ਚੰਡੀਗੜ੍ਹ: ਪੰਜਾਬ ’ਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਿਮਾਚਲ ਪ੍ਰਦੇਸ਼ ਤੇ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਸੰਤੁਸ਼ਟ ਨਜ਼ਰ ਆਏ। ਬਾਜਵਾ ਨੇ 'ਆਪ' ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਦਿੱਲੀ ਅਤੇ ਪੰਜਾਬ ’ਚ ਵਿਖਾਏ ਸ਼ਾਸਨ ਦੇ ਮਾਡਲਾਂ ਨੂੰ ਵੇਚਣ ’ਚ ਅਸਫ਼ਲ ਰਹੀ ਹੈ। 


COMMERCIAL BREAK
SCROLL TO CONTINUE READING


ਉਨ੍ਹਾਂ CM ਮਾਨ ਨੂੰ ਸਲਾਹ ਦਿੰਦਿਆ ਕਿਹਾ ਕਿ, "ਮੁੱਖ ਮੰਤਰੀ ਲਈ ਹੁਣ ਸਮਾਂ ਆ ਗਿਆ ਹੈ ਕਿ ਉਹ ਪੰਜਾਬ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਸੁਲਝਾਉਣ ਲਈ ਆਪਣੀ ਪੂਰੀ ਊਰਜਾ ਅਤੇ ਹੁਨਰ ਪੰਜਾਬ ਲਈ ਕੇਂਦਰਿਤ ਕਰਨ। 



ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਹਾਂ ਨੇ ਗੁਜਰਾਤ ਅਤੇ ਹਿਮਾਚਲ ’ਚ ਦਿੱਲੀ ਅਤੇ ਪੰਜਾਬ ਦੇ ਮਾਡਲ ਨੂੰ ਵੇਚਣ ਲਈ ਪੂਰਾ ਜ਼ੋਰ ਲਾਇਆ। ਪਰ ਸੂਝਵਾਨ ਲੋਕਾਂ ਨੇ 'ਆਪ' ਆਗੂਆਂ ਦੁਆਰਾ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਗੁੰਮਰਾਹ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। 



ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਦੇ ਵਾਸੀਆਂ ਨੇ ਸਿੱਧ ਕਰ ਦਿੱਤਾ ਕਿ ਮੁਫ਼ਤ ਸਹੂਲਤਾਂ ਦਾ ਲਾਲਚ ਵੀ ਵੋਟਰਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਅਸਲ ’ਚ ਆਮ ਆਦਮੀ ਪਾਰਟੀ ਦੋਹਾਂ ਰਾਜਾਂ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣ ’ਚ ਅਸਫ਼ਲ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਸੂਬਿਆਂ ਨੂੰ ਸੰਭਾਲਣ ਦੇ ਯੋਗ ਹੈ। 
ਉੱਧਰ ਹਿਮਾਚਲ ’ਚ ਕਾਂਗਰਸ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਆਪ' ਪਾਰਟੀ ਨੂੰ ਆਤਮ-ਪੜਚੋਲ ਕਰਨ ਦੀ ਲੋੜ ਹੈ। 



ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਤਹਿਤ 'ਭਾਰਤ ਜੋੜੋ ਯਾਤਰਾ' ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਨੂੰ ਜ਼ਰੂਰ ਮਜ਼ਬੂਤ ​​ਕਰੇਗੀ। ਪਾਰਟੀ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਲੋਕ ਸਭਾ ਚੋਣਾਂ ’ਚ ਬਹੁਤਾ ਸਮਾਂ ਨਹੀਂ ਬਚਿਆ ਹੈ।


ਵੇਖੋ, ਪ੍ਰਤਾਪ ਸਿੰਘ ਬਾਜਵਾ ਦਾ 2024 ਲਈ ਵੱਡਾ ਬਿਆਨ