Lok Sabha Election 2024: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਇੱਕ ਦਰਜਨ ਤੋਂ ਵੱਧ ਜਿਮਨੀ ਚੋਣਾਂ ਦੀ ਹੋਣ ਉਮੀਦ
Advertisement
Article Detail0/zeephh/zeephh2230970

Lok Sabha Election 2024: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਇੱਕ ਦਰਜਨ ਤੋਂ ਵੱਧ ਜਿਮਨੀ ਚੋਣਾਂ ਦੀ ਹੋਣ ਉਮੀਦ

Lok Sabha Election 2024: ਦੇਸ਼ ਭਰ ਵਿੱਚ 7 ਗੇੜਾਂ ਵਿੱਚ ਵੋਟਿੰਗ ਹੋਵੇਗੀ, ਪੰਜਾਬ ਵਿੱਚ ਅਖਿਰਲੇ ਗੇੜ ਦੌਰਾਨ ਵੋਟਾਂ ਪੈਣਗੀਆਂ। ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾਉਣ ਲਈ ਹਾਲੇ ਸਬਰ ਰੱਖਣਾ ਪਵੇਗਾ।

Lok Sabha Election 2024: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਇੱਕ ਦਰਜਨ ਤੋਂ ਵੱਧ ਜਿਮਨੀ ਚੋਣਾਂ ਦੀ ਹੋਣ ਉਮੀਦ

Lok Sabha Election 2024: ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ। ਸਾਰੀਆਂ ਪਾਰਟੀਆਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੋਣ ਮੈਦਾਨ ਵਿੱਚ ਉੱਤਰੀਆਂ ਹੋਈਆਂ ਹਨ। ਦੇਸ਼ ਭਰ ਵਿੱਚ 7 ਗੇੜਾਂ ਵਿੱਚ ਵੋਟਿੰਗ ਹੋਵੇਗੀ, ਪੰਜਾਬ ਵਿੱਚ ਅਖਿਰਲੇ ਗੇੜ ਦੌਰਾਨ ਵੋਟਾਂ ਪੈਣਗੀਆਂ। ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾਉਣ ਲਈ ਹਾਲੇ ਸਬਰ ਰੱਖਣਾ ਪਵੇਗਾ। ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ। ਕਈ ਥਾਂਵਾਂ 'ਤੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ। 

ਪੰਜਾਬ ਦੇ ਲੋਕਾਂ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਹੋਰ ਚੋਣਾਂ ਦੇਖਣੀਆਂ ਪੈ ਸਕਦੀਆਂ ਹਨ। ਦਰਅਸਲ ਪੰਜਾਬ ਵਿੱਚ ਕਈ ਪਾਰਟੀਆਂ ਨੇ ਅਜਿਹੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜੋ ਕਿਸੇ ਨਾ ਕਿਸੇ ਹਲਕੇ ਤੋਂ ਵਿਧਾਇਕ ਜਰੂਰ ਹਨ, ਅਜਿਹੇ ਵਿੱਚ ਜੋ ਮੌਜੂਦਾ ਵਿਧਾਇਕ ਜੇਕਰ ਲੋਕ ਸਭਾ ਚੋਣ ਜਿੱਤਦੇ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਇਕ ਦਰਜਨ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣ ਲਈ ਤਿਆਰ ਰਹਿਣਾ ਪਵੇਗਾ। 

ਆਓ ਇਕ ਝਾਤ ਮਾਰਦੇ ਹਾਂ ਉਨ੍ਹਾਂ ਲੀਡਰਾਂ 'ਤੇ ਜੋ ਚੋਣ ਮੈਦਾਨ ਵਿੱਚ ਉੱਤਰੇ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ 

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਤੋ ਵਿਧਾਇਕ ਹਨ। ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਉਤਾਰ ਦਿੱਤਾ ਗਿਆ ਹੈ। ਜੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਐਮ ਪੀ ਵਜੋਂ ਜਿੱਤ ਪ੍ਰਾਪਤ ਕਰਦੇ ਹਨ ਤਾਂ ਗਿੱਦੜਬਾਹਾ ਵਿਧਾਨ ਸਭਾ ਤੋਂ ਵਿਧਾਇਕ ਦੇ ਅਹੁਦੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਸਤੀਫਾ ਦੇਣਾ ਪਵੇਗਾ ਅਤੇ ਇਸ ਸੀਟ 'ਤੇ ਜਿਮਨੀ ਚੋਣ ਹੋਵੇਗੀ।

ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਇਸ ਸਮੇਂ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਹਨ। ਪਾਰਟੀ ਨੇ ਗੁਰਦਾਸਪੁਰ ਤੋਂ ਲੋਕ ਸਭਾ ਸੀਟ ਤੋਂ ਉਨ੍ਹਾਂ ਨੂੰ ਟਿਕਟ ਦਿੱਤੀ ਹੈ। ਸੁਖਜਿੰਦਰ ਸਿੰਘ ਰੰਧਾਵਾ ਇਸ ਸੀਟ 'ਤੇ ਕਾਫੀ ਜ਼ਿਆਦਾ ਤਾਕਤਵਾਰ ਉਮੀਦਵਾਰ ਮੰਨੇ ਜਾ ਰਹੇ ਹਨ। ਜੇ ਉਹ ਵੀ ਜਿੱਤੇ ਹਨ ਤਾਂ ਇਸ ਸੀਟ 'ਤੇ ਵੀ ਮੁੜ ਤੋਂ ਵਿਧਾਨ ਸਭਾ ਲਈ ਵੋਟਿੰਗ ਹੋਵੇਗੀ।

ਸੁਖਪਾਲ ਸਿੰਘ ਖਹਿਰਾ 

ਭਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਕਾਂਗਰਸ ਵੱਲੋਂ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਦੇ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ। ਸੰਗਰੂਰ ਜਿਸ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ, ਉਸ ਸੀਟ ਤੋਂ ਜੇਕਰ ਖਹਿਰਾ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੁੰਦੇ ਹਨ ਤਾਂ ਉਹਨਾਂ ਨੂੰ ਭਲੱਥ ਸੀਟ ਖਾਲੀ ਹੋ ਜਾਵੇਗੀ। ਜਿਸ 'ਤੇ ਮੁੜ ਤੋਂ ਚੋਣ ਹੋਵਗੀ।

ਗੁਰਮੀਤ ਸਿੰਘ ਮੀਤ ਹੇਅਰ

ਉੱਥੇ ਹੀ ਬਰਨਾਲਾ ਤੋਂ ਵਿਧਾਇਕ ਅਤੇ ਮੌਜੂਦਾ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਇੱਥੇ ਸੁਖਪਾਲ ਖਹਿਰਾ ਅਤੇ ਅਤੇ ਗੁਰਮੀਤ ਸਿੰਘ ਮੀਤ ਹੇਅਰ ਦੇ ਵਿਚਾਲੇ ਸਿੱਧੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਜੇਕਰ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕਰਦੇ ਨੇ ਤਾਂ ਉਹਨਾਂ ਨੂੰ ਬਰਨਾਲਾ ਤੋਂ ਵਿਧਾਇਕੀ ਛੱਡਣੀ ਪਵੇਗੀ।

ਗੁਰਮੀਤ ਸਿੰਘ ਖੁੱਡੀਆਂ 

ਬਾਦਲ ਪਰਿਵਾਰ ਦੇ ਗੜ ਵਿੱਚੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਗੁਰਮੀਤ ਸਿੰਘ ਖੁੱਡੀਆਂ ਜੋ ਇਸ ਸਮੇਂ ਮੌਜੂਦਾ ਸਤਾ ਵਿੱਚ ਕੈਬਨਟ ਮੰਤਰੀ ਹਨ। ਅਤੇ ਪਾਰਟੀ ਨੇ ਉਹਨਾਂ ਨੂੰ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਜੇਕਰ ਹਰਸਿਮਰਤ ਕੌਰ ਬਾਦਲ ਨੂੰ ਹਰਾ ਕੇ ਗੁਰਮੀਤ ਸਿੰਘ ਖੁੱਡੀਆਂ ਲੋਕ ਸਭਾ ਵਿੱਚ ਪਹੁੰਚਦੇ ਹਨ। ਤਾਂ ਲੰਬੀ ਵਿਧਾਨ ਸਭਾ ਦੇ ਲੋਕਾਂ ਨੂੰ ਜਿਮਨੀ ਚੋਣ ਲਈ ਤਿਆਰ ਰਹਿਣਾ ਹੋਵੇਗਾ।

ਡਾ ਬਲਵੀਰ ਸਿੰਘ

ਪੰਜਾਬ ਦੇ ਸਿਹਤ ਮੰਤਰੀ ਅਤੇ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਬਲਵੀਰ ਸਿੰਘ ਇਸ ਸਮੇਂ ਪਟਿਆਲਾ ਲੋਕ ਸਭਾ ਚੋਣ ਲੜ ਰਹੇ ਹਨ। ਉਨ੍ਹਾਂ ਦੀ ਟੱਕਰ ਭਾਜਪਾ ਆਗੂ ਪਰਨੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਐਨ.ਕੇ ਸ਼ਰਮਾ ਅਤੇ ਕਾਂਗਰਸ ਤੋਂ ਆਗੂ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ ਹੈ। ਪਰ ਜੇਕਰ ਡਾਕਟਰ ਬਲਵੀਰ ਸਿੰਘ ਇਸ ਸੀਟ ਤੋਂ ਜਿੱਤਣ ਦੇ ਵਿੱਚ ਕਾਮਯਾਬ ਹੁੰਦੇ ਹਨ ਤਾਂ ਉਹਨਾਂ ਨੂੰ ਵੀ ਪਟਿਆਲਾ ਦਿਹਾਤੀ ਵਿਧਾਨ ਸਭਾ ਛੱਡਣੀ ਪਵੇਗੀ।

ਲਾਲਜੀਤ ਭੁੱਲਰ 

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਭੱਟੀ ਹਲਕੇ ਤੋਂ ਵਿਧਾਨ ਸਭਾ ਦੇ ਵਿੱਚ ਪਹੁੰਚੇ ਲਾਲਜੀਤ ਭੁੱਲਰ ਇਸ ਸਮੇਂ ਪੰਥਕ ਸੀਟ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵਜੋਂ ਚੋਣ ਲੜ ਰਹੇ ਹਨ। ਜਿੱਥੇ ਮੁਕਾਬਲਾ ਕਾਫੀ ਦਿਲਚਸਪ ਦੇਖਣ ਨੂੰ ਮਿਲ ਰਿਹਾ ਹੈ।ਜੇਕਰ ਲਾਲ ਜੀਤ ਭੁੱਲਰ ਇਸ ਸੀਟ 'ਤੇ ਜਿੱਤਦ ਹਾਸਲ ਕਰਦੇ ਹਨ। ਤਾਂ ਪੱਟੀ ਵਿਧਾਨ ਸਭਾ ਹਲਕੇ ਦੀ ਸੀਟ 'ਤੇ ਮੁੜ ਤੋਂ ਚੋਣ ਹੋਵੇਗੀ।

ਕੁਲਦੀਪ ਸਿੰਘ ਧਾਲੀਵਾਲ 

2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਕੁਲਦੀਪ ਸਿੰਘ ਧਾਲੀਵਾਲ ਇਸ ਵਾਰ ਅੰਮ੍ਰਿਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਉਹਨਾਂ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਗੁਰਜੀਤ ਔਜਲਾ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਅਤੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਨਾਲ ਹੋਵੇਗਾ ਹਾਲਾਂਕਿ ਇਸ ਚਾਰ ਕੋਨੇ ਮੁਕਾਬਲੇ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜਨਤਾ ਫਤਵਾ ਦਿੰਦੀ ਹੈ ਤਾਂ ਉਹਨਾਂ ਨੂੰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਦੇ ਨਾਲ ਨਾਲ ਅਜਨਾਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਛੱਡਣੀ ਪਵੇਗੀ ਜਿਸ ਦੇ ਨਾਲ ਅਜਨਾਲਾ ਦੇ ਵਿੱਚ ਵੀ ਜਿਮਨੀ ਚੋਣ ਹੋਵੇਗੀ।

 

ਜਗਦੀਪ ਸਿੰਘ ਕਾਕਾ ਬਰਾੜ 

ਸ਼੍ਰੋਮਣੀ ਅਕਾਲੀ ਦਲ ਦੇ ਰੋਜੀ ਬਰਕੰਦੀ ਨੂੰ ਹਰਾ ਕੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ 40 ਮੁਕਤੀਆਂ ਦੀ ਧਰਤੀ ਮੁਕਤਸਰ ਸਾਹਿਬ ਵਿਧਾਨ ਸਭਾ ਤੋਂ ਜੇਤੂ ਰਹੇ ਜਗਦੀਪ ਸਿੰਘ ਕਾਕਾ ਬਰਾੜ 'ਤੇ ਪਾਰਟੀ ਵੱਲੋਂ ਇੱਕ ਹੋਰ ਵੱਡੇ ਜਿੰਮੇਵਾਰੀ ਦਿੰਦਿਆਂ ਉਹਨਾਂ ਨੂੰ ਫਿਰੋਜ਼ਪੁਰ ਲੋਕ ਸਭਾ ਚੋਣ ਦੇ ਲਈ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ। ਹਾਲਾਂਕਿ ਇਸ ਲੋਕ ਸਭਾ ਸੀਟ ਦੇ ਉੱਪਰ ਭਾਜਪਾ ਤੇ ਕਾਂਗਰਸ ਵੱਲੋਂ ਅਜੇ ਤੱਕ ਪੱਤੇ ਨਹੀਂ ਖੋਲੇ ਗਏ। ਪਰ ਸ਼੍ਰੋਮਣੀ ਅਕਾਲੀ ਦਲ ਦੇ ਨਰਦੇਵ ਸਿੰਘ ਬੋਬੀ ਮਾਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜੇਕਰ ਜਗਦੀਪ ਸਿੰਘ ਕਾਕਾ ਬਰਾੜ ਨੌ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਗੀ ਕਰਨ ਵਿੱਚ ਹਾਸਲ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਮੁਕਤਸਰ ਸਾਹਿਬ ਵਿਧਾਨ ਸਭਾ ਹਲਕਾ ਛੱਡਣਾ ਪਵੇਗਾ। ਜਿਸ ਦੇ ਨਾਲ ਮੁਕਤਸਰ ਸਾਹਿਬ ਦੇ ਵਿੱਚ ਵੀ ਜਿਮਨੀ ਚੋਣ ਦੇਖਣ ਨੂੰ ਮਿਲ ਸਕਦੀ ਹੈ।

ਅਮਨ ਸ਼ੇਰ ਸਿੰਘ ਸ਼ੈਰੀ ਕਲਸੀ

ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਾਲਸੀ ਨੂੰ ਆਮ ਆਦਮੀ ਪਾਰਟੀ ਵੱਲੋਂ ਮਾਝੇ ਦੇ ਗੁਰਦਾਸਪੁਰ ਹਲਕੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਜੇਕਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜਿੱਤਦੇ ਹਨ ਤਾਂ ਇਸ ਸੀਟ 'ਤੇ ਵੀ ਜਿਮਨੀ ਚੋਣ ਹੋ ਸਕਦੀ ਹੈ।

ਅਸ਼ੋਕ ਕੁਮਾਰ ਪਰਾਸ਼ਰ ਪੱਪੀ

ਲੁਧਿਆਣਾ ਕੇਂਦਰੀ ਤੋਂ 2022 ਵਿੱਚ ਜਿੱਤੇ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਨੂੰ ਆਮ ਆਦਮੀ ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਹੈ। ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਢਿੱਲੋ ਦੇ ਨਾਲ ਹੋਵੇਗਾ। ਜੇਕਰ ਇਨ੍ਹਾਂ ਦਿੱਗਜ ਆਗੂਆਂ ਨੂੰ ਹਰਾ ਕੇ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਜਿੱਤ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਦੀ ਥਾਂ ਲੁਧਿਆਣਾ ਕੇਂਦਰੀ ਵਿਧਾਨਸਭਾ ਹਲਕੇ ਦੀ ਵਾਗਡੋਰ ਕਿਸੇ ਹੋਰ ਵਿਅਕਤੀ ਦੇ ਹੱਥ ਦੇਣ ਲਈ ਮੁੜ ਤੋਂ ਚੋਣ ਹੋਵੇਗੀ।

ਸ਼ੀਤਲ ਅੰਗਰਾਲ

ਜਲੰਧਰ ਵੈਸਟ ਤੋਂ 2022 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤ ਪ੍ਰਾਪਤ ਕੀਤੇ ਸ਼ੀਤਲ ਅੰਗਰਾਲ ਨੇ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਵਿਧਾਇਕ ਤੋਂ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਲਈ ਜਲੰਧਰ ਵੈਸਟ ਹਲਕੇ 'ਤੇ ਜਿਮਨੀ ਚੋਣ ਹੋਣੀ ਤੈਅ ਹੈ।

ਡਾ. ਰਾਜ ਕੁਮਾਰ ਚੱਬੇਵਾਲ

ਕਾਂਗਰਸ ਦੀ ਟਿਕਟ 'ਤੇ ਵਿਧਾਨਸਭਾ ਹਲਕਾ ਚੱਬੇਵਾਲ ਤੋਂ ਜਿੱਤੇ ਡਾ. ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਪਾਰਟੀ ਅਤੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਜਿਸ ਕਰਕੇ ਚੱਬੇਵਾਲ ਵਿਧਾਨ ਸਭਾ ਹਲਕੇ 'ਤੇ ਵੀ ਜ਼ਿਮਨੀ ਚੋਣ ਹੋਵੇਗੀ।

Trending news