ਸ਼ਹੀਦ ਜੁਗਰਾਜ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਬੀਤੇ ਦਿਨੀਂ ਯੁੱਧ ਅਭਿਆਸ ਦੇ ਦੌਰਾਨ ਹੋਏ ਵਿਸਫੋਟਕ ਧਮਾਕੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਦਾ ਫੌਜੀ ਜਵਾਨ ਜੁਗਰਾਜ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ

ਸ਼ਹੀਦ ਜੁਗਰਾਜ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਗੋਬਿੰਦ ਸੈਣੀ/ਬਠਿੰਡਾ: ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਬੀਤੇ ਦਿਨੀਂ ਯੁੱਧ ਅਭਿਆਸ ਦੇ ਦੌਰਾਨ ਹੋਏ ਵਿਸਫੋਟਕ ਧਮਾਕੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਦਾ ਫੌਜੀ ਜਵਾਨ ਜੁਗਰਾਜ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ, ਜਿਸ ਦਾ ਅੱਜ ਪਿੰਡ ਸ਼ੇਖਪੁਰਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ,ਜਿੱਥੇ ਸੰਸਕਾਰ ਮੌਕੇ ਫੌਜ,ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਤੋ ਇਲਾਵਾ ਰਾਜਨੀਤੀਕ,ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ।

ਦੱਸਣਯੋਗ ਹੈ ਕਿ ਮ੍ਰਿਤਕ ਸ਼ਹੀਦ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ ਭੈਣ ਦਾ ਲਾਡਲਾ ਵੀਰ ਸੀ, ਜੋ ਕਿ ਕਰੀਬ 7 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ।ਜਿਵੇਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਮਾਹੌਲ ਗਮਗੀਨ ਹੋ ਗਿਆ,ਘਰ ਵਿੱਚ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਦਰਸ਼ਨਾਂ ਲਈ ਰੱਖਿਆ ਗਿਆ,ਸ਼ਹੀਦ ਦੀ ਭੈਣ ਨੇ ਜਜ਼ਬਾਤੀ ਹੁੰਦਿਆਂ ਆਪਣੇ ਸ਼ਹੀਦ ਭਰਾ ਦੇ ਸਿਹਰਾ ਬੰਦੀ ਕੀਤੀ, ਜਿਸ ਤੋਂ ਬਾਅਦ ਫੌਜੀ ਟੁਕੜੀ ਨੇ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਫੌਜ ਦੀ ਗੱਡੀ ਵਿੱਚ ਸਰਕਾਰੀ ਸਨਮਾਨਾਂ ਨਾਲ ਸ਼ਮਸਾਨਘਾਟ ਵਿੱਚ ਲਿਆਂਦਾ ਜਿੱਥੇ ਫੌਜ ਵੱਲੋਂ ਸਲਾਮੀ ਦੇਣ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਮ੍ਰਿਤਕ ਦੇ ਪਿਤਾ ਅਤੇ ਭੈਣ ਨੇ ਅਗਨੀ ਭੇਟ ਕੀਤੀ। ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹੀਦ ਜੁਗਰਾਜ ਸਿੰਘ ਬਹੁਤ ਬਹਾਦਰ ਸੀ ਤੇ ਆਖਰ ਤੱਕ ਉਹ ਮੌਤ ਨਾਲ ਜ਼ਿੰਦਗੀ ਦੀ ਲੜਾਈ ਲੜਦਾ ਰਿਹਾ।

 

ਸ਼ਹੀਦ ਦੀ ਭੈਣ ਨੇ ਦੱਸਿਆਂ ਕਿ ਉਸ ਦਾ ਭਰਾ ਪਰਿਵਾਰ ਦੀ ਬਹੁਤ ਫ਼ਿਕਰ ਕਰਦਾ ਸੀ ਤੇ ਮੈਨੂੰ ਛੁੱਟੀ ਆਉਣ ਸਮੇਂ ਹੀ ਮਿਲਦਾ ਸੀ। ਮੇਰੇ ਤੋਂ ਨਵੇਂ ਬਣ ਰਹੇ ਘਰ ਦੀਆਂ ਵੀਡੀੳ ਮੰਗਵਾ ਮੰਗਵਾ ਕੇ ਦੇਖਦਾ ਰਹਿੰਦਾ। ਸ਼ਹੀਦ ਦੇ ਪਿਤਾ ਨੇ ਦੱਸਿਆ ਕਿ ਸ਼ਹੀਦ ਨੇ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਮੇਰੇ ਨਾਲ ਦਿਨ-ਰਾਤ ਦਿਹਾੜੀ ਕਰਕੇ ਮਿਹਨਤ ਕੀਤੀ ਤੇ ਆਪਣੀ ਭੈਣ ਦੀ ਪੜ੍ਹਾਈ ਲਈ ਰਾਤਾਂ ਨੂੰ ਵੀ ਕੰਮ ਕਰਦਾ ਸੀ।