Stubble Burning Reason: ਪਰਾਲੀ ਸਾੜਨਾ ਇੱਕ ਗ਼ਲਤ ਰਵਾਇਤ ਹੈ ਤੇ ਇਸ ਦੇ ਨਤੀਜੇ ਹਰ ਤਰ੍ਹਾਂ ਦੇ ਜੀਵਨ ਲਈ ਖ਼ਤਰਨਾਕ ਹਨ। ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
Trending Photos
Stubble Burning Reason: ਪਰਾਲੀ ਸਾੜਨਾ ਇੱਕ ਗ਼ਲਤ ਰਵਾਇਤ ਹੈ ਤੇ ਇਸ ਦੇ ਨਤੀਜੇ ਹਰ ਤਰ੍ਹਾਂ ਦੇ ਜੀਵਨ ਲਈ ਖ਼ਤਰਨਾਕ ਹਨ। ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਵਾਤਾਵਰਨ ਨੂੰ ਪਲੀਤ ਕਰਨ ਵਾਲੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਮਿੱਟੀ, ਪਾਣੀ, ਹਵਾ ਦੇ ਬਚਾਅ ਦੇ ਪੱਖ ਵਿੱਚ ਕੰਮ ਕਰਨ ਵਾਲੇ ਕਿਸਾਨਾਂ, ਪੰਚਾਇਤਾਂ ਤੇ ਹੋਰ ਜਥੇਬੰਦੀਆਂ ਦੇ ਕੰਮਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਹਰੀ ਕ੍ਰਾਂਤੀ ਮਗਰੋਂ ਰਹਿੰਦ-ਖੂੰਹਦ ਦੀ ਸਮੱਸਿਆ ਹੋਈ ਪੈਦਾ
ਦੇਸ਼ ਦੇ ਸਭ ਤੋਂ ਉਪਜਾਊ ਤੇ ਸਿੰਚਾਈ ਵਾਲੇ ਉੱਤਰ-ਪੱਛਮੀ ਭਾਰਤੀ ਮੈਦਾਨੀ ਖੇਤਰ ਵਿੱਚ ਹਰੀ ਕ੍ਰਾਂਤੀ ਦੇ ਦੌਰ (1967-1975) ਦੌਰਾਨ, ਰਾਸ਼ਟਰੀ ਨੀਤੀ ਨਿਰਮਾਤਾਵਾਂ ਦੁਆਰਾ ਸਪਾਂਸਰ ਕੀਤੇ ਝੋਨੇ-ਕਣਕ ਦੇ ਫਸਲੀ ਚੱਕਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਲਗਭਗ 1 ਲੱਖ ਕਰੋੜ ਰੁਪਏ ਦੀ ਸਾਲਾਨਾ ਬਰਾਮਦ ਨੂੰ ਯਕੀਨੀ ਬਣਾਇਆ ਹੈ ਪਰ ਧਰਤੀ ਹੇਠਲੇ ਪਾਣੀ ਦੀ ਗੰਭੀਰ ਕਮੀ ਤੇ ਵਾਤਾਵਰਣ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਵਧੀਆਂ ਹਨ।
ਉੱਤਰ ਭਾਰਤ 'ਚ ਪਰਾਲੀ ਸਾੜਨ ਦੀ ਸਮੱਸਿਆ ਬਣੀ ਗੰਭੀਰ
ਫ਼ਸਲੀ ਵਿਭਿੰਨਤਾ ਲਈ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਆਦਿ ਰਾਜਾਂ ਵਿੱਚ ਲਗਭਗ 70 ਲੱਖ ਹੈਕਟੇਅਰ ਰਕਬੇ 'ਤੇ ਝੋਨਾ-ਕਣਕ ਫ਼ਸਲੀ ਚੱਕਰ ਅਪਣਾਇਆ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਅਨੁਕੂਲ ਮੌਸਮ ਤੇ ਆਰਥਿਕ ਸਥਿਤੀਆਂ ਹਨ।
ਉੱਤਰ-ਪੱਛਮੀ ਭਾਰਤ ਦੇ ਖੇਤਰਾਂ ਵਿੱਚ, ਝੋਨੇ-ਕਣਕ ਦੇ ਫਸਲੀ ਚੱਕਰ ਵਿੱਚ ਪ੍ਰਤੀ ਏਕੜ 40 ਕੁਇੰਟਲ ਫਸਲਾਂ ਦੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਜਿਸ ਵਿੱਚੋਂ ਅੱਧੀ ਫ਼ਸਲ ਦੀ ਰਹਿੰਦ-ਖੂੰਹਦ 20 ਕੁਇੰਟਲ ਪ੍ਰਤੀ ਏਕੜ ਹੈ ਭਾਵ ਕਣਕ ਦੀ ਪਰਾਲੀ ਦਾ ਪ੍ਰਬੰਧਨ ਕਿਸਾਨਾਂ ਲਈ ਕੋਈ ਖਾਸ ਸਮੱਸਿਆ ਨਹੀਂ ਹੈ। ਕਿਉਂਕਿ ਕਣਕ ਦੀ ਪਰਾਲੀ ਪਸ਼ੂਆਂ ਦੀ ਖੁਰਾਕ ਵਜੋਂ ਲਾਹੇਵੰਦ ਹੈ ਤੇ ਅਗਲੀ ਫ਼ਸਲ ਦੀ ਬਿਜਾਈ ਲਈ ਤਿਆਰ ਕਰਨ ਲਈ ਕਾਫ਼ੀ ਸਮਾਂ (50-60 ਦਿਨ) ਹੁੰਦਾ ਹੈ, ਕਿਸਾਨ ਕਣਕ ਦੀ ਪਰਾਲੀ ਨੂੰ ਆਸਾਨੀ ਨਾਲ ਸੰਭਾਲ ਲੈਂਦੇ ਹਨ।
ਇਹ ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਸਮੇਤ ਜੰਮੂ ਤੋਂ ਕੋਲਕਾਤਾ ਤੱਕ ਦੇ ਇੱਕ ਵੱਡੇ ਖੇਤਰ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਪੈਦਾ ਕਰਦਾ ਹੈ। ਜਿਸ ਕਾਰਨ ਨਾ ਸਿਰਫ਼ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ।
ਪੰਜਾਬ ਤੇ ਹਰਿਆਣਾ ਦੀ ਪਰਾਲੀ ਦੇ ਮੁੱਦੇ ਉਪਰ ਕਾਫੀ ਸਿਆਸਤ ਹੁੰਦੀ ਹੈ। ਝੋਨੇ ਦੇ ਸੀਜ਼ਨ ਦੌਰਾਨ ਦਿੱਲੀ ਵਿੱਚ ਹੋਣ ਵਾਲੇ ਪ੍ਰਦੂਸ਼ਣ ਲਈ ਹਮੇਸ਼ਾ ਪੰਜਾਬ ਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਪਰਾਲੀ ਸਾੜਨ ਦੇ ਸਭ ਤੋਂ ਵੱਡੇ ਕਾਰਨ
ਪਰ ਬਾਕੀ ਬਚੀ ਅੱਧੀ ਫਸਲ ਯਾਨੀ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਸਾਲਾਂ ਤੋਂ ਕਿਸਾਨਾਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਕਿਉਂਕਿ ਝੋਨੇ ਦੀ ਪਰਾਲੀ ਆਮ ਤੌਰ 'ਤੇ ਪਸ਼ੂਆਂ ਦੇ ਚਾਰੇ ਲਈ ਲਾਹੇਵੰਦ ਨਹੀਂ ਹੁੰਦੀ ਅਤੇ ਅਗਲੀ ਫ਼ਸਲ ਦੀ ਬਿਜਾਈ ਲਈ ਤਿਆਰ ਹੋਣ ਲਈ ਸਿਰਫ਼ 20 ਦਿਨਾਂ ਤੋਂ ਵੀ ਘੱਟ ਸਮਾਂ ਹੁੰਦਾ ਹੈ, ਇਸ ਲਈ ਝੋਨੇ ਦੀ ਕਟਾਈ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਦੇ ਕਿਸਾਨ ਵੱਡੀ ਮਾਤਰਾ ਵਿੱਚ ਪਰਾਲੀ ਨੂੰ ਅੱਗ ਦਾ ਹਵਾਲੇ ਕਰ ਦਿੰਦੇ ਹਨ।
ਝੋਨੇ ਤੇ ਕਣਕ ਦੇ ਫ਼ਸਲੀ ਚੱਕਰ ਵਾਲੇ ਕਿਸਾਨਾਂ ਨੂੰ ਵੀ ਕਣਕ ਦੀ ਬਿਜਾਈ ਕਰਨ ਲਈ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਜਲਦੀ ਖੇਤ ਖਾਲੀ ਕਰਨਾ ਪੈਂਦਾ ਹੈ। ਅਕਤੂਬਰ ਦੇ ਸ਼ੁਰੂ ਤੋਂ ਲੈ ਕੇ 15 ਜਾਂ 20 ਨਵੰਬਰ ਤੱਕ ਦੂਜੀ ਫ਼ਸਲ ਦੀ ਬਿਜਾਈ ਵਿੱਚ ਬਹੁਤਾ ਸਮਾਂ ਨਹੀਂ ਬਚਦਾ। ਇਹ ਮਿਆਦ ਸਿਰਫ਼ 40 ਤੋਂ 45 ਦਿਨਾਂ ਤੱਕ ਰਹਿੰਦੀ ਹੈ।
ਇਸ ਲਈ ਕਿਸਾਨ ਹਾੜ੍ਹੀ ਦੀ ਫ਼ਸਲ ਦੀ ਤਿਆਰੀ ਲਈ ਕਾਹਲੀ ਵਿੱਚ ਪਰਾਲੀ ਸਾੜਦੇ ਹਨ। ਕਿਉਂਕਿ ਉਨ੍ਹਾਂ ਨੂੰ ਹਾੜ੍ਹੀ ਦੀ ਫ਼ਸਲ ਸਮੇਂ ਸਿਰ ਬੀਜਣ ਦਾ ਇਹ ਸਭ ਤੋਂ ਆਸਾਨ ਤਰੀਕਾ ਲੱਗਦਾ ਹੈ। ਪਹਿਲਾਂ ਬਹੁਤੇ ਕਿਸਾਨ ਦੁਧਾਰੂ ਪਸ਼ੂ ਪਾਲਦੇ ਸਨ ਤੇ ਤੂੜੀ ਨੂੰ ਚਾਰੇ ਵਜੋਂ ਵਰਤਦੇ ਸਨ ਪਰ ਅੱਜ ਕੱਲ੍ਹ ਲੋਕ ਘੱਟ ਦੁਧਾਰੂ ਪਸ਼ੂ ਪਾਲ ਰਹੇ ਹਨ। ਪਰਾਲੀ ਨੂੰ ਸਾੜਨ ਲਈ ਕਿਸਾਨਾਂ ਵਿੱਚ ਜਾਗਰੂਕਤਾ ਦੀ ਘਾਟ ਸਭ ਤੋਂ ਵੱਡਾ ਕਾਰਨ ਹੈ। ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਉਣ ਤੋਂ ਇਲਾਵਾ ਇਸ ਨੂੰ ਨਸ਼ਟ ਕਰਨ ਦੇ ਹੋਰ ਤਰੀਕੇ ਮੁਕਾਬਲਤਨ ਮਹਿੰਗੇ ਹਨ।
ਧੂੰਏਂ ਕਾਰਨ ਲੋਕ ਭਿਆਨਕ ਬਿਮਾਰੀਆਂ ਦੀ ਲਪੇਟ 'ਚ ਆ ਰਹੇ
ਪਰਾਲੀ ਦੇ ਸਾੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏਂ ਨਾਲ ਸਾਹ ਲੈਣ 'ਚ ਤਕਲੀਫ਼, ਖੰਘ, ਜ਼ੁਕਾਮ, ਤਪਾਦਿਕ, ਦਮਾ, ਐਲਰਜੀ, ਸਾਹ ਨਾਲੀ ਦਾ ਕੈਂਸਰ, ਗਲੇ ਦੀ ਖ਼ਰਾਬੀ, ਹਲਕਾ ਬੁਖ਼ਾਰ, ਸਿਰ ਦਰਦ, ਟਾਈਫਾਈਡ, ਫੇਫੜਿਆਂ 'ਚ ਨੁਕਸ, ਅੱਖਾਂ 'ਚ ਜਲਣ, ਚਮੜੀ 'ਤੇ ਖਾਰਸ਼ ਆਦਿ। ਪਿਛਲੇ ਦਸਾਂ ਸਾਲਾਂ ਦੌਰਾਨ ਪੰਜਾਬ 'ਚ ਨਾੜ ਤੇ ਝੋਨੇ ਦੀ ਪਰਾਲੀ ਸਾੜਨ ਨਾਲ ਅੱਖਾਂ ਦੀ ਜਲਣ ਤੇ ਸਾਹ ਦੇ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਇਨ੍ਹਾਂ ਬਿਮਾਰੀਆਂ ਨਾਲ ਮਨੁੱਖ ਦੀ ਉਮਰ ਘੱਟ ਰਹੀ ਹੈ। ਇਕ ਸਰਵੇਖਣ ਅਨੁਸਾਰ ਪਿੰਡਾਂ 'ਚ 80 ਫ਼ੀਸਦੀ ਲੋਕ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਪਾਏ ਗਏ। ਪਰਾਲੀ ਨੂੰ ਅੱਗ ਲਾ ਕੇ ਸਾੜਨ ਨਾਲ ਵੱਡੀ ਮਾਤਰਾ 'ਚ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੋਣ ਕਾਰਨ ਮਨੁੱਖ 'ਚ ਸਾਹ, ਅੱਖਾਂ 'ਚ ਜਲਨ ਤੇ ਚਮੜੀ ਦੇ ਰੋਗਾਂ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।
ਹਵਾ ਪ੍ਰਦੂਸ਼ਣ ਦੌਰਾਨ ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾਣ
ਪਰਾਲੀ ਤੇ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਡਾਕਟਰ ਸਲਾਹ ਦਿੰਦੇ ਹਨ ਕਿ ਲੋਕਾਂ ਨੂੰ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਘਰਾਂ ਅੰਦਰ ਰਹਿ ਕੇ ਕਸਰਤ ਕਰਨੀ ਚਾਹੀਦੀ ਹੈ। ਜ਼ਿਆਦਾ ਪ੍ਰਦੂਸ਼ਣ ਵਾਲੇ ਦਿਨਾਂ ਵਿੱਚ ਸਵੇਰ ਦੀ ਸੈਰ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇ ਹੋ ਸਕੇ ਤਾਂ ਲੋਕ ਘਰਾਂ ਦੇ ਏਅਰ ਪਿਊਰੀਫ਼ਾਇਰ ਦੀ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਸਿਫ਼ਾਰਸ਼ ਕੀਤੀ ਕਿ ਸਾਹ ਦੀ ਸਮੱਸਿਆ ਵਾਲੇ ਕਿਸੇ ਵੀ ਵਿਅਕਤੀ ਨੂੰ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਜਾਣ ਵਾਲੇ ਐੱਨ95 ਮਾਸਕ ਪਹਿਨਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਸਮੇਂ-ਸਮੇਂ ਉਪਰ ਡਾਕਟਰਾਂ ਕੋਲੋਂ ਚੈੱਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਤੇ ਹਵਾ ਪ੍ਰਦੂਸ਼ਣ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗਰਭ ਅਵਸਥਾ ਦੌਰਾਨ ਔਰਤਾਂ ਦੀ ਬਿਮਾਰੀਆਂ ਪ੍ਰਤੀ ਪ੍ਰਤੀਰੋਧਕ ਸ਼ਕਤੀ ਬਹੁਤ ਘੱਟ ਜਾਂਦੀ ਹੈ, ਜਿਸ ਕਾਰਨ ਉਹ ਪ੍ਰਦੂਸ਼ਣ ਕਾਰਨ ਇਨਫੈਕਸ਼ਨ, ਖ਼ਾਸ ਕਰਕੇ ਸਾਹ ਦੀ ਨਾਲੀ ਦੀਆਂ ਲਾਗਾਂ ਲਈ ਵਧੇਰੇ ਸੰਵੇਦਨਸ਼ੀਲ ਬਣ ਜਾਂਦੀਆਂ ਹਨ। ਪ੍ਰਦੂਸ਼ਣ ਮਾਂ ਦੀ ਸਿਹਤ ਤੋਂ ਇਲਾਵਾ ਭਰੂਣ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਵਾਹਨਾਂ ਤੇ ਪਟਾਕਿਆਂ ਉਤੇ ਕੰਟਰੋਲ ਦੀ ਜ਼ਰੂਰਤ
ਹਵਾ ਪ੍ਰਦੂਸ਼ਣ ਲਈ ਪੂਰੀ ਤਰ੍ਹਾਂ ਸਿਰਫ਼ ਪਰਾਲੀ ਦੇ ਧੂੰਏਂ ਨੂੰ ਜ਼ਿੰਮੇਵਾਰ ਠਹਿਰਾਉਣਾ ਵੀ ਜਾਇਜ਼ ਨਹੀਂ ਹੈ। ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਦੀਵਾਲੀ ਤੇ ਹੋਰ ਤਿਉਹਾਰ ਵੀ ਹੁੰਦੇ ਹਨ। ਇਸ ਦੌਰਾਨ ਲੋਕਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਵਿੱਚ ਵੀ ਕਾਫੀ ਇਜ਼ਾਫਾ ਹੁੰਦਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਇਨ੍ਹਾਂ ਦਿਨਾਂ ਵਿੱਚ ਵਾਹਨ ਘੱਟ ਕੱਢਣੇ ਚਾਹੀਦੇ ਹਨ ਤਾਂ ਕਿ ਜਿੰਨਾ ਹੋ ਸਕੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕੇ। ਡੀਜ਼ਲ ਤੇ ਹੋਰ ਵਾਹਨਾਂ ਦੀ ਕਮੀ ਨਾਲ ਪ੍ਰਦੂਸ਼ਣ ਉਤੇ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੈਕਟਰੀਆਂ ਵੱਲੋਂ ਪ੍ਰਦੂਸ਼ਣ ਦੇ ਨਿਯਮਾਂ ਸਬੰਧੀ ਸਮੇਂ-ਸਮੇਂ ਉਪਰ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ।
ਸਰਕਾਰ ਨੇ ਪਰਾਲੀ ਨਾ ਸਾੜਨ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼
ਇਸ ਸਬੰਧੀ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਕੰਬਾਈਨ ਹਾਰਵੈਸਟਰ ਮਸ਼ੀਨ ਵਿੱਚ ਸੁਪਰ ਐਸਟਰਾ ਮਸ਼ੀਨ ਨੂੰ ਜੋੜਿਆ ਗਿਆ ਹੈ ਅਤੇ ਇਸ ਨੂੰ ਸਰਕਾਰ ਵੱਲੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਮਸ਼ੀਨ ਕੰਬਾਈਨ ਹਾਰਵੈਸਟਰ ਨਾਲ ਜੁੜੀ ਹੋਈ ਹੈ, ਜਿਸ ਨਾਲ ਕੰਬਾਈਨ ਤੋਂ ਕਟਾਈ ਹੋਈ ਫ਼ਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਛੋਟੇ-ਛੋਟੇ ਟੁਕੜਿਆਂ ਵਿੱਚ ਖਿਲਾਰਿਆ ਜਾ ਸਕਦਾ ਹੈ। ਆਸਾਨੀ ਨਾਲ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ, ਜੋ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਰੁਝਾਨ ਨੂੰ ਖਤਮ ਕਰਦਾ ਹੈ ਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ।
ਇਸ ਨਾਲ ਕਟਾਈ ਦੌਰਾਨ ਰਹਿੰਦ-ਖੂੰਹਦ ਨੂੰ ਘੱਟ ਕੀਤਾ ਜਾ ਸਕਦਾ ਹੈ ਤੇ ਹੈਪੀ ਸੀਡਰ ਤੇ ਜ਼ੀਰੋ ਟਿਲੇਜ ਨਾਲ ਕਣਕ ਦੀ ਬਿਜਾਈ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ।
ਇਸ ਤੋਂ ਇਲਾਵਾ ਸਰਕਾਰਾਂ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਹੋਏ ਹਨ। ਪਰਾਲੀ ਨੂੰ ਅੱਗੇ ਲਗਾਉਣ ਵਾਲੇ ਕਿਸਾਨਾਂ ਦੀ ਰੈੱਡ ਐਂਟਰੀ ਅਤੇ ਚਲਾਨ ਕਰਨ ਸਬੰਧੀ ਹੁਕਮ ਜਾਰੀ ਹੋਏ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਸਹੂਲਤਾਂ ਬੰਦ ਕਰਨ ਸਬੰਧੀ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ : Punjab Stubble Burning Cases: ਪਰਾਲੀ ਸਾੜਨ ਦੇ ਮਾਮਲੇ 'ਚ ਅੰਮ੍ਰਿਤਸਰ ਸਭ ਤੋਂ ਅੱਗੇ, ਹੁਣ ਤੱਕ ਸਾਹਮਣੇ ਆਏ ਇੰਨੇ ਮਾਮਲੇ