ਝੋਨੇ ਦੀ ਬਿਜਾਈ ਸ਼ੁਰੂ, ਪਰ ਰਜਵਾਹਿਆਂ ਵਿੱਚ ਪਾਣੀ ਨਹੀ
topStorieshindi

ਝੋਨੇ ਦੀ ਬਿਜਾਈ ਸ਼ੁਰੂ, ਪਰ ਰਜਵਾਹਿਆਂ ਵਿੱਚ ਪਾਣੀ ਨਹੀ

 ਸਰਕਾਰੀ ਹੁਕਮਾਂ ਅਨੁਸਾਰ ਮਾਨਸਾ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਹੱਥਾਂ ਨਾਲ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ।

ਝੋਨੇ ਦੀ ਬਿਜਾਈ ਸ਼ੁਰੂ, ਪਰ ਰਜਵਾਹਿਆਂ ਵਿੱਚ ਪਾਣੀ ਨਹੀ

ਵਿਨੋਦ ਗੋਇਲ/ਮਾਨਸਾ: ਸਰਕਾਰੀ ਹੁਕਮਾਂ ਅਨੁਸਾਰ ਮਾਨਸਾ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਹੱਥਾਂ ਨਾਲ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਨਹਿਰੀ ਵਿਭਾਗ ਵੱਲੋਂ ਰਜਵਾਹੇ ਦੀ ਸਫਾਈ ਕਰਵਾਏ ਜਾਣ ਦੇ ਚੱਲਦਿਆਂ ਰਜਵਾਹੇ ਵਿੱਚ ਪਾਣੀ ਨਾ ਹੋਣ ਅਤੇ ਬਿਜਲੀ ਵਿਭਾਗ ਦੀ ਲੁੱਕਣ-ਮੀਚੀ ਕਾਰਨ ਕਿਸਾਨ ਪਰੇਸ਼ਾਨ ਹਨ। ਕਿਸਾਨ ਫ਼ਸਲ ਦੀ ਬਿਜਾਈ ਲਈ ਜ਼ਮੀਨ ਨੂੰ ਕੱਦੂ ਕਰਨ ਅਤੇ ਝੋਨੇ ਦੀ ਬਿਜਾਈ ਕਰਨ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਨੂੰ ਮਜ਼ਬੂਰ ਹਨ।
 

ਪੰਜਾਬ ਸਰਕਾਰ ਵੱਲੋਂ 10 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਦੇ ਹੁਕਮ ਨੂੰ ਮੰਨਦੇ ਹੋਏ ਕਿਸਾਨਾਂ ਨੇ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਮਾਨਸਾ ਦੇ ਪਿੰਡ ਠੂਠਿਆਂਵਾਲੀ ਨੇੜਿਓਂ ਲੰਘਦੇ ਰਜਵਾਹੇ ਵਿੱਚ ਨਹਿਰੀ ਵਿਭਾਗ ਵੱਲੋਂ ਸਫਾਈ ਕਰਵਾਉਣ ਦੇ ਚੱਲਦਿਆਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਖੇਤ ਤਿਆਰ ਕਰਨ ਅਤੇ ਝੋਨੇ ਦੀ ਬਿਜਾਈ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ।
 

ਉਥੇ ਹੀ 8 ਘੰਟੇ ਬਿਜਲੀ ਦੇਣ ਦੇ ਭਰੋਸੇ ਤੋਂ ਬਾਅਦ ਬਿਜਲੀ ਵਿਭਾਗ ਦੀ ਲੁੱਕਣ-ਮੀਚੀ ਵੀ ਜਾਰੀ ਹੈ। ਕਿਸਾਨ ਗੋਰਾ ਸਿੰਘ, ਹਰਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਕਿਸਾਨਾਂ ਨੂੰ 10 ਜੂਨ ਤੋਂ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਦੇਣੀ ਸੀ, ਪਰ ਪਹਿਲੇ ਦਿਨ ਸਿਰਫ 4 ਘੰਟੇ ਹੀ ਬਿਜਲੀ ਦਿੱਤੀ ਗਈ ਅਤੇ ਉਸ ਵਿੱਚ ਵੀ ਕਈ ਵਾਰ ਕੱਟ ਲਗਾਏ ਗਏ। ਉਨ੍ਹਾਂ ਕਿਹਾ ਕਿ ਕਿਸਾਨ ਖੇਤਾਂ ਵਿੱਚ ਬੈਠੇ ਰਹਿ ਗਏ ਅਤੇ ਵਿਭਾਗ ਵੱਲੋਂ ਕੋਈ ਉਚਿਤ ਜਵਾਬ ਨਾ ਮਿਲਣ ਕਾਰਨ ਕਿਸਾਨ ਸ਼ਸ਼ੋਪੰਜ ਵਿੱਚ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਗੱਲ ਨਹਿਰੀ ਵਿਭਾਗ ਦੀ ਕਰੀਏ ਤਾਂ ਪਿੰਡ ਠੂਠਿਆਂਵਾਲੀ ਨੇੜਿਓਂ ਲੰਘਦੇ ਰਜਬਾਹੇ ਤੋਂ ਕਈ ਪਿੰਡਾਂ ਦੇ ਕਿਸਾਨਾਂ ਨੂੰ ਲਾਭ ਮਿਲਦਾ ਹੈ, ਪਰ ਨਹਿਰੀ ਵਿਭਾਗ ਵੱਲੋਂ ਇਸ ਦੀ ਸਫਾਈ ਕਰਵਾਉਣ ਕਾਰਨ ਇਹ ਖਾਲੀ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿਸਾਨਾਂ ਨੂੰ ਪਾਣੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਉਸ ਸਮੇਂ ਵਿਭਾਗ ਇਸ ਦੀ ਸਫਾਈ ਕਰਵਾ ਰਿਹਾ ਹੈ।

ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਨਾ ਮਿਲਣ ਦੇ ਕਾਰਨ ਜ਼ਮੀਨ ਨੂੰ ਕੱਦੂ ਕਰਨ ਅਤੇ ਝੋਨੇ ਦੀ ਬਿਜਾਈ ਲਈ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਨੂੰ ਮਜਬੂਰ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਬਿਜਾਈ ਲਈ ਨਾ ਤਾਂ ਪਾਣੀ ਮਿਲ ਰਿਹਾ ਹੈ ਅਤੇ ਨਾ ਹੀ ਬਿਜਲੀ ਮਿਲ ਰਹੀ ਹੈ ਅਤੇ ਡੀਜਲ ਦਾ ਰੇਟ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੋਨੇ ਦੇ ਸਮਰਥਨ ਮੁੱਲ ਵਿੱਚ ਸਿਰਫ਼਼ 72 ਰੁਪਏ ਵਾਧਾ ਕੀਤਾ ਹੈ, ਜਿਸ ਕਾਰਨ ਕਿਸਾਨਾਂ ਨੂੰ ਚਾਰੇ ਪਾਸਿਓਂ ਮਾਰ ਪੈ ਰਹੀ ਹੈ।

Trending news