ਪੰਜਾਬ ਬੀਜੇਪੀ ਦੇ ਇਸ ਸੀਨੀਅਰ ਸਿੱਖ ਆਗੂ ਵੱਲੋਂ ਜਥੇਦਾਰ ਖ਼ਿਲਾਫ਼ ਕੀਤੀ ਟਿੱਪਣੀ 'ਤੇ ਸਖ਼ਤ SGPC,ਦਿੱਤੀ ਇਹ ਚਿਤਾਵਨੀ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਿਰੁੱਧ ਸਿਆਸੀ ਟਿੱਪਣੀਆਂ ਬਰਦਾਸਤ ਨਹੀਂ ਕਰਾਂਗੇ- ਭਾਈ ਲੌਂਗੋਵਾਲ

ਪੰਜਾਬ ਬੀਜੇਪੀ ਦੇ ਇਸ ਸੀਨੀਅਰ ਸਿੱਖ ਆਗੂ ਵੱਲੋਂ ਜਥੇਦਾਰ ਖ਼ਿਲਾਫ਼ ਕੀਤੀ ਟਿੱਪਣੀ 'ਤੇ ਸਖ਼ਤ SGPC,ਦਿੱਤੀ ਇਹ ਚਿਤਾਵਨੀ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਿਰੁੱਧ ਸਿਆਸੀ ਟਿੱਪਣੀਆਂ ਬਰਦਾਸਤ ਨਹੀਂ ਕਰਾਂਗੇ- ਭਾਈ ਲੌਂਗੋਵਾਲ

ਅਨਮੋਲ ਗੁਲਾਟੀ/ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਕੀਤੀਆਂ ਗਈਆਂ ਗੈਰ ਇਖਲਾਕੀ ਟਿੱਪਣੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਸਿੱਖ ਧਰਮ ਵਿਚ ਰੁਤਬਾ ਸਰਵਉੱਚ ਹੈ, ਜਿਸ ਕਰਕੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਵੀ ਸਿਆਸੀ ਆਗੂ ਦੀ ਟਿੱਪਣੀ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ 

ਹਰਜੀਤ ਗਰੇਵਾਲ ਨੇ ਦਿੱਤਾ ਸੀ ਇਹ ਬਿਆਨ

ਜਥੇਦਾਰ ਸ਼੍ਰੀ ਅਕਾਲ ਤਖ਼ਤ ਵੱਲੋਂ EVM 'ਤੇ ਦਿੱਤੇ ਗਏ ਬਿਆਨ ਨੂੰ ਬੀਜੇਪੀ ਦੇ ਸੀਨੀਅਰ ਸਿੱਖ ਆਗੂ ਹਰਜੀਤ ਸਿੰਘ ਗਰੇਵਾਲ ਨੇ  ਇੱਕ ਇੰਟਰਵਿਊ ਵਿੱਚ ਸ਼ਰਮਨਾਕ ਦੱਸਿਆ ਸੀ,ਉਨ੍ਹਾਂ ਨੇ ਕਿਹਾ ਸੀ 'ਜਥੇਦਾਰ ਨੂੰ ਅਜਿਹੀ  ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ ਹੈ,ਗਰੇਵਾਲ ਨੇ ਦਾਅਵਾ ਕੀਤਾ ਕਿ  ਮੋਦੀ ਸਰਕਾਰ ਕੋਈ ਗ਼ਲਤ ਕੰਮ ਨਹੀਂ ਹੈ,ਉਨ੍ਹਾਂ ਕਿਹਾ ਜਥੇਦਾਰ ਪਹਿਲਾਂ ਹੀ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਬਿਆਨ ਦੇ ਚੁੱਕੇ ਨੇ,ਸਿਰਫ਼ ਇੰਨਾਂ ਹੀ ਨਹੀਂ ਗਰੇਵਾਲ ਨੇ ਤੰਜ ਕੱਸ ਦੇ ਹੋਏ ਕਿਹਾ ਸੀ ਜਥੇਦਾਰ ਹਰਪ੍ਰੀਤ ਸਿੰਘ ਇੱਕ ਪਰਿਵਾਰ ਦੀ ਪੁਸ਼ਤ ਪਨਾਈ ਕਰਦੇ ਨੇ, ਗਰੇਵਾਲ ਇੱਥੇ ਹੀ ਨਹੀਂ ਰੁੱਕੇ ਸਨ ਉਨ੍ਹਾਂ ਅਕਾਲੀ ਦਲ ਨੂੰ ਵੀ ਘੇਰ ਦੇ ਹੋਏ ਕਿਹਾ ਸੀ ਕਿ SGPC ਤੋਂ ਉਨ੍ਹਾਂ ਨੂੰ ਕਬਜ਼ਾ ਹਟਣ ਦਾ ਡਰ ਹੈ ਇਸ ਲਈ ਅਕਾਲੀ ਦਲ ਅਜਿਹੇ ਬਿਆਨ ਦਵਾ ਰਿਹਾ ਹੈ, ਹਰਜੀਤ ਗਰੇਵਾਲ ਨੇ  ਅਕਾਲੀ ਦਲ ਦੀ ਤੁਲਨਾ ਮਸਨਦਾ ਨਾਲ ਕਰਦੇ ਹੋਏ ਕਿਹਾ ਸੀ ਕਿ ਹੁਣ ਇੰਨਾਂ ਦਾ ਸਮਾਂ ਖ਼ਤਮ ਹੋਣ ਵਾਲਾ ਹੈ' 

ਲੌਗੋਵਾਲ ਨੇ ਦੱਸਿਆ ਜਥੇਦਾਰ ਨੇ ਇਸ ਲਈ EVM 'ਤੇ ਚੁੱਕੇ ਸਵਾਲ

 ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਪ੍ਰਤੀਕ ਹੈ ਜਿਸ ਕਰਕੇ ਇਥੋਂ ਸਿੱਖਾਂ ਨੂੰ ਧਾਰਮਿਕ ਸਕਤੀ ਦੇ ਨਾਲ ਨਾਲ ਰਾਜਨੀਤਕ ਚੇਤਨਾ ਵੀ ਮਿਲਦੀ ਹੈ। ਉਨ੍ਹਾਂ ਕਿਹਾ ਸ੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦੇਸ ਦੇ ਮੌਜੂਦਾ ਸਿਆਸੀ ਹਾਲਾਤਾਂ ਦੀ ਸੱਚਾਈ ਬਿਆਨ ਕਰਨ ‘ਤੇ ਕੁਝ ਸਿਆਸੀ ਜਮਾਤਾਂ ਦੇ ਆਗੂਆਂ ਨੂੰ ਹੋਈ ਤਕਲੀਫ ਦੀ ਸਮਝ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਬਿਲਕੁਲ ਸੱਚ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਲਗਾਤਾਰ ਦੇਸ ਦੇ ਵੱਖ ਵੱਖ ਹਿਸਿਆ ਵਿਚ ਸਿੱਖਾਂ ਦੇ ਇਤਿਹਾਸਕ ਅਸਥਾਨਾਂ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ।

ਲੌਗੋਵਾਲ ਨੇ ਕਿਹਾ ਦੇਸ ਅੰਦਰ ਘੱਟਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਅਤੇ ਸਿੱਖ ਕਤਲੇਆਮ ਨੂੰ ਕਿੰਜ ਭੁੱਲ ਸਕਦੇ ਹਨ? ਸਾਢੇ ਤਿੰਨ ਦਹਾਕੇ ਬੀਤ ਜਾਣ ‘ਤੇ ਵੀ ਸਿੱਖ ਕਤਲੇਆਮ ਦੇ ਦੋਸੀਆਂ ਨੂੰ ਸਜਾਵਾਂ ਨਹੀਂ ਹੋਈਆਂ ਸਗੋਂ ਪੀੜਤ ਇਨਸਾਫ ਮੰਗਦੇ ਮੰਗਦੇ ਦੁਨੀਆ ਤੋਂ ਜਾ ਰਹੇ ਹਨ। ਅੱਜ ਵੀ ਸਿੱਖਾਂ ਨੂੰ ਦਬਾਉਣ ਦੀਆਂ ਸਾਜਿਸ਼ਾਂ ਜਾਰੀ ਹਨ। ਜੇਕਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੱਚਾਈ ਨੂੰ ਦਰਸਾਉਂਦਾ ਬਿਆਨ ਦੇ ਦਿੱਤਾ ਤਾਂ ਸੱਤਾਧਾਰੀ ਸਿਆਸੀ ਪਾਰਟੀਆਂ ਨੂੰ ਆਤਮ ਮੰਥਨ ਕਰਨਾ ਚਾਹੀਦਾ ਸੀ ਕਿਉਂਕਿ ਆਪਣੇ ਰਾਜ ਵਿਚ ਵੱਸਦੇ ਹਰ ਧਰਮ ਦੇ ਲੋਕਾਂ ਦੇ ਸਰਬਪੱਖੀ ਹਿਤਾਂ ਦੀ ਸੁਰੱਖਿਆ ਸਰਕਾਰ ਇਖਲਾਕੀ ਜਿੰਮੇਵਾਰੀ ਹੁੰਦੀ ਹੈ।

 ਭਾਈ ਲੌਂਗੋਵਾਲ ਨੇ ਕਿਹਾ ਕਿ ਆਪਣੀ ਪਾਰਟੀ ਦੀ ਕੇਂਦਰੀ ਸਰਕਾਰ ਨੂੰ ਨਸੀਹਤ ਦੇਣ ਦੀ ਥਾਂ ਹਰਜੀਤ ਸਿੰਘ ਗਰੇਵਾਲ ਵਰਗੇ ਸਵਾਰਥੀ ਆਗੂਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਬੰਧੀ ਗੈਰ ਇਖਲਾਕੀ ਬਿਆਨ ਬਿਲਕੁਲ ਨਾ ਬਰਦਾਸਤਯੋਗ ਹੈ। ਇਸ ਲਈ ਗਰੇਵਾਲ ਨੂੰ ਆਪਣੇ ਦਾਇਰੇ ਵਿਚ ਰਹਿਣਾ ਚਾਹੀਦਾ ਹੈ।