ਕਰਾਟੇ ਖਿਡਾਰਣ ਹਰਦੀਪ ਕੌਰ ਨੂੰ ਖੇਡ ਮੰਤਰੀ ਦੇ ਵਾਅਦੇ ਤੋਂ ਬਾਅਦ ਵੀ ਨਹੀਂ ਮਿਲੀ ਨੌਕਰੀ

ਪਿੰਡ ਗੁਰਨੇ ਕਲਾਂ ਦੀ ਖਿਡਾਰਣ ਹਰਦੀਪ ਕੌਰ ਸਰਕਾਰੀ ਵਾਅਦਿਆਂ ਦੇ ਬਾਵਜੂਦ ਨੌਕਰੀ ਨਾਂ ਮਿਲਣ ਕਾਰਣ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਪਰਿਵਾਰ ਦਾ ਸਹਾਰਾ ਬਨਣ ਲਈ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹੈ,

ਕਰਾਟੇ ਖਿਡਾਰਣ ਹਰਦੀਪ ਕੌਰ ਨੂੰ ਖੇਡ ਮੰਤਰੀ ਦੇ ਵਾਅਦੇ ਤੋਂ ਬਾਅਦ ਵੀ ਨਹੀਂ ਮਿਲੀ ਨੌਕਰੀ

ਵਿਨੋਦ ਗੋਇਲ/ਮਾਨਸਾ: ਕਰਾਟੇ ਖੇਡ ਵਿੱਚ ਅੰਤਰਰਾਸ਼ਟਰੀ, ਨੈਸ਼ਨਲ ਅਤੇ ਸਕੂਲ ਖੇਡਾਂ ਵਿੱਚ 20 ਮੈਡਲ ਜਿੱਤ ਕੇ ਮਾਨਸਾ ਜਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੀ ਪਿੰਡ ਗੁਰਨੇ ਕਲਾਂ ਦੀ ਖਿਡਾਰਣ ਹਰਦੀਪ ਕੌਰ ਸਰਕਾਰੀ ਵਾਅਦਿਆਂ ਦੇ ਬਾਵਜੂਦ ਨੌਕਰੀ ਨਾਂ ਮਿਲਣ ਕਾਰਣ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਪਰਿਵਾਰ ਦਾ ਸਹਾਰਾ ਬਨਣ ਲਈ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹੈ, ਕਿਉਂਕਿ ਉਸ ਨੇ ਸਾਲ 2018 ਵਿੱਚ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਕਰਾਟੇ ਖੇਡ ਵਿੱਚ ਗੋਲਡ ਮੈਡਲ ਜਿੱਤਿਆ ਸੀ ਤਾਂ ਉਸ ਸਮੇਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਸ ਨੂੰ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਸੀ, ਪਰ ਚਾਰ ਸਾਲ ਬੀਤ ਜਾਣ ਅਤੇ ਚੰਡੀਗੜ੍ਹ ਦੇ ਕਈ ਗੇੜੇ ਲਾਉਣ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲੀ। ਹਰਦੀਪ ਕੌਰ ਅਤੇ ਉਸਦੇ ਪਰਿਵਾਰ ਵੱਲੋਂ ਅੱਜ ਵੀ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।

ਕਰਾਟੇ ਖਿਡਾਰਣ ਹਰਦੀਪ ਕੌਰ ਨੇ ਦੱਸਿਆ ਕਿ ਮੇਰੀ ਖੇਡ ਕਰਾਟੇ ਹੈ ਅਤੇ ਮੈਂ ਅੰਤਰਰਾਸ਼ਟਰੀ ਪੱਧਰ ਤੇ ਖੇਡ ਚੁੱਕੀ ਹਾਂ।  ਉਸਨੇ ਦੱਸਿਆ ਕਿ ਮੈਂ ਸਕੂਲ ਪੱਧਰ ਤੇ ਮੈਡਲ ਜਿੱਤ ਚੁੱਕੀ ਹਾਂ, ਨੈਸ਼ਨਲ ਪੱਧਰ ਤੇ 5 ਮੈਡਲ ਜਿੱਤੇ ਹਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ 3 ਮੈਡਲ ਜਿੱਤੇ ਹਨ। ਹਰਦੀਪ ਕੌਰ ਨੇ ਦੱਸਿਆ ਕਿ ਉਹ ਬੀ.ਪੀ.ਐਸ. ਕਰ ਚੁੱਕੀ ਹੈ ਅਤੇ ਹੁਣ ਬੀ.ਪੀ.ਐਡ. ਦੀ ਪੜਾਈ ਕਰ ਰਹੀ ਹੈ। ਉਸਨੇ ਦੱਸਿਆ ਕਿ ਸਾਲ 2018 ਵਿੱਚ ਜਦੋਂ ਉਸਨੇ ਕਰਾਟੇ ਵਿੱਚ ਗੋਲਡ ਮੈਡਲ ਜਿੱਤਿਆ ਸੀ ਤਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਹਰਦੀਪ ਕੌਰ ਨੇ ਦੱਸਿਆ ਕਿ ਉਹ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਦੇ ਕਹਿਣ ਤੇ ਕਈ ਵਾਰ ਚੰਡੀਗਡ਼੍ਹ ਦੇ ਵੀ ਚੱਕਰ ਲਗਾ ਚੁੱਕੀ ਹੈ, ਪਰ ਉਸ ਨੂੰ ਉਸ ਤੋਂ ਬਾਅਦ ਮੰਤਰੀ ਮਿਲੇ ਹੀ ਨਹੀਂ, ਜਿਸ ਕਾਰਨ ਉਹ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਖੇਤਾਂ ਵਿੱਚ ਝੋਨਾ ਲਾਉਣ ਦੇ ਲਈ ਮਜਬੂਰ ਹੈ। ਉਸ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਨੇ ਮਜਦੂਰੀ ਕਰਕੇ ਮੈਨੂੰ ਪੜਾਇਆ ਤੇ ਖਿਡਾਇਆ ਹੈ ਅਤੇ ਹੁਣ ਮੈਂ ਆਪਣੀ ਮੇਹਨਤ ਮਜਦੂਰੀ ਕਰਕੇ ਆਪਣੀ ਪੜ੍ਹਾਈ ਦਾ ਖਰਚ ਚੁੱਕ ਰਹੀ ਹਾਂ।

