ਨਾ ਵਰਤੋ ਚਾਈਨਾ ਡੋਰ, ਕਿਉਂ ਬਣਦੇ ਓ ਜਾਨ ਦੇ ਦੁਸ਼ਮਣ
Advertisement

ਨਾ ਵਰਤੋ ਚਾਈਨਾ ਡੋਰ, ਕਿਉਂ ਬਣਦੇ ਓ ਜਾਨ ਦੇ ਦੁਸ਼ਮਣ

ਗੱਡੀ ਨਾਲ ਫਸੀ ਹੋਈ ਚਾਇਨਾ ਡੋਰ ਨੇ ਬੱਚੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ.

ਗੱਡੀ ਨਾਲ ਫਸੀ ਹੋਈ ਚਾਇਨਾ ਡੋਰ ਨੇ ਬੱਚੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ

ਨਵਾਂਸ਼ਹਿਰ : ਚਾਈਨਾ ਡੋਰ ਦਾ ਜ਼ਿਕਰ ਤੇ ਚਰਚੇ ਤੁਸੀਂ ਸੁਣ ਰਹੇ ਹੋਵੋਂਗੇ। ਇਹ ਵੀ ਸੁਣ ਰਹੇ ਹੋਵੋਂਗੇ ਕਿ ਚਾਈਨਾ ਡੋਰ ਬੈਨ ਹੈ। ਪਰ ਬਾਵਜੂਦ ਇਸਦੇ ਚਾਈਨਾ ਡੋਰ ਵਿਕਦੀ ਵੀ ਧੜੱਲੇ ਨਾਲ ਵੇਖ ਰਹੇ ਹੋਵੋਂਗੇ, ਹੋਰ ਤੇ ਹੋਰ ਖ਼ਰੀਦ ਵੀ ਰਹੇ ਹੋਵੋਂਗੇ। ਸ਼ਰਮਨਾਕ ਹੈ. ਜਾਣਦੇ ਓਂ ਅਜਿਹਾ ਕਰਕੇ ਤੁਸੀਂ ਕਿੰਨੀਆਂ ਮਸੂਮ ਜਿੰਦਾਂ ਨਾਲ ਖ਼ਿਲਵਾੜ ਕਰ ਰਹੇ ਹੋਂ.

ਅਜਿਹਾ ਹੀ ਖਿਲਵਾੜ ਨਵਾਂਸ਼ਹਿਰ ਦੇ ਨਿੱਕੇ ਜਿਹੇ ਬੱਚੇ ਨਾਲ ਹੋਇਆ। ਬਲਾਕ ਬੰਗਾ ਦੇ ਪਿੰਡ ਥਾਦੀਂਆ ਦਾ ਰਹਿਣ ਵਾਲਾ ਨੌਜਵਾਨ ਅਮਰਜੀਤ ਆਪਣੀ ਪਤਨੀ ਤੇ 4 ਸਾਲ ਦੇ ਪੁੱਤਰ ਆਰਿਅਨ ਨਾਲ ਫਗਵਾੜਾ ਜਾ ਰਿਹਾ ਸੀ। ਜਦੋਂ ਉਹ ਬਾਹੜੋਵਾਲ ਪਿੰਡ ਲਾਗੇ ਜਾ ਪਹੁੰਚਿਆ ਤਾਂ ਕਿਸੇ ਗੱਡੀ ਨਾਲ ਫਸੀ ਹੋਈ ਚਾਇਨਾ ਡੋਰ ਨੇ ਅੱਗੇ ਬੈਠੇ ਬੱਚੇ ਆਰੀਅਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਡੋਰ 'ਤੇ ਲੱਗੇ ਹੋਏ ਕੱਚ ਨੇ ਬੱਚੇ ਦਾ ਮੂੰਹ ਬੁਰੀ ਤਰ੍ਹਾਂ ਕੱਟ ਦਿੱਤਾ। ਬੱਚੇ ਦੀ ਹਾਲਤ ਗੰਭੀਰ ਹੋਣ ਕਰਕੇ ਬੰਗਾ ਦੇ ਇੱਕ ਨਿੱਜੀ ਹਸਪਤਾਲ ਨੇ ਬੱਚੇ ਨੂੰ ਨਵਾਸ਼ਹਿਰ ਵਿਖੇ ਆਈ ਵੀ ਵਾਈ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ। ਜਿੱਥੇ ਕਈ ਘੰਟਿਆਂ ਦੀ ਮਿਹਨਤ ਨਾਲ ਡਾਕਟਰੀ ਸਟਾਫ਼ ਨੇ ਬੱਚੇ ਦੇ ਮੂੰਹ ਦਾ ਉਪਰੇਸ਼ਨ ਕੀਤਾ।

ਸਮਾਜਿਕ ਸੰਸਥਾਵਾਂ ਨੇ ਕਰਵਾਇਆ ਇਲਾਜ਼

ਬੱਚੇ ਦਾ ਪਿਤਾ ਇੱਕ ਮਜ਼ਦੂਰ ਹੈ। ਇਸ ਕਰਕੇ ਜਿਆਦਾ ਖਰਚਾ ਕਰਨ ਵਿੱਚ ਅਸਮਰੱਥ ਸੀ। ਇਸ ਮੌਕੇ ਨਵਾਸ਼ਹਿਰ ਜ਼ਿਲ੍ਹੇ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੇ ਪਿੰਡ ਵਾਸੀਆਂ ਨੇ ਬੱਚੇ ਦੇ ਇਲਾਜ ਲਈ ਆਰਥਿਕ ਮਦਦ ਕੀਤੀ। ਤਾਂ ਜਾਕੇ ਬੱਚੇ ਦਾ ਇਲਾਜ ਸੰਭਵ ਹੋ ਸਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚਾਇਨਾ ਡੋਰ ਵੇਚਣ ਵਾਲਿਆਂ ਉੱਤੇ ਸਖ਼ਤੀ ਨਾਲ ਕਾਬੂ ਪਾਇਆ ਜਾਵੇ ਅਤੇ ਬੱਚਿਆ ਦੇ ਮਾਂ ਬਾਪ ਵੀ ਬੱਚਿਆ ਨੂੰ ਇਸ ਖ਼ਤਰਨਾਕ ਡੋਰ ਨਾਲ ਪਤੰਗਬਾਜ਼ੀ ਕਰਨ ਤੋਂ ਰੋਕਣ।

ਸੋ ਸਰਕਾਰਾਂ ਤੇ ਪ੍ਰਸ਼ਾਸਨ ਨੇ ਭਾਵੇਂ ਚਾਇਨਾ ਡੋਰ ਤੇ ਪਾਬੰਦੀ ਲਗਾਈ ਹੈ ਪਰੰਤੂ ਲੋਕਾਂ ਨੂੰ ਵੀ ਅੱਗੇ ਆਕੇ ਇਸਦਾ ਬਾਇਕਾਟ ਕਰਨਾ ਹੋਵੇਗਾ। ਨਹੀਂ ਤਾਂ ਆਏ ਦਿਨ ਚਾਇਨਾ ਡੋਰ ਦੇ ਕਾਰਨ ਹਾਦਸੇ ਹੁੰਦੇ ਰਹਿਣਗੇ, ਜਿਸ ਵਿੱਚ ਜਾਨਵਰ ਤੇ ਇਨਸਾਨ ਜ਼ਖਮੀ ਹੁੰਦੇ ਰਹਿਣਗੇ।

WATCH LIVE TV

Trending news