ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂਅ ਸੰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 4 ਜੂਨ 1984 ਘੱਲੂਘਾਰੇ ਤੇ ਸਮੁੱਚੀ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਹੈ। 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂਅ ਸੰਦੇਸ਼

ਤਪਿਨ ਮਲਹੋਤਰਾ/ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਘੱਲੂਘਾਰੇ ਤੇ ਸਮੁੱਚੀ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਹੈ। 

ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੀ ਤੁਲਨਾ ਇਕ ਮੁਲਕ ਦੀ ਫ਼ੌਜ ਵੱਲੋਂ ਦੂਜੇ ਮੁਲਕ ’ਤੇ ਕੀਤੇ ਗਏ ਹਮਲੇ ਨਾਲ ਕੀਤੀ ਹੈ। 

ਉਨ੍ਹਾਂ ਆਖਿਆ ਕਿ ਇਸ ਘੱਲੂਘਾਰੇ ਦੀ ਪੀੜ ਅਸਹਿ ਤੇ ਅਕਹਿ ਹੈ ਅਤੇ ਇਹ ਨਾ ਭੁੱਲਣਯੋਗ ਹੈ। ਇਸ ਤੋਂ ਪਹਿਲਾਂ ਵੀ ਸਿੱਖ ਕੌਮ ਨੇ ਦੋ ਘੱਲੂਘਾਰੇ ਹੰਢਾਏ ਹਨ। ਜੂਨ 1984 ਨੂੰ ਉਸ ਵੇਲੇ ਦੀ ਭਾਰਤੀ ਹਕੂਮਤ ਨੇ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਅਤੇ ਸਿੱਖਾਂ ਦੀ ਆਜ਼ਾਦ ਪ੍ਰਭੂਸਤਾ ਦੇ ਪ੍ਰਤੀਕ ਅਕਾਲ ਤਖ਼ਤ ’ਤੇ ਫੌਜੀ ਹਮਲਾ ਕੀਤਾ। ਪਾਵਨ ਸਰੂਪ ’ਤੇ ਗੋਲੀ ਚਲਾਈ ਅਤੇ ਸ਼ਹੀਦੀ ਦਿਹਾੜਾ ਮਨਾਉਣ ਆਈ ਸੰਗਤ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਉਸ ਵੇਲੇ ਇਹ ਹਮਲਾ ਹੋਰ 37 ਗੁਰਧਾਮਾਂ ’ਤੇ ਵੀ ਕੀਤਾ ਗਿਆ। ਇਸ ਪੀੜਾ ਨੂੰ ਹਰ ਸਿੱਖ ਹਰ ਵਰ੍ਹੇ ਯਾਦ ਕਰਦਾ ਹੈ।  

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਘੱਲੂਘਾਰੇ ਦਿਵਸ ਨੂੰ ਸਾਨੂੰ ਕਦੀ ਵੀ ਅਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਨਹੀਂ ਕਹਿਣਾ ਚਾਹੀਦਾ ਅਤੇ ਇਸ ਨੂੰ ਸਿਰਫ਼ ਘੱਲੂਘਾਰਾ ਦਿਵਸ ਹੀ ਕਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਈ ਕਨੂੰਨ ਬਣਾਏ ਗਏ ਪਰ ਕੋਈ ਵਿਰੋਧਤਾ ਨਹੀ ਹੋਈ ਅਤੇ ਕਿਸੇ ਬਾਹਰੀ ਸੂਬੇ 'ਚ ਸਿੱਖ ਨੌਜਵਾਨ ਨਾਲ ਸ਼ਰਾਰਤੀ ਅਨਸਰਾਂ ਵਲੋਂ ਮਾਰਕੁੱਟ ਕੀਤੀ ਗਈ ਤਾਂ ਉਸ ਦੀ ਅਮਰੀਕਾ ਤੱਕ ਵੀ ਵਿਰੋਧਤਾ ਹੋਈ। ਜਿਸ ਨਾਲ ਪਤਾ ਚੱਲਦਾ ਹੈ ਕਿ ਸਿੱਖ ਕੌਮ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਨ।