵਿਸ਼ਾ ਬਣਿਆ।

 

ਸਿੱਧੂ ਦਾ ਇੱਕ ਬਜੁਰਗ ਨਾਲ ਝਗੜਾ
 

ਇਹ ਮਾਮਲਾ 1988 ਦਾ ਹੈ। ਪਟਿਆਲਾ ਵਿੱਚ ਨਵਜੋਤ ਸਿੱਧੂ ਤੇ ਉਹਨਾਂ ਦੇ ਇੱਕ ਸਾਥੀ ਰੁਪਿੰਦਰ ਸਿੰਘ ਸ਼ੇਰਾਂਵਾਲਾ ਗੋਟ ਕੋਲ ਆਪਣੀ ਜਿਪਸੀ ਵਿੱਚ ਖੜੇ ਸਨ। ਇਸੇ ਦੌਰਾਨ ਗੁਰਨਾਮ ਸਿੰਘ ਨਾਂ ਦੇ ਇੱਕ 65 ਸਾਲਾ , ਜੋ ਮਾਰੂਤੀ ਕਾਰ ਵਿੱਚ ਸਵਾਰ ਸਨ , ਉਹਨਾਂ ਨੇ ਸਿੱਧੂ ਤੋਂ ਰਾਸਤਾ ਮੰਗਿਆ। ਦੋਹਾਂ ਧਿਰਾਂ ਵਿੱਚ ਜੁਬਾਨੀ ਜੰਗ ਹੋਈ ਜੋ ਲੜਾਈ ਵਿੱਚ ਤਬਦੀਲ ਹੋ ਗਈ।ਇਲਜਾਮ ਹਨ ਕਿ ਨਵਜੋਤ ਸਿੱਧੂ ਨੇ ਉਸ ਬਜੁਰਗ ਨਾਲ ਹੱਥਾ ਪਾਈ ਕੀਤੀ। ਗੁਰਨਾਮ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਿੱਧੂ ਨੇ ਗੁਰਨਾਮ ਸਿੰਘ ਦੇ ਕਈ ਮੁੱਕੇ ਮਾਰੇ ਤੇ ਮੌਕਾ ਵਾਰਦਾਤ ਤੋਂ ਫਰਾਰ ਹੋ ਗਏ। ਗੁਰਨਾਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ , ਜਿੱਥੇ ਉਹਨਾਂ ਦੀ ਮੌਤ ਹੋ ਗਈ।ਇਹ ਮਾਮਲਾ ਅਜੇ ਵੀ ਸਿੱਧੂ ਦਾ ਪਿੱਛਾ ਕਰ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਸੁਪਰੀਮ ਕੋਰਟ ਇੱਕ ਰਿਵਿਊ ਪਟੀਸ਼ਨ ਤੇ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ।  

ਕਪਤਾਨਾਂ ਨਾਲ ਰਿਹਾ ਕਲੇਸ਼
 

ਕ੍ਰਿਕਟ ਦੇ ਮੈਦਾਨ ਦੀ ਗੱਲ ਹੋਵੇ ਜਾਂ ਸਿਆਸੀ ਪਿਚ ਦੀ। ਨਵਜੋਤ ਸਿੱਧੂ ਹਮੇਸ਼ਾ ਆਪਣੇ ਗੁੱਸੇ ਕਰਕੇ ਅਚਾਨਕ ਫੈਸਲੇ ਲੈਂਦੇ ਰਹੇ। ਉਹਨਾਂ ਦੇ ਇਹ ਫੈਸਲੇ ਜਿਆਦਾਤਰ ਕਪਤਾਨਾਂ ਦੇ ਖਿਲਾਫ ਹੀ ਰਹੇ। ਗੱਲ 1996 ਦੀ ਹੈ ਜਦੋਂ ਨਵਜੋਤ ਸਿੰਘ ਸਿੱਧੂ ਇੰਗਲੈਂਡ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਸਨ। ਟੀਮ ਦੀ ਕਪਤਾਨੀ ਮੁਹੰਮਦ ਅਜਰੂਦੀਨ ਦੇ ਹੱਥ ਵਿੱਚ ਸੀ। ਸਿੱਧੂ ਅਜ਼ਹਰ ਨਾਲ ਨਾਰਾਜ਼ ਹੋਕੇ ਬਿਨਾਂ ਕਿਸੇ ਨੂੰ ਦੱਸੇ ਵਾਪਸ ਆ ਗਏ।ਚਰਚਾ ਹੋਈ ਕਿ ਸਿੱਧੂ ਆਪਣਾ ਬੈਟਿੰਗ ਆਰਡਰ ਬਦਲਣ ਕਰਕੇ ਖਫਾ ਹੋ ਗਏ ਤੇ ਦੌਰਾ ਵਿੱਚੇ ਛੱਡ ਆਏ। ਬੀਸੀਸੀਆਈ ਨੇ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਜਿਸ ਸਾਹਮਣੇ ਸਿੱਧੂ ਨੇ ਦੱਸਿਆ ਕਿ ਅਜ਼ਹਰ ਉਹਨਾਂ ਨਾਲ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਸਨ ਜਦੋਂ ਬੀਸੀਸੀਆਈ ਨੇ ਅੱਗੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਸਿੱਧੂ ਦਰਅਸਲ ਅਜ਼ਹਰ ਦੇ ਹੈਦਰਾਬਾਦੀ ਲਹਿਜੇ ਨੂੰ ਗਾਲ ਸਮਝ ਬੈਠੇ। ਪਰ ਇੱਥੇ ਵੀ ਸਿੱਧੂ ਦੀ ਕਾਹਲ ਤੇ ਗੁੱਸਾ ਹੀ ਪੂਰੀ ਘਟਨਾ ਦਾ ਕਾਰਨ ਲੱਗਿਆ। 

 

ਕ੍ਰਿਕਟਰ ਮਨੋਜ ਪ੍ਰਭਾਕਰ ਨੂੰ ਜੜਿਆ ਥੱਪੜ
 

ਇਹ ਘਟਨਾ ਭਾਰਤੀ ਟੀਮ ਦੇ ਹੋਟਲ ਵਿੱਚ ਵਾਪਰੀ। ਦਰਅਸਲ ਸਿੱਧੂ, ਕਪਿਲ ਦੇਵ, ਅਜ਼ਹਰ ਤੇ ਮੋਨਜ ਪ੍ਰਭਾਕਰ ਇਕੱਠੇ ਫਿਲਮ ਦੇਖ ਰਹੇ ਸਨ। ਉਸੇ ਦੌਰਾਨ ਰਸਗੁੱਲੇ ਖਾਣ ਨੂੰ ਲੈਕੇ ਸਿੱਧੂ ਪ੍ਰਭਾਕਰ ਨਾਲ ਭਿੜ ਗਏ ਤੇ ਉਹਨਾਂ ਦੇ ਥੱਪੜ ਮਾਰ ਦਿੱਤਾ। 

 

ਪਾਕਿਸਤਾਨੀ ਕ੍ਰਿਕਟਰ ਆਮਿਰ ਸੋਹੇਲ ਨੂੰ ਕੁੱਟਣ ਦੀ ਧਮਕੀ
 

ਇਹ ਘਟਨਾ 15 ਅਪ੍ਰੈਲ 1996 ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਵਾਪਰੀ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਫਸਵੀਂ ਟੱਕਰ ਸੀ। ਇਸੇ ਦੌਰਾਨ ਪਾਕਿਸਤਾਨੀ ਗੇਂਦਬਾਜ਼ ਵਕਾਰ ਯੂਨਿਸ ਨੇ ਬੱਲੇਬਾਜੀ ਕਰ ਰਹੇ ਸਿੱਧੂ ਨੂੰ ਕੁਝ ਕਿਹਾ। ਸਲਿਪ ਤੇ ਫੀਲਡਿੰਗ ਕਰ ਰਹੇ ਆਮਿਰ ਸੋਹੇਲ ਨੇ ਸਿੱਧੂ ਨੂੰ ਓਏ ਸਰਦਾਰ ਕਹਿ ਸੰਬੋਧਨ ਕੀਤਾ ਤਾਂ ਸਿੱਧੂ ਗੁੱਸੇ ਵਿੱਚ ਬੱਲਾ ਲੈਕੇ ਸੋਹੇਲ ਦੇ ਪਿੱਛੇ ਪੈ ਗਏ। ਸਾਥੀ ਖਿਡਾਰੀਆਂ ਨੇ ਵਿੱਚ ਬਚਾਅ ਕੀਤਾ।

 

 

ਜੇਤਲੀ ਨੂੰ ਗੁਰੂ ਦੱਸਿਆ, ਫਿਰ ਨਾਰਾਜ਼ ਹੋਏ
 

ਨਵਜੋਤ ਸਿੱਧੂ ਮਰਹੂਮ ਭਾਜਪਾ ਆਗੂ ਅਰੁਣ ਜੇਤਲੀ ਨੂੰ ਆਪਣਾ ਸਿਆਸੀ ਗੁਰੂ ਦੱਸਦੇ ਹਨ। ਪਰ ਜਦੋਂ 2014 ਵਿੱਚ ਸਿੱਧੂ ਦੂ ਸੀਟ ਤੋਂ ਉਹਨਾਂ ਦੇ ਗੁਰੂ ਅਰੁਣ ਜੇਤਲੀ ਨੂੰ ਉਤਾਰਿਆ ਗਿਆ ਤਾਂ ਸਿੱਧੂ ਨਾਰਾਜ਼ ਹੋ ਗਏ। 2016 ਆਉਂਦੇ ਆਉਂਦੇ ਸਿੱਧੂ ਦੂ ਭਾਜਪਾ ਨਾਲ ਨਾਰਾਜ਼ਗੀ ਏਨੀ ਵਧੀ ਕਿ ਉਹਨਾਂ ਨੇ ਅਚਾਨਕ ਰਾਜ ਸਭਾ ਮੈਂਬਰਸ਼ਿਪ ਛੱਡ ਦਿੱਤੀ। 

 

WATCH LIVE TV 

 

 

 

ਸਿੱਧੂ ਦਾ ਕੈਪਟਨ ਕੈਬਨਿਟ ਤੋਂ ਅਸਤੀਫਾ
 

2017 ਵਿੱਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਸਿੱਧੂ ਕੈਬਨਿਟ ਮੰਤਰੀ ਬਣੇ। ਕੈਪਟਨ ਨੂੰ ਆਪਣਾ ਬਜੁਰਗ ਦੱਸਣ ਵਾਲੇ ਸਿੱਧੂ ਜਲਦੀ ਹੀ ਕੈਪਟਨ ਦੇ ਖਿਲਾਫ ਹੋ ਗਏ। ਅੰਮ੍ਰਿਤਸਰ ਦੇ ਮੇਅਰ ਦੀ ਚੋਣ ਨੂੰ ਲੈਕੇ ਸਿੱਧੂ ਨੇ ਕੈਪਟਨ ਖਿਲਾਫ ਮੋਰਚਾ ਖੋਲ ਦਿੱਤਾ। 2019 ਲੋਕ ਸਭਾ ਚੋਣਾਂ ਤੋਂ ਬਾਅਦ ਕੈਪਟਨ ਨੇ ਸਿੱਧੂ ਦਾ ਵਿਭਾਗ ਬਦਲ ਦਿੱਤਾ। ਇਸ ਗੱਲ ਤੋਂ ਸਿੱਧੂ ਨੂੰ ਇੰਨਾ ਗੁੱਸਾ ਆਇਆ ਕਿ ਉਹਨਾਂ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ।

 

ਪ੍ਰਧਾਨ ਬਣੇ ਤੇ ਅਸਤੀਫਾ ਟਵੀਟ ਕੀਤਾ
 

2019 ਲੋਕ ਸਭਾ ਚੋਣਾਂ ਦੌਰਾਨ ਤੋਂ ਉਸ ਤੋਂ ਬਾਦ ਸਿੱਧੂ ਕਾਂਗਰਸ ਦਾ ਪ੍ਰਚਾਰ ਕਰਨ ਤੋਂ ਪਾਸਾ ਵੱਟਣ ਲੱਗੇ। ਲੰਬੇ ਸਿਆਸੀ ਘਮਾਸਾਣ ਤੋਂ ਬਾਦ ਨਵਜੋਤ ਸਿੱਧੂ ਨੂੰ ਪਾਰਟੀ ਦਾ ਪੰਜਾਬ ਪ੍ਰਧਾਨ ਥਾਪ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਇਸਦਾ ਠੋਕਵਾਂ ਵਿਰੋਧ ਕੀਤਾ ਪਰ ਕਾਂਗਰਸ ਹਾਈ ਕਮਾਨ ਨੇ ਕੈਪਟਨ ਦੇ ਵਿਰੋਧ ਨੂੰ ਗੰਭੀਰਤਾ ਨਾਲ ਨਾ ਲਿਆ। ਕੈਪਟਨ ਨੇ ਕਿਹਾ ਕਿ ਸਿੱਧੂ ਅਸਥਿਰ ਵਿਅਕਤੀ ਹਨ। ਦੋਵਾਂ ਵਿਚਕਾਰ ਮੀਡੀਆ ਦੇ ਜ਼ਰੀਏ ਬਿਆਨਬਾਜੀ ਹੁੰਦੀ ਰਹੀ। ਸਿੱਧੂ ਨੇ ਕੈਪਟਨ ਦੇ ਖਿਲਾਫ ਪੰਜਾਬ ਕਾਂਗਰਸ  ਵਿੱਚ ਮੁਹਿੰਮ ਖੜ੍ਹੀ ਕਰ ਦਿੱਤੀ ਤੇ ਕੈਪਟਨ ਨੂੰ ਅਸਤੀਫਾ ਦੇਣਾ ਪਿਆ। ਪਰ ਇੱਕ ਦਿਨ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਸਿੱਧੂ ਨੇ ਅਚਾਨਕ ਟਵਿੱਟਰ ਤੇ ਪ੍ਰਧਾਨਗੀ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ। ਸਿਆਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਇਸ ਵਾਰ ਸੰਗਠਨ ਵਿੱਚ ਤੇ ਸਰਕਾਰ ਵਿੱਚ ਆਪਣੀ ਮਰਜੀ ਦੇ ਕੰਮ ਨਾ ਹੋਣ ਕਾਰਨ ਗੁੱਸੇ ਹੋ ਗਏ।

ਇਹ ਕੁਝ ਘਟਨਾਵਾਂ ਹਨ ਜੋ ਸਿੱਧੂ ਦੇ ਗੁੱਸੇ ਵਾਲੇ ਸੁਭਾਅ ਨੂੰ ਸਾਬਿਤ ਕਰਦੀਆਂ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਸਿੱਧੂ ਦੇ ਵਿਅਕਤੀਤਵ ਵਿੱਚ ਬਦਲਾਅ ਆਏ ਹਨ ਪਰ ਅਜੇ ਵੀ ਕਈ ਥਾਈਂ ਗੁੱਸਾ ਦਿਖਾ ਹੀ ਜਾਂਦੇ ਹਨ।

 

Trending news