ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਨਾਜ਼ੁਕ,CM ਕੈਪਟਨ ਨੇ ਜਲਦ ਠੀਕ ਹੋਣ ਦੀ ਕੀਤੀ ਅਰਦਾਸ

ਬਲਬੀਰ ਸਿੰਘ ਸੀਨੀਅਰ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ 

ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਨਾਜ਼ੁਕ,CM ਕੈਪਟਨ ਨੇ ਜਲਦ ਠੀਕ ਹੋਣ ਦੀ ਕੀਤੀ ਅਰਦਾਸ
ਬਲਬੀਰ ਸਿੰਘ ਸੀਨੀਅਰ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ

ਬਜ਼ਮ ਵਰਮਾ/ਮੁਹਾਲੀ  : 3 ਵਾਰ ਦੇ  ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਨ੍ਹਾਂ ਨੂੰ ਮੰਗਲਵਾਰ ਦਿਲ ਦਾ ਦੌਰਾਨ ਪਿਆ ਸੀ ਜਿਸ ਤੋਂ ਬਾਅਦ ਬਲਬੀਰ ਸਿੰਘ ਸੀਨੀਅਰ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ,ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ 8 ਮਈ ਨੂੰ ਬਲਬੀਰ ਸਿੰਘ ਸੀਨੀਅਰ ਨੂੰ ਭਰਤੀ ਕਰਵਾਇਆ ਗਿਆ ਸੀ,ਹਾਲਾਂਕਿ ਡਾਕਟਰਾਂ   ਮੁਤਾਬਿਕ  ਬਲਬੀਰ ਸਿੰਘ ਦੀ ਹਾਲਤ ਵਿੱਚ ਕੁੱਝ ਸੁਧਾਰ ਹੋਇਆ ਹੈ ਪਰ  24 ਤੋਂ 48 ਘੰਟੇ ਉਨ੍ਹਾਂ ਦੀ ਸਿਹਤ ਨੂੰ ਲੈਕੇ ਨਾਜ਼ੁਕ ਮੰਨੇ ਜਾ ਰਹੇ ਨੇ, ਪਿਛਲੇ ਸਾਲ ਵੀ ਬਲਬੀਰ ਸਿੰਘ ਸੀਨੀਅਰ ਦੀ ਤਬੀਅਤ ਖ਼ਰਾਬ ਹੋਈ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਉਨ੍ਹਾਂ ਨੂੰ ਮਿਲਣ ਗਏ ਸਨ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਇਲਾਜ ਦੇ ਲਈ 5 ਲੱਖ ਰੁਪਏ ਵੀ ਦਿੱਤੇ ਗਏ ਸਨ, ਹੁਣ ਇੱਕ ਵਾਰ ਮੁੜ ਤੋਂ ਉਨ੍ਹਾਂ ਦੇ ਬਿਮਾਰ ਹੋਣ ਦੀ ਖ਼ਬਰ ਮਿਲਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜਤਾਇਆ ਅਤੇ  ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਜਲਦ ਠੀਕ ਹੋਣ ਦੀ ਅਰਦਾਸ ਕੀਤੀ ਹੈ  

 

ਭਾਰਤੀ ਹਾਕੀ ਵਿੱਚ ਬਲਬੀਰ ਸਿੰਘ ਸੀਨੀਅਰ ਦਾ ਯੋਗਦਾਨ

ਬਲਬੀਰ ਸਿੰਘ ਸੀਨੀਅਰ ਨੇ ਭਾਰਤ ਵੱਲੋਂ ਤਿੰਨ ਓਲੰਪਿਕ ਟੂਰਨਾਮੈਂਟ ਖੇਡੇ,ਉਨ੍ਹਾਂ ਨੇ ਹਾਕੀ ਵਿੱਚ ਸ਼ੁਰੂਆਤ ਗੋਲ ਕੀਪਰ  ਦੇ ਤੌਰ 'ਤੇ ਕੀਤੀ ਸੀ ਪਰ ਬਾਅਦ ਵਿੱਚੋਂ ਉਨ੍ਹਾਂ ਨੇ ਟੀਮ ਇੰਡੀਆ ਦੀ ਫਾਰਵਰਡ ਲਾਈਨ ਦੀ ਕਮਾਨ ਇਸ ਕਦਰ ਸੰਭਾਲੀ ਕੀ ਵਿਰੋਧੀ ਟੀਮਾਂ ਦੇ ਪਸੀਨੇ ਛੁਡਾ ਦਿੱਤੇ,ਬਲਬੀਰ ਸਿੰਘ ਨੇ ਗੋਲ ਕਰਨ ਦੇ ਕਈ ਵਰਲਡ ਰਿਕਾਰਡ ਆਪਣੇ ਨਾ ਕੀਤੇ ਜੋ ਹੁਣ ਤੱਕ ਨਹੀਂ ਟੁੱਟ ਸਕੇ ਨੇ, 1948 ਲੰਡਨ ਓਲੰਪਿਕ,1952 ਹੈਲਸਿੰਕੀ ਓਲੰਪਿਕ,1956 ਦਾ ਮੈਲਬਾਰਨ ਓਲੰਪਿਕ ਵਿੱਚ ਸੋਨ ਤਗਮਾ ਜਿੱਤ ਕੇ ਹੈਟ੍ਰਿਕ ਬਣਾਈ, ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਲਗਾਤਾਰ ਇਹ ਤਿੰਨ ਤਗਮੇ ਸਨ, ਇਸ ਤੋਂ ਪਹਿਲਾਂ ਹਾਕੀ ਦੇ ਜਾਦੂਗਰ ਰਹੇ ਮੇਜਰ ਧਿਆਨ ਚੰਦ ਨੇ  1928,1932,1936 ਵਿੱਚ ਲਗਾਤਾਰ ਤਿੰਨ ਸੋਨ ਤਗਮੇ ਹਾਸਲ ਕੀਤੇ ਸਨ,ਬਲਬੀਰ ਸਿੰਘ ਦਾ ਜਨਮ 10 ਅਕਤੂਬਰ 1924 ਨੂੰ ਫਿਲੌਰ ਵਿੱਚ ਹੋਇਆ ਸੀ,ਬਲਬੀਰ ਸਿੰਘ ਨੇ ਸਿੱਖ ਨੈਸ਼ਨਲ ਕਾਲਜ ਲਾਹੌਰ ਵਿੱਚ ਵੀ ਦਾਖ਼ਲਾ ਲਿਆ ਸੀ, ਹਾਕੀ ਦੀ ਖੇਡ ਕਰਕੇ ਉਨ੍ਹਾਂ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦੇ ਆਉਣ ਲੱਗੇ,ਖ਼ਾਲਸਾ ਕਾਲਜ ਵੱਲੋਂ ਖੇਡਦਿਆਂ ਬਲਬੀਰ ਸਿੰਘ ਨੂੰ ਕਦੇ ਵੀ ਕਪਤਾਨੀ ਦਾ ਮੌਕਾ ਨਹੀਂ ਮਿਲਿਆ ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈਕੇ ਭਾਰਤੀ ਟੀਮ ਤੱਕ ਦੀ ਉਨ੍ਹਾਂ ਨੂੰ ਕਪਤਾਨੀ ਕਰਨ ਦਾ ਮੌਕਾ ਜ਼ਰੂਰ ਮਿਲਿਆ,ਬਲਬੀਰ ਸਿੰਘ ਸੀਨੀਅਰ ਦੀ ਕਪਤਾਨ ਵਿੱਚ ਪੰਜਾਬ ਨੇ ਨੈਸ਼ਨਲ ਚੈਂਪੀਅਨਸ਼ਿਪ ਤਿੰਨ ਵਾਰ ਜਿੱਤ ਕੇ ਹੈਟ੍ਰਿਕ ਪੂਰੀ ਕੀਤੀ ਸੀ,ਉਨ੍ਹਾਂ ਦੀ ਕਪਤਾਨੀ ਵਿੱਚ ਸੂਬਾ 6 ਵਾਰ ਕੌਮੀ ਚੈਂਪੀਅਨ ਬਣਿਆ,ਬਲਬੀਰ ਸਿੰਘ ਸੀਨੀਅਰ ਪਹਿਲੀ ਵਾਰ ਭਾਰਤ ਵੱਲੋਂ 1947 ਵਿੱਚ  ਸ੍ਰੀਲੰਕਾ ਦੇ ਦੌਰੇ 'ਤੇ ਗਏ ਸਨ

ਓਲੰਪਿਕ ਵਿੱਚ ਬਲਬੀਰ ਸਿੰਘ ਸੀਨੀਅਰ ਦੇ ਰਿਕਾਰਡ

ਬਲਬੀਰ ਸਿੰਘ ਸੀਨੀਅਰ ਦੇ ਨਾਂ ਤੇ ਹਾਕੀ ਵਿੱਚ ਕਈ ਰਿਕਾਰਡ ਨੇ,1948 ਵਿੱਚ ਲੰਦਨ ਓਲੰਪਿਕ ਦੌਰਾਨ ਬਲਬੀਰ ਸਿੰਘ ਨੇ ਅਰਜਨਟੀਨਾ ਦੇ ਖ਼ਿਲਾਫ਼ ਪਹਿਲੇ ਮੈਚ ਵਿੱਚ ਹੈਟ੍ਰਿਕ ਦੇ ਨਾਲ 6 ਗੋਲ ਕੀਤੇ ਭਾਰਤ ਨੇ ਇਹ ਮੈਚ 9-1 ਦੇ ਫ਼ਰਕ ਨਾਲ ਜਿੱਤਿਆ ਸੀ,ਅਜ਼ਾਦੀ ਤੋਂ ਬਾਅਦ ਭਾਰਤ ਦਾ ਇਹ ਪਹਿਲਾਂ ਓਲੰਪਿਕ ਸੀ,ਫਾਈਨਲ ਵਿੱਚ ਭਾਰਤ ਨੇ ਬ੍ਰਿਟੇਨ ਨੂੰ 4-0 ਨਾਲ ਹਰਾਇਆ ਸੀ ਜਿਸ ਵਿੱਚੋਂ 2 ਗੋਲ ਬਲਬੀਰ ਸਿੰਘ ਸੀਨੀਅਰ ਨੇ ਕੀਤੇ ਸਨ,ਹੈਲਸਿੰਕੀ   ਓਲੰਪਿਕ 1952 ਵਿੱਚ ਬਲਬੀਰ ਸਿੰਘ ਸੀਨੀਅਰ ਨੇ ਸੈਮੀਫਾਈਨਲ ਵਿੱਚ ਤਿੰਨ ਗੋਲ ਕੀਤੇ ਜਿਸ ਦੀ ਵਜ੍ਹਾਂ ਕਰਕੇ ਭਾਰਤ ਨੇ ਬ੍ਰਿਟੇਨ ਨੂੰ 3-1 ਨਾਲ ਹਰਾਇਆ,ਫਾਈਨਲ ਵਿੱਚ ਭਾਰਤ ਨੇ ਹਾਲੈਂਡ ਨੂੰ 6-1 ਨਾਲ ਹਰਾਇਆ ਜਿਸ ਵਿੱਚ ਬਲਬੀਰ ਸਿੰਘ ਨੇ 5 ਗੋਲ ਕੀਤੇ ਸਨ,ਹੈਲਸਿੰਕੀ ਵਿੱਚ ਭਾਰਤ ਨੇ ਕੁੱਲ 13 ਗੋਲ ਕੀਤੇ ਸਨ ਜਿਨ੍ਹਾਂ ਵਿੱਚੋਂ ਇਕੱਲੇ ਬਲਬੀਰ ਸਿੰਘ ਨੇ 9 ਗੋਲ ਕੀਤੇ ਸਨ,1956 ਮੈਲਬਾਰਨ ਓਲੰਪਿਕ ਖੇਡਾਂ ਵਿੱਚ ਬਲਬੀਰ ਸਿੰਘ ਸੀਨੀਅਰ ਭਾਰਤੀ ਟੀਮ ਦੇ ਕਪਤਾਨ ਸਨ, ਪਰ ਦੂਜੇ ਮੈਚ ਵਿੱਚ ਬਲਬੀਰ ਸਿੰਘ ਸੀਨੀਅਰ ਨੂੰ ਸੱਟ ਲੱਗ ਗਈ ਅਤੇ ਉਹ ਲੀਗ ਮੈਚਾਂ ਤੋਂ ਬਾਹਰ ਹੋ ਗਏ ਪਰ ਸੈਮੀ ਫਾਈਨਲ ਵਿੱਚ ਉਨ੍ਹਾਂ ਨੇ ਇੱਕ ਵਾਰ ਮੁੜ ਤੋਂ ਵਾਪਸੀ ਕੀਤੀ ਅਤੇ ਭਾਰਤ ਨੂੰ ਜਿੱਤ ਦਵਾਈ,ਮੈਲਬਾਰਨ ਓਲੰਪਿਕ ਵਿੱਚ ਭਾਰਤ ਨੇ ਲਗਾਤਾਰ 6 ਵਾਂ ਗੋਲਡ ਜਿੱਤਿਆ ਤਾਂ ਬਲਬੀਰ ਸਿੰਘ ਨੇ ਵੀ ਓਲੰਪਿਕ ਵਿੱਚ ਗੋਲ ਮੈਡਲ ਦੀ ਆਪਣੀ ਹੈਟ੍ਰਿਕ ਪੂਰੀ ਕੀਤੀ,1960 ਵਿੱਚ ਰੋਮ ਓਲੰਪਿਕ ਵਿੱਚ ਫਿਟ ਹੋਣ ਦੇ ਬਾਵਜੂਦ  ਉਨ੍ਹਾਂ ਨੂੰ ਨਹੀਂ ਚੁਣਿਆ  ਗਿਆ ਸੀ ਭਾਰਤ ਨੂੰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ,ਬਲਬੀਰ ਸਿੰਘ ਸੀਨੀਅਰ ਨੂੰ ਪੰਜਾਬ ਸਰਕਾਰ ਵੱਲੋਂ ਪੁਲਿਸ ਵਿੱਚ ਡੀਐੱਸਪੀ ਦਾ ਅਹੁਦਾ ਵੀ ਦਿੱਤਾ ਗਿਆ ਸੀ ਉਹ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਤੈਨਾਤ ਸਨ