India-Canada Relations: ਦੱਸ ਦਈਏ ਕਿ ਕੈਨੇਡਾ ਵੱਲੋਂ ਇੱਕ ਭਾਰਤੀ ਡਿਪਲੋਮੈਟ ਨੂੰ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਦੇ ਜਵਾਬ ਵਿੱਚ ਭਾਰਤ ਵੱਲੋਂ ਵੀ ਇੱਕ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਸੀ।
Trending Photos
Canada Travel Advisory for India news in Punjabi: ਜਿੱਥੇ ਭਾਰਤ ਅਤੇ ਕੈਨੇਡਾ ਵਿਚਕਾਰ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ਜਾ ਰਿਹਾ ਹੈ, ਉੱਥੇ ਕੈਨੇਡਾ ਵੱਲੋਂ ਹਾਲ ਹੀ ਵਿੱਚ ਭਾਰਤ ਲਈ ਨਵੀਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। (India-Canada Relations)
ਕੈਨੇਡਾ ਵੱਲੋਂ ਮੰਗਲਵਾਰ ਨੂੰ ਆਪਣੇ ਨਾਗਰਿਕਾਂ ਲਈ ਭਾਰਤ ਨਾਲ ਜੁੜੀ ਨਵੀਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਐਡਵਾਈਜ਼ਰੀ ਵਿੱਚ "ਸੁਰੱਖਿਆ ਸਥਿਤੀ ਦੇ ਕਾਰਨ" ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਯਾਤਰਾ ਤੋਂ ਬਚਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਐਡਵਾਈਜ਼ਰੀ ਉਦੋਂ ਜਾਰੀ ਕੀਤੀ ਗਈ ਹੈ ਜਦੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਟਕਰਾਅ ਵਧ ਗਿਆ ਹੈ। ਬੀਤੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੋਸ਼ ਲਾਇਆ ਗਿਆ ਕਿ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ। ਦੂਜੇ ਪਾਸੇ ਭਾਰਤ ਵੱਲੋਂ ਕੈਨੇਡਾ ਦੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।
ਇਸਦੇ ਨਾਲ ਹੀ ਕੈਨੇਡਾ ਵੱਲੋਂ ਇੱਕ ਭਾਰਤੀ ਡਿਪਲੋਮੈਟ ਨੂੰ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਦੇ ਜਵਾਬ ਵਿੱਚ ਭਾਰਤ ਵੱਲੋਂ ਵੀ ਇੱਕ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਸੀ।
ਕੈਨੇਡਾ ਦੀ ਟਰੈਵਲ ਐਡਵਾਈਜ਼ਰੀ ਵਿੱਚ ਕੀ ਲਿਖਿਆ ਹੈ?
ਕੈਨੇਡਾ ਨੇ ਆਪਣੀ ਟਰੈਵਲ ਐਡਵਾਈਜ਼ਰੀ 'ਚ ਸੁਰੱਖਿਆ ਸਥਿਤੀ ਦੇ ਕਾਰਨ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਯਾਤਰਾ ਤੋਂ ਬਚਣ ਲਈ ਲਿਖਿਆ ਹੈ। ਉਨ੍ਹਾਂ ਵੱਲੋਂ ਅੱਤਵਾਦ, ਕੱਟੜਪੰਥ, ਨਾਗਰਿਕ ਅਸ਼ਾਂਤੀ ਅਤੇ ਅਗਵਾ ਦਾ ਖਤਰਾ ਵੀ ਜਤਾਇਆ ਗਿਆ ਹੈ। ਇਸ ਸਲਾਹ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੀ ਯਾਤਰਾ ਜਾਂ ਇਸ ਦੇ ਅੰਦਰ ਦੀ ਯਾਤਰਾ ਸ਼ਾਮਲ ਨਹੀਂ ਹੈ।
ਇਹ "ਭਾਰਤ ਲਈ ਐਡਵਾਈਜ਼ਰੀ, ਉੱਚ ਪੱਧਰੀ ਸਾਵਧਾਨੀ ਵਰਤੋ" ਵਜੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਐਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਹੈ ਕਿ "ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਝੜਪਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ ਅਤੇ ਸੁਰੱਖਿਆ ਬਲਾਂ 'ਤੇ ਅੱਤਵਾਦੀ ਹਮਲਿਆਂ ਦੇ ਨਤੀਜੇ ਵਜੋਂ ਆਮ ਨਾਗਰਿਕ ਮਾਰੇ ਗਏ ਹਨ। ਕਿਸੇ ਵੀ ਸਮੇਂ ਹੋਰ ਹਮਲੇ ਹੋ ਸਕਦੇ ਹਨ।"
ਉੱਤਰ-ਪੂਰਬ ਵੱਲ ਯਾਤਰਾ ਕਰਨ ਬਾਰੇ ਚੇਤਾਵਨੀ
ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਮਨੀਪੁਰ ਦੀ ਯਾਤਰਾ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ "ਕਈ ਕੱਟੜਪੰਥੀ ਸਮੂਹ ਉੱਤਰ-ਪੂਰਬੀ ਸੂਬਿਆਂ ਜਿਵੇਂ ਅਸਾਮ ਅਤੇ ਮਨੀਪੁਰ ਵਿੱਚ ਸਰਗਰਮ ਹਨ ਅਤੇ ਉਹ ਨਿਯਮਿਤ ਤੌਰ 'ਤੇ ਸਥਾਨਕ ਸਰਕਾਰਾਂ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਕੈਨੇਡਾ ਵਿੱਚ ਸਰਗਰਮ ਵੱਖਵਾਦੀ ਜਥੇਬੰਦੀਆਂ
ਦੱਸ ਦਈਏ ਕਿ ਭਾਰਤੀ ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਤਵਾਦੀ ਸਮੂਹਾਂ ਦਾ ਸਮਰਥਨ ਕਰਨ ਵਾਲੇ ਘੱਟੋ-ਘੱਟ 9 ਵੱਖਵਾਦੀ ਸੰਗਠਨਾਂ ਦੇ ਕੈਨੇਡਾ ਵਿੱਚ ਅੱਡੇ ਹਨ ਅਤੇ ਕਈਆਂ ਲਈ ਦੇਸ਼ ਨਿਕਾਲੇ ਦੀਆਂ ਬੇਨਤੀਆਂ ਦੇ ਬਾਵਜੂਦ ਕੈਨੇਡਾ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਸੰਗਠਨ ਜਿਵੇਂ ਕਿ ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂਐਸਓ), ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ), ਸਿੱਖਸ ਫਾਰ ਜਸਟਿਸ (ਐਸਐਫਜੇ) ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਕਥਿਤ ਤੌਰ 'ਤੇ ਪਾਕਿਸਤਾਨ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: India-Canada Relations: ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਅਮਰੀਕਾ ਤੋਂ ਆਇਆ ਵੱਡਾ ਬਿਆਨ, ਜਾਣੋ ਕੀ ਕਿਹਾ
ਇਹ ਵੀ ਪੜ੍ਹੋ: India-Canada Relations: 'ਭਾਰਤ ਨਾਲ ਕੈਨੇਡਾ ਦੇ ਸਬੰਧ ਹੁਣ ਵਿਗੜਨ ਵਾਲੇ ਹਨ', ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਵੱਡਾ ਬਿਆਨ