ਹੁਣ ਘਿਉ ਅਤੇ ਦੁੱਧ ਦੇ ਟੈਂਡਰ 'ਤੇ SGPC ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ

 SGPC ਨੇ ਘਿਉ ਅਤੇ ਦੁੱਧ ਦਾ ਟੈਂਡਰ ਪੁਣੇ ਦੀ ਕੰਪਨੀ ਨੂੰ ਦਿੱਤਾ 

ਹੁਣ ਘਿਉ ਅਤੇ ਦੁੱਧ ਦੇ ਟੈਂਡਰ 'ਤੇ SGPC ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ
SGPC ਨੇ ਘਿਉ ਅਤੇ ਦੁੱਧ ਦਾ ਟੈਂਡਰ ਪੁਣੇ ਦੀ ਕੰਪਨੀ ਨੂੰ ਦਿੱਤਾ

ਚੰਡੀਗੜ੍ਹ : SGPC ਵੱਲੋਂ ਘਿਉ ਅਤੇ ਦੁੱਧ ਦੇ ਟੈਂਡਰ ਵੇਰਕਾ ਤੋਂ ਵਾਪਿਸ ਲੈਕੇ ਪੁਣੇ ਦੀ ਕੰਪਨੀ ਨੂੰ ਦੇਣ 'ਤੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਆ ਗਈ ਹੈ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ SGPC ਨੂੰ ਚਿੱਠੀ ਲਿਖ ਕੇ ਕਿਹਾ ਕਿ ਮੈਂ ਕਿਸਾਨਾਂ ਨੂੰ ਮਰਨ ਨਹੀਂ ਦੇਵਾਂਗਾ,ਉਨ੍ਹਾਂ ਕਿਹਾ ਕਿ ਉਹ ਕੁਆਲਿਟੀ ਨਾਲ ਸਮਝੌਤਾ ਨਹੀਂ ਕਰ ਸਕਦੇ ਨੇ,ਰੰਧਾਵਾ ਕਿਹਾ ਕਿ ਪੁਣੇ ਦੀ ਕੰਪਨੀ 315 ਰੁਪਏ ਕਿੱਲੋ ਦੇ ਹਿਸਾਬ ਨਾਲ ਘਿਉ ਦੇ ਰਹੀ ਪਰ ਅਸੀਂ 315 ਰੁਪਏ ਕਿੱਲੋ ਦੇ ਹਿਸਾਬ ਨਾਲ ਘਿਓ ਨਹੀਂ ਦੇ ਸਕਦੇ ਹਾਂ, ਕੈਬਨਿਟ ਮੰਤਰੀ ਮੁਤਾਬਿਕ ਪਿਛਲੇ ਸਾਲ 385 ਰੁਪਏ ਕਿੱਲੋ ਦੇ ਹਿਸਾਬ SGPC ਨੂੰ  ਘਿਉ ਦੇਣ ਨਾਲ ਵਿਭਾਗ ਨੂੰ   6 ਕਰੋੜ ਦਾ ਨੁਕਸਾਨ ਹੋਇਆ ਸੀ 

ਘਿਓ ਤੇ ਦੁੱਧ ਦੇ ਟੈਂਡਰ  'ਤੇ SGPC ਦਾ ਬਿਆਨ
 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ  ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਲਈ ਦੇਸੀ ਘਿਉ ਤੇ ਸੁੱਕੇ ਦੁੱਧ ਬਾਰੇ ਪੈਦਾ ਕੀਤਾ ਜਾ ਰਿਹਾ ਵਿਵਾਦ ਬੇਲੋੜਾ ਹੈ, ਜਿਸ ਦੁਆਰਾ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਇਹ ਬਿਆਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਵੱਲੋਂ ਦਿੱਤਾ ਗਿਆ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਖਰੀਦ ਲਈ ਅਖ਼ਬਾਰਾਂ ਵਿਚ ਬਕਾਇਦਾ ਇਸ਼ਤਿਹਾਰ ਦੇ ਕੇ ਟੈਂਡਰਾਂ ਦੀ ਮੰਗ ਕਰਦੀ ਹੈ, ਉਪਰੰਤ ਸਬੰਧਤ ਫਰਮਾਂ ਨੂੰ ਬੁਲਾ ਕੇ  ਨੀਯਤ ਸਬ-ਕਮੇਟੀ ਗੱਲਬਾਤ ਕਰਦੀ ਹੈ ਅਤੇ ਮੰਗ ਮੁਤਾਬਿਕ ਐੱਗਮਾਰਕ ਪੈਮਾਨੇ ਅਨੁਸਾਰ ਘੱਟ ਰੇਟ ਵਾਲੀ ਫਰਮ ਦਾ ਟੈਂਡਰ ਪ੍ਰਵਾਨ ਕੀਤਾ ਜਾਂਦਾ ਹੈ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮਹੀਨੇ ਭਾਵ 1 ਜੁਲਾਈ 2020 ਤੋਂ 30 ਸਤੰਬਰ 2020 ਤੱਕ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਮੂਹ ਗੁਰਦੁਆਰਾ ਸਾਹਿਬਾਨ ਲਈ ਦੇਸੀ ਘਿਉ ਤੇ ਸੁੱਕਾ ਦੁੱਧ ਦੇ 26 ਜੂਨ 2020 ਨੂੰ ਟੈਂਡਰ ਮੰਗੇ ਸਨ

 ਟੈਂਡਰ ਵਿਚ ਸਭ ਤੋਂ ਘੱਟ ਰੇਟ ਸੋਨਾਈ ਕੋਅਪਰੇਟਿਵ ਸੁਸਾਇਟੀ ਪੂਨੇ ਦਾ 315 ਰੁਪਏ ਪ੍ਰਤੀ ਕਿਲੋ ਦੇਸੀ ਘਿਉ ਅਤੇ 225 ਰੁਪਏ ਪ੍ਰਤੀ ਕਿਲੋ ਸੁੱਕਾ ਦੁੱਧ (ਜੀ.ਐਸ.ਟੀ. ਵੱਖਰਾ) ਸੀ। ਦੂਸਰੇ ਨੰਬਰ ’ਤੇ ਰਾਜਸਥਾਨ ਕੋਅਪਰੇਟਿਵ ਸੁਸਾਇਟੀ ਭੀਲਪੁਰ ਦਾ ਰੇਟ 400 ਰੁਪਏ ਸਮੇਤ ਜੀ.ਐਸ.ਟੀ. ਸੀ ਅਤੇ ਤੀਸਰੇ ਨੰਬਰ ’ਤੇ ਪੰਜਾਬ ਸਹਿਕਾਰੀ ਦੁੱਧ ਉਤਪਾਦਕ ਸੰਘ, ਚੰਡੀਗੜ੍ਹ (ਵੇਰਕਾ) ਦਾ ਦੇਸੀ ਘਿਉ ਦਾ ਰੇਟ 399 ਰੁਪਏ ਪ੍ਰਤੀ ਕਿਲੋ (ਜੀ.ਐਸ.ਟੀ. ਵੱਖਰਾ) ਅਤੇ ਸੁੱਕੇ ਦੁੱਧ ਦਾ ਰੇਟ 250 ਰੁਪਏ ਪ੍ਰਤੀ ਕਿਲੋ (ਜੀ.ਐਸ.ਟੀ. ਵੱਖਰਾ) ਸੀ। ਟੈਂਡਰ ਦੀਆਂ ਸ਼ਰਤਾਂ ਤੇ ਨਿਯਮਾਂ ਅਨੁਸਾਰ ਸਭ ਤੋਂ ਘੱਟ ਰੇਟ ਵਾਲੀ ਸੋਨਾਈ ਕੋਅਪਰੇਟਿਵ ਡੇਅਰੀ ਪੂਨੇ ਦਾ ਰੇਟ ਪ੍ਰਵਾਨ ਕਰ ਲਿਆ ਗਿਆ। ਤਿੰਨ ਮਹੀਨੇ ਦੀ ਖ਼ਪਤ ਉਪਰ ਵੇਰਕੇ ਦੇ ਸੋਨਾਈ ਡੇਅਰੀ ਨਾਲੋਂ ਕੁੱਲ 5 ਕਰੋੜ 20 ਲੱਖ 56 ਹਜ਼ਾਰ 900 ਰੁਪਏ ਵੱਧ ਭਾਰ ਪੈਂਦਾ ਹੈ

 
 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਗੁਰਦੁਆਰਾ ਸਾਹਿਬਾਨ ਲਈ ਵੇਰਕਾ ਡੇਅਰੀ ਦਾ 31 ਮਾਰਚ 2020 ਨੂੰ ਤਾਜੇ ਦੁੱਧ ਦਾ 38 ਰੁਪਏ ਪ੍ਰਤੀ ਲੀਟਰ ਅਨੁਸਾਰ ਟੈਂਡਰ ਸਮਾਪਤ ਹੋ ਚੁੱਕਾ ਸੀ, ਤਾਲਾਬੰਦੀ ਦੌਰਾਨ ਵੇਰਕੇ ਨੂੰ ਇਸੇ ਰੇਟ ’ਤੇ ਸਪਲਾਈ ਜਾਰੀ ਰੱਖਣ ਲਈ ਕਿਹਾ ਗਿਆ ਸੀ ਪਰੰਤੂ ਉਨ੍ਹਾਂ ਵੱਲੋਂ ਘੱਟੋ-ਘੱਟ 42 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਦੀ ਸਪਲਾਈ ਦਿੱਤੀ ਗਈ, ਜਦੋਂ ਕਿ ਪੂਰੇ ਪੰਜਾਬ ਵਿਚ ਲਾਕਡਾਊਨ ਹੋਣ ਕਰਕੇ ਦੁੱਧ ਦਾ ਰੇਟ ਬਹੁਤ ਘੱਟ ਚੁੱਕਾ ਸੀ

ਐੱਸਜੀਪੀਸੀ ਨੇ ਕਿਹਾ ਕੈਬਨਿਟ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਹਨ ਕਿ ਵੇਰਕਾ ਤੋਂ ਖਰੀਦ ਨਾ ਕਰਕੇ 3.5 ਲੱਖ ਦੁੱਧ ਉਤਪਾਦਕਾਂ ਦੇ ਢਿੱਡ ’ਤੇ ਲੱਤ ਵੱਜੀ ਹੈ, ਤਾਂ  ਰੰਧਾਵਾ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਵਿੱਚੋਂ ਵੇਰਕਾ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ ਵੀ ਕਿਸਾਨਾਂ ਤੋਂ ਦੁੱਧ ਦੀ ਖਰੀਦ ਕਰਦੀਆਂ ਹਨ ਜੋ ਵੇਰਕਾ ਤੋਂ ਵੀ ਚੰਗੇ ਰੇਟ ਦੇ ਰਹੀਆਂ ਹਨ, ਉਨ੍ਹਾਂ ਕਿਹਾ ਕਿ ਸਾਲ 2010 ਤੋਂ ਲੈ ਕੇ ਹੁਣ ਤੱਕ ਵੇਰਕਾ ਡੇਅਰੀ ਦਾ ਕੇਵਲ ਤਿੰਨ ਵਾਰ ਹੀ ਟੈਂਡਰ ਪ੍ਰਵਾਨ ਹੋਇਆ ਹੈ, ਜਿਸ ਵਿਚ 01-10-2013 ਤੋਂ 31-03-2014 ਤੱਕ (ਛੇ ਮਹੀਨੇ) ਫਿਰ 01-04-2018 ਤੋਂ 31-03-2020 ਤੱਕ (ਦੋ ਸਾਲ) ਸਪਲਾਈ ਦਿੱਤੀ ਗਈ 

ਇਸ ਤੋਂ ਇਲਾਵਾ ਵੱਖ-ਵੱਖ ਸਮੇਂ ਪ੍ਰੀਮੀਅਰ ਐਗਰੀ ਫੂਡ, ਕਵਾਲਿਟੀ ਡੇਅਰੀ (ਇ.) ਦਿੱਲੀ, ਨੈਸ਼ਲੇ ਇੰਡੀਆ, ਪ੍ਰੀਮੀਅਰ ਐਗਰੀ ਫੂਡਜ ਯੂ.ਪੀ, ਸਮਰਿਤੀ ਪ੍ਰੋਡਕਟਸ ਲੁਧਿਆਣਾ, ਕਿਸਾਨ ਦੁੱਧ ਉਦਯੋਗ ਬਟਾਲਾ ਤੇ ਹੈਲਥਏਡ ਫੂਡਜ, ਪ੍ਰ. ਲਿਮ., ਮਹਿਤਾ, ਅੰਮ੍ਰਿਤਸਰ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਨਿਯਮਾਂ ਅਨੁਸਾਰ ਸਪਲਾਈ ਦਿੱਤੀ ਹੈ੍, ਉਨ੍ਹਾਂ ਕਿਹਾ ਕਿ ਸੋਨਾਈ ਕੰਪਨੀ ਨੇ ਇਸ ਤੋਂ ਪਹਿਲਾਂ 01-04-2015 ਤੋਂ 30-09-2015 ਤੀਕ ਵੀ ਸ਼੍ਰੋਮਣੀ ਕਮੇਟੀ ਨੂੰ ਹੋਏ ਟੈਂਡਰਾਂ ਮੁਤਾਬਿਕ ਦੁੱਧ ਪਦਾਰਥਾਂ ਦੀ ਸਪਲਾਈ ਕੀਤੀ ਸੀ। ਜਿਸ ਦੀ ਦਫ਼ਤਰੀ ਰਿਪੋਰਟਾਂ ਅਨੁਸਾਰ ਕੋਈ ਸ਼ਕਾਇਤ ਨਹੀਂ ਸੀ