ਬੇਅਦਬੀ ਜਾਂਚ ਦਾ ਨਤੀਜਾ 2 ਮਹੀਨੇ 'ਚ ਨਹੀਂ ਆਇਆ ਤਾਂ ਲੱਗੇਗਾ ਮੁੜ ਮੋਰਚਾ : ਜਥੇਦਾਰ ਮੰਡ

ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤੀ ਪ੍ਰੈਸ ਕਾਨਫਰੰਸ 

 ਬੇਅਦਬੀ ਜਾਂਚ ਦਾ ਨਤੀਜਾ 2 ਮਹੀਨੇ 'ਚ ਨਹੀਂ ਆਇਆ ਤਾਂ ਲੱਗੇਗਾ ਮੁੜ ਮੋਰਚਾ : ਜਥੇਦਾਰ ਮੰਡ
ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤੀ ਪ੍ਰੈਸ ਕਾਨਫਰੰਸ (FILE PHOTO)

ਦੇਵਾਨੰਦ ਸ਼ਰਮਾ/ਫ਼ਰੀਦਕੋਟ : ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਬੇਅਦਬੀ ਅਤੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਦੇ ਲਈ ਪੰਜਾਬ ਸਰਕਾਰ ਨੂੰ 2 ਮਹੀਨੇ ਦਾ ਅਲਟੀਮੇਟਮ ਜਾਰੀ ਕੀਤਾ ਹੈ,ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਜਾਂਚ ਦਾ 2 ਮਹੀਨਿਆਂ ਦੇ ਅੰਦਰ ਨਤੀਜਾ ਨਹੀਂ ਆਇਆ ਤਾਂ ਉਹ ਮੁੜ ਤੋਂ ਬਰਗਾੜੀ ਵਿੱਚ ਮੋਰਚਾ ਲਗਾਉਣਗੇ, ਇਸ ਤੋਂ ਪਹਿਲਾਂ ਮੁਤਵਾਜ਼ੀ ਜਥੇਦਾਰਾਂ ਵੱਲੋਂ 1 ਜੂਨ 2018 ਨੂੰ ਮੋਰਚਾ ਲਗਾਇਆ ਗਿਆ ਸੀ ਜਦਕਿ  ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਭਰੋਸੇ ਤੋਂ ਬਾਅਦ 9 ਦਸੰਬਰ 2018 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ  ਜਥੇਦਾਰ ਧਿਆਨ ਸਿੰਘ ਮੰਡ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਸੀ,ਬਰਗਾੜੀ ਦੇ ਇਕੱਠ ਨੂੰ ਸੰਬੋਧਨ ਕਰ ਦੇ ਹੋਏ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਰਗਾੜੀ ਬੇਅਦਬੀ ਅਤੇ ਬਹਿਬਲਕਲਾਂ ਗੋਲੀਕਾਂਡ ਦੇ ਕਿਸੇ ਵੀ ਮੁਲਜ਼ਮ ਨੂੰ ਨਹੀਂ ਛੱਡਣਗੇ,ਹਾਲਾਂਕਿ ਮੋਰਚਾ ਖ਼ਤਮ ਕਰਨ ਦੇ ਫ਼ੈਸਲੇ ਨੂੰ ਲੈਕੇ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਧਿਆਨ ਸਿੰਘ ਮੰਡ ਵਿਚਾਲੇ ਮਤਭੇਦ ਖ਼ੁਲ ਕੇ ਸਾਹਮਣੇ ਆ ਗਏ ਸਨ, ਦਾਦੂਵਾਲ ਮੋਰਚਾ ਖ਼ਤਮ ਕਰਨ ਦੇ ਖ਼ਿਲਾਫ਼ ਸਨ

ਬੇਅਦਬੀ ਮਾਮਲੇ ਵਿੱਚ ਵੱਡੀ ਗਿਰਫ਼ਤਾਰੀਆਂ 

2015 ਵਿੱਚ ਹੋਏ ਬੇਅਦਬੀ ਮਾਮਲੇ ਵਿੱਚ 5 ਸਾਲ ਬਾਅਦ SIT ਨੇ ਸ਼ੁੱਕਰਵਾਰ ਨੂੰ ਵੱਡੀਆਂ ਗਿਰਫ਼ਤਾਰੀਆਂ ਕੀਤੀਆਂ ਸਨ, DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਬਣੀ SIT ਦੀ ਟੀਮ ਨੇ 7 ਲੋਕਾਂ ਨੂੰ ਗਿਰਫ਼ਤਾਰ ਕੀਤਾ ਸੀ, ਜਿੰਨਾਂ ਵਿੱਚੋਂ 2 ਨੇ ਪਹਿਲਾਂ ਹੀ ਅਗਾਊ ਜ਼ਮਾਨਤ ਲਈ ਸੀ ਇਸ ਲਈ ਉਨ੍ਹਾਂ ਨੂੰ ਪੁਲਿਸ ਨੇ ਛੱਡ ਦਿੱਤਾ ਗਿਆ ਸੀ, ਇੰਨਾ ਸਭ ਦੀ  ਗਿਰਫ਼ਤਾਰੀ ਬਰਗਾੜੀ ਬੇਅਦਬੀ ਕਾਂਡ ਨਾਲ ਜੁੜੀ ਤਿੰਨ FIR ਵਿਚੋਂ ਪਹਿਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਰ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਹੋਈ ਸੀ, ਮੁਲਜ਼ਮਾਂ ਦੀ ਪਛਾਣ ਫ਼ਰੀਦਕੋਟ ਜ਼ਿਲ੍ਹੇ ਦੇ ਸੁਖਵਿੰਦਰ ਸਿੰਘ ਉਰਫ਼   ਸੰਨੀ,ਨੀਲਾ,ਰਣਜੀਤ,ਭੋਲਾ,ਨਿਸ਼ਾਨ,ਬਲਜੀਤ ਅਤੇ ਨਰੇਂਦਰ ਦੇ ਰੂਪ ਵਿੱਚ ਹੋਈ ਸੀ, 
ਬਰਗਾੜੀ ਕਾਂਡ ਨਾਲ ਜੁੜੀ ਤਿੰਨ ਘਟਨਾਵਾਂ ਦੀ ਜਾਂਚ ਤਤਕਾਲੀ ਅਕਾਲੀ-ਬੀਜੇਪੀ ਸਰਕਾਰ ਨੇ CBI ਦੇ ਹਵਾਲੇ ਕਰ ਦਿੱਤੀ ਸੀ ਪਰ ਲੰਮੀ ਪੜਤਾਲ ਦੇ ਬਾਵਜੂਦ CBI ਨੂੰ ਇਸ ਘਟਨਾ ਦਾ ਕੋਈ ਸੁਰਾਗ ਨਹੀਂ ਮਿਲਿਆ,ਹਾਲਾਂਕਿ 2018 ਵਿੱਚ DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਨੇ ਸੂਬੇ ਦੇ ਕੁੱਝ ਹੋਰ ਬੇਅਦਬੀ ਮਾਮਲਿਆਂ ਦੀ ਜਾਂਚ ਦੌਰਾਨ ਦਾਅਵਾ ਕੀਤਾ ਸੀ ਕਿ ਬਰਗਾੜੀ ਬੇਅਦਬੀ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਅੰਜਾਮ ਦਿੱਤਾ ਹੈ ਅਤੇ SIT ਨੇ  10 ਡੇਰਾ ਸੱਚਾ ਸੌਦਾ ਦੇ ਮੈਂਬਰਾਂ ਖ਼ਿਲਾਫ਼ ਜਾਂਚ  CBI ਨੂੰ ਸੌਂਪੀ ਸੀ ਪਰ ਇਸ ਦੇ ਬਾਵਜੂਦ CBI ਨੇ ਆਪਣੀ ਪੜਤਾਲ ਵਿੱਚ  ਇੰਨਾ ਸਾਰਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ,  CBI ਨੇ ਇਸ ਕੇਸ ਵਿੱਚ ਕਲੋਜ਼ਰ ਰਿਪੋਰਟ ਤੱਕ ਪੇਸ਼ ਕਰ ਦਿੱਤੀ ਸੀ ਇਸ ਦੇ ਬਾਅਦ ਸਵਾਲ ਉੱਠਣ ਤੋਂ ਬਾਅਦ ਪੰਜਾਬ ਸਰਕਾਰ ਨੇ ਬਰਗਾੜੀ ਬੇਅਦਬੀ ਕਾਂਡ ਮਾਮਲੇ ਦੀ ਜਾਂਚ CBI ਤੋਂ ਵਾਪਸ ਲੈਣ ਦਾ ਐਲਾਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ  ਹੁਣ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ,ਜਲੰਧਰ ਰੇਂਜ ਦੇ DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਨੇ ਇੱਕ ਵੱਡੀ ਕਾਰਵਾਹੀ ਕਰਦੇ ਹੋਏ 7 ਡੇਰਾ ਪ੍ਰੇਮਿਆਂ ਨੂੰ ਗਿਰਫ਼ਤਾਰ ਕੀਤਾ ਹੈ,ਸ਼ਿਨਾਖ਼ਤ ਕੀਤੇ ਗਏ  10 ਡੇਰਾ ਪ੍ਰੇਮਿਆਂ ਵਿੱਚ ਮੁੱਖ ਮੁਲਜ਼ਮ ਬਣਾਏ ਗਏ  45 ਮੈਂਬਰੀ ਕਮੇਟੀ ਦੇ ਮੈਂਬਰ ਮੋਹਿੰਦਰ ਪਾਲ ਸਿੰਘ ਬਿੱਟੂ ਦਾ ਪਿਛਲੇ ਸਾਲ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ

ਬੇਅਦਬੀ ਮਾਮਲੇ 'ਚ ਇਹ ਤਿੰਨ FIR ਦਰਜ ਹੋਇਆ ਸੀ

ਬਰਗਾੜੀ ਕਾਂਡ ਵਿੱਚ 3 FIR ਦਰਜ ਹੋਇਆ ਸੀ, ਜਿਸ ਵਿੱਚ ਸਭ ਤੋਂ ਪਹਿਲਾਂ 1 ਜੂਨ 2015 ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਪਾਵਨ ਗ੍ਰੰਥ ਚੋਰੀ ਕਰਨ ਦਾ ਮਾਮਲਾ ਸੀ, 24-25 ਸਤੰਬਰ ਦੀ ਰਾਤ ਗੁਰਦੁਆਰਾ ਸਾਹਿਬ ਦੇ ਅੱਗੇ ਅਪਸ਼ਬਦ ਪੋਸਟਰ ਲਗਾਉਣ ਦਾ ਮਾਮਲਾ ਅਤੇ 12 ਅਕਤੂਬਰ  2015 ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਮਾਮਲਾ 

ਜੂਨ ਵਿੱਚ ਗੋਲੀਕਾਂਡ ਵਿੱਚ ਤਿੰਨ ਅਹਿਮ  ਗਿਰਫ਼ਤਾਰੀ

ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਵਿੱਚ ਜੂਨ ਦੌਰਾਨ SIT ਨੇ ਤਿੰਨ ਦੀ  ਗਿਰਫ਼ਤਾਰੀ ਕੀਤੀ ਹੈ,ਕੋਟਕਪੂਰਾ ਦੇ ਤਤਕਾਲੀ SHO ਗੁਰਦੀਪ ਸਿੰਘ ਪੰਦੇਰ 'ਤੇ ਥਾਣੇ ਵਿੱਚ ਦਰਜ ਰਿਕਾਰਡ ਨਾਲ ਛੇੜਖ਼ਾਨੀ ਕਰਨ ਦੇ ਇਲਜ਼ਾਮ ਸਨ,ਤਤਕਾਲੀ SHO ਗੁਰਦੀਪ 'ਤੇ ਇਲਜ਼ਾਮ ਸੀ ਕਿ ਉਸ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ, ਪਹਿਲਾਂ SIT ਨੇ ਸੋਹੇਲ ਬਰਾੜ ਨੂੰ ਗਿਰਫ਼ਤਾਰ ਕੀਤਾ ਸੀ ਜੋ ਕਿ ਅਕਾਲੀ ਦਲ ਦੇ ਸਾਬਕਾ ਆਗੂ ਦਾ ਪੁੱਤਰ ਹੈ, ਜਦਕਿ ਦੂਜਾ ਮੁਲਜ਼ਮ ਪੰਕਜ ਬੰਸਲ ਨੂੰ ਵੀ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ,ਬੰਸਲ ਕਾਰ ਏਜੰਸੀ ਦਾ ਮਾਲਕ ਹੈ ਜਿਸ 'ਤੇ ਇਲਜ਼ਾਮ ਸੀ ਕਿ ਉਸ ਨੇ ਪੁਲਿਸ ਜਿਪਸੀ 'ਤੇ ਫ਼ੇਕ ਗੋਲੀਆਂ ਦੇ ਨਿਸ਼ਾਨ ਬਣਾਏ ਸਨ,ਇਹ ਜਿਪਸੀ ਮੋਗਾ ਦੇ SSP ਚਰਨਜੀਤ ਸ਼ਰਮਾ ਦੀ ਸੀ,ਇਹ ਇਸ ਲਈ ਕੀਤਾ ਗਿਆ ਸੀ ਤਾਕੀ ਬਹਿਬਲਕਲਾਂ ਗੋਲੀਕਾਂਡ ਵਿੱਚ ਪੁਲਿਸ ਇਹ ਵਿਖਾ ਸਕੇ ਸਿੱਖ ਸੰਗਤ 'ਤੇ ਗੋਲੀਆਂ ਪੁਲਿਸ ਨੇ ਆਪਣੇ ਬਚਾਅ ਲਈ ਚਲਾਈਆਂ ਸਨ 

ਹੁਣ ਤੱਕ ਇੰਨਾ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਫਾਈਲ

ਗੋਲੀਕਾਂਡ ਦੀ ਜਾਂਚ ਕਰ ਰਹੀ SIT ਹੁਣ ਤੱਕ 2000 ਪੇਜਾਂ ਦੀ ਚਾਰਜਸ਼ੀਟ ਸਾਬਕਾ ਅਕਾਲੀ ਦਲ ਦੇ ਵਿਧਾਇਕ ਅਤੇ 5 ਹੋਰ ਲੋਕਾਂ ਖ਼ਿਲਾਫ਼ ਫਾਈਲ ਕਰ ਚੁੱਕੀ ਹੈ, ਕੋਟਕਪੂਰਾ ਦੇ ਥਾਣੇ ਵਿੱਚ ਮੁਲਜ਼ਮਾਂ ਦੇ ਖ਼ਿਲਾਫ਼ 307 ਕਤਲ ਦੀ ਕੋਸ਼ਿਸ਼, 323 ਨੁਕਸਾਨ ਪਹੁੰਚਾਉਣ ਦੀ ਕੋਸ਼ਿਸ  ਅਤੇ IPC ਦੀ ਧਾਰਾ 341 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ,ਕੋਟਕਪੂਰਾ ਗੋਲੀਕਾਂਡ ਦੀ ਚਾਰਜਸ਼ੀਟ ਵਿੱਚ  ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ,IG ਪਰਮਰਾਜ ਸਿੰਘ ਉਮਰਾਨੰਗਲ,ਸਾਬਕਾ SSP ਚਰਨਜੀਤ ਸਿੰਘ ਸ਼ਰਮਾ,ADCP ਪਰਮਜੀਤ ਸਿੰਘ ਪੰਨੂ,DSP ਬਲਜੀਤ ਸਿੰਘ, SHO ਗੁਰਦੀਪ ਸਿੰਘ ਪੰਦੇਰ ਦਾ ਨਾਂ ਸ਼ਾਮਲ ਹੈ