ਭਰਾ ਗੁਰਸੇਵਕ ਸਿੰਘ ਨੇ ਕਿਹਾ ਕਿ
ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਯੋਜਨਾ ਤੇ ਸਵਾਲ ਉਠਾਉਂਦਿਆਂ ਹਰਦੀਪ ਕੌਰ ਦੇ ਭਰਾ ਗੁਰਸੇਵਕ ਸਿੰਘ ਨੇ ਕਿਹਾ ਕਿ ਸਾਲ 2018 ਵਿੱਚ ਮਲੇਸ਼ੀਆ ਵਿੱਚ ਇੰਟਰਨੈਸ਼ਨਲ ਖੇਡ ਕੇ ਆਈ ਹਰਦੀਪ ਕੌਰ ਨੇ ਕਰਾਟੇ ਖੇਡ ਵਿੱਚ ਗੋਲਡ ਮੈਡਲ ਜਿੱਤਿਆ ਸੀ ਤਾਂ ਉਸ ਸਮੇਂ ਮੌਜੂਦਾ ਖੇਡ ਮੰਤਰੀ ਨੇ ਕਿਹਾ ਸੀ ਕਿ ਅਸੀਂ ਇਸਨੂੰ ਨੌਕਰੀ ਦੇਵਾਂਗੇ। ਉਹਨਾਂ ਕਿਹਾ ਕਿ ਖੇਡ ਮੰਤਰੀ ਨੇ ਇਸਦੇ ਦਸਤਾਵੇਜ਼ ਤਾਂ ਲੈ ਲਏ ਪਰ ਅਜੇ ਤੱਕ ਕੋਈ ਨੌਕਰੀ ਨਹੀਂ ਦਿੱਤੀ। ਪੰਜਾਬ ਸਰਕਾਰ ਦੇ ਘਰ-ਘਰ ਨੌਕਰੀ ਦੇਣ ਦੇ ਐਲਾਨ ਤੇ ਸਵਾਲ ਕਰਦਿਆਂ ਗੁਰਸੇਵਕ ਸਿੰਘ ਨੇ ਕਿਹਾ ਕਿ ਸਰਕਾਰ ਘਰ-ਘਰ ਨੌਕਰੀ ਦੇਣ ਦੀ ਗੱਲ ਤਾਂ ਕਰਦੀ ਹੈ ਪਰ ਇਹਨਾਂ ਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਅਸੀਂ ਮਜਦੂਰੀ ਕਰਕੇ ਇਸਨੂੰ ਅੱਗੇ ਲਈ ਪੜਾਈ ਕਰਵਾ ਰਹੇ ਹਾਂ ਤੇ ਇਹ ਵੀ ਸਾਡੇ ਨਾਲ ਖੇਤਾਂ ਵਿੱਚ ਝੋਨਾ ਲਗਾ ਰਹੀ ਹੈ।

ਹਰਦੀਪ ਕੌਰ ਦੇ ਪਿਤਾ ਦਾ ਕੀ ਹੈ ਕਹਿਣਾ

ਹਰਦੀਪ ਕੌਰ ਦੇ ਪਿਤਾ ਨਾਇਬ ਸਿੰਘ ਨੇ ਸਰਕਾਰ ਤੋਂ ਆਪਣੀ ਬੇਟੀ ਵਾਸਤੇ ਨੌਕਰੀ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਕਰਾਟੇ ਦੀ ਬਹੁਤ ਵਧੀਆ ਖਿਡਾਰਣ ਹੈ ਅਤੇ ਖੇਡ ਮੰਤਰੀ ਨੇ ਸਾਨੂੰ ਚੰਡੀਗੜ੍ਹ ਬੁਲਾਇਆ ਤੇ ਹਰਦੀਪ ਕੌਰ ਤੋਂ ਕਾਗਜ਼ਾਤ ਲੈ ਲਏ, ਪਰ ਕੀਤਾ ਕੁੱਝ ਨਹੀਂ। ਉਹਨਾਂ ਕਿਹਾ ਕਿ ਆਪਣਾ ਪੜਾਈ ਦਾ ਖਰਚਾ ਚਲਾਉਣ ਲਈ ਹਰਦੀਪ ਕੌਰ ਕਣਕ ਅਤੇ ਜੀਰੀ ਸਮੇਂ ਖੇਤਾਂ ਵਿੱਚ ਮਿਹਨਤ ਕਰਦੀ ਹੈ